Guru Granth Sahib Logo
  
ਇਸ ਪਉੜੀ ਵਿਚ ਫਰਮਾਇਆ ਗਿਆ ਹੈ ਕਿ ਮਨੁਖ ਆਪਣੇ ਉਦਮ ਨਾਲ ਅਨੰਦ ਦੀ ਪ੍ਰਾਪਤੀ ਨਹੀਂ ਕਰ ਸਕਦਾ, ਕਿਉਂਕਿ ਦ੍ਰਿਸ਼ਟਮਾਨ ਮਾਇਕੀ ਪਸਾਰੇ ਦਾ ਭਰਮ ਕਿਸੇ ਦੀ ਪੇਸ਼ ਨਹੀਂ ਜਾਣ ਦਿੰਦਾ। ਜਿਨ੍ਹਾਂ ’ਤੇ ਪ੍ਰਭੂ ਕਿਰਪਾ ਕਰਦਾ ਹੈ, ਉਹ ਨਾਮ ਨਾਲ ਜੁੜ ਕੇ ਸਵਰ ਜਾਂਦੇ ਹਨ। ਮਨ ਨਿਰਮਲ ਹੋ ਜਾਂਦਾ ਹੈ। ਭਾਣੇ ਵਿਚ ਰਹਿਣਾ ਚੰਗਾ ਲੱਗਦਾ ਹੈ। ਅਨੰਦ ਦਾ ਅਨੁਭਵ ਹੋਣ ਲੱਗ ਪੈਂਦਾ ਹੈ।
ਬਾਬਾ  ਜਿਸੁ ਤੂ ਦੇਹਿ  ਸੋਈ ਜਨੁ ਪਾਵੈ
ਪਾਵੈ ਸੋ ਜਨੁ  ਦੇਹਿ ਜਿਸ ਨੋ   ਹੋਰਿ ਕਿਆ ਕਰਹਿ ਵੇਚਾਰਿਆ
ਇਕਿ ਭਰਮਿ ਭੂਲੇ  ਫਿਰਹਿ ਦਹਦਿਸਿ   ਇਕਿ ਨਾਮਿ ਲਾਗਿ ਸਵਾਰਿਆ
ਗੁਰ ਪਰਸਾਦੀ ਮਨੁ ਭਇਆ ਨਿਰਮਲੁ   ਜਿਨਾ ਭਾਣਾ ਭਾਵਏ
ਕਹੈ ਨਾਨਕੁ  ਜਿਸੁ ਦੇਹਿ ਪਿਆਰੇ   ਸੋਈ ਜਨੁ ਪਾਵਏ ॥੮॥
-ਗੁਰੂ ਗ੍ਰੰਥ ਸਾਹਿਬ ੯੧੭-੯੧੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਉੜੀ ਵਿਚ ਪਾਤਸ਼ਾਹ ਪ੍ਰਭੂ ਦੀ ਸਰਬ-ਸਮਰਥ ਹਸਤੀ ਨੂੰ ਸਿੱਧੇ ਮੁਖਾਤਬ ਹੁੰਦੇ ਹੋਏ ਆਖਦੇ ਹਨ ਕਿ ਉਹ ਵਡਾ ਪਰਮ-ਪੁਰਖ ਜਿਸ ਉੱਤੇ ਬਖਸ਼ਿਸ਼ ਕਰਦਾ ਹੈ, ਸਿਰਫ ਉਹੀ ਪ੍ਰਾਪਤ ਕਰਦਾ ਹੈ। ਪ੍ਰਾਪਤ ਕੀ ਹੁੰਦਾ ਹੈ? ਬੇਸ਼ੱਕ ਇਸ ਪਉੜੀ ਵਿਚ ਇਸ ਦਾ ਜਿਕਰ ਨਹੀਂ ਹੈ। ਪਰ ਪਿਛਲੇ ਚੱਲੇ ਆ ਰਹੇ ਪ੍ਰਕਰਣ ਅਨੁਸਾਰ ਇਸ ਪਉੜੀ ਵਿਚ ਵੀ ਅਨੰਦ ’ਤੇ ਹੀ ਵਿਚਾਰ ਹੋ ਰਹੀ ਹੈ ਤੇ ਵਾਰ-ਵਾਰ ਹੋ ਰਹੀ ਹੈ।

ਪਾਤਸ਼ਾਹ ਫਿਰ ਉਹੀ ਗੱਲ ਦੁਹਰਾਉਂਦੇ ਹਨ ਕਿ ਅਨੰਦ ਉਸੇ ਮਨੁਖ ਨੂੰ ਪ੍ਰਾਪਤ ਹੁੰਦਾ ਹੈ, ਜਿਸ ਨੂੰ ਪ੍ਰਭੂ ਬਖਸ਼ਿਸ਼ ਕਰਦਾ ਹੈ। ਜਿਹੜੇ ਉਸ ਦੀ ਬਖਸ਼ਿਸ਼ ਦੇ ਪਾਤਰ ਨਹੀਂ ਬਣਦੇ, ਉਹ ਵਿਚਾਰੇ ਨਿਮਾਣਿਆਂ ਦੀ ਤਰ੍ਹਾਂ ਕੁਝ ਵੀ ਕਰਨ ਜੋਗੇ ਨਹੀਂ ਰਹਿੰਦੇ। ਕਿਉਂਕਿ ਅਨੰਦ ਕੁਝ ਕਰਕੇ ਨਸੀਬ ਨਹੀਂ ਹੁੰਦਾ, ਬਲਕਿ ਕੁਝ ਬਣ ਕੇ ਨਸੀਬ ਹੁੰਦਾ ਹੈ। ਕੁਝ ਕਰਨ ਦੀ ਦਿਸ਼ਾ ਬਾਹਰ-ਮੁਖੀ ਹੁੰਦੀ ਹੈ ਤੇ ਕੁਝ ਬਣਨ ਦੀ ਦਿਸ਼ਾ ਅੰਤਰ-ਮੁਖੀ ਹੁੰਦੀ ਹੈ।

ਅਗਲੀ ਤੁਕ ਵਿਚ ਪਾਤਸ਼ਾਹ ਦੱਸਦੇ ਹਨ ਕਿ ਜਿਹੜੇ ਮਨੁਖ ਦ੍ਰਿਸ਼ਟਮਾਨ ਮਾਇਕੀ ਪਸਾਰੇ ਦੀ ਚਕਾਚੌਂਧ ਵਿਚ ਗ੍ਰਸਤ ਹੋ ਜਾਣ ਕਾਰਣ ਅਨੰਦ ਪ੍ਰਾਪਤ ਕਰਨੋਂ ਵਿਰਵੇ ਰਹਿ ਜਾਂਦੇ ਹਨ, ਅਸਲ ਵਿਚ ਉਹ ਕਿਸੇ ਭਰਮ ਦੇ ਸ਼ਿਕਾਰ ਹੁੰਦੇ ਹਨ, ਜਿਸ ਕਰਕੇ ਉਨ੍ਹਾਂ ਦੀ ਕਿਤੇ ਸੱਚੀ ਲਿਵ ਨਹੀਂ ਲੱਗਦੀ। ਉਹ ਦਸੇ ਦਿਸਾਵਾਂ, ਅਰਥਾਤ ਸਾਰੇ ਪਾਸੇ ਭਟਕਦੇ ਰਹਿੰਦੇ ਹਨ, ਪਰ ਉਨ੍ਹਾਂ ਨੂੰ ਅਨੰਦ ਨਸੀਬ ਨਹੀਂ ਹੁੰਦਾ। 

ਕਿਸੇ ਗੱਲ ਦਾ ਪਤਾ ਹੋਣਾ ਗਿਆਨ ਦੀ ਅਵਸਥਾ ਹੈ, ਨਾ ਪਤਾ ਹੋਣਾ ਅਗਿਆਨ ਹੈ। ਪਰ ਕਿਸੇ ਗੱਲ ਦਾ ਪੂਰਨ ਰੂਪ ਵਿਚ ਪਤਾ ਨਾ ਹੋਣਾ ਜਾਂ ਅੱਧ-ਪਚੱਧ ਪਤਾ ਹੋਣਾ ਭਰਮ ਦੀ ਅਵਸਥਾ ਹੁੰਦੀ ਹੈ। ਭਰਮ ਵਿਚ ਗ੍ਰਸੇ ਲੋਕ ਸੱਚ ਦੇ ਅਨੇਕ ਰੂਪ ਕਲਪ ਲੈਂਦੇ ਹਨ ਤੇ ਕਿਸੇ ’ਤੇ ਵੀ ਵਿਸ਼ਵਾਸ ਨਹੀਂ ਕਰਦੇ, ਜਿਸ ਕਰਕੇ ਭਟਕਣ ਵਿਚ ਪਏ ਰਹਿੰਦੇ ਹਨ। ਗਿਆਨ ਅਤੇ ਅਗਿਆਨ ਦੀ ਵਿਚਕਾਰਲੀ ਅਵਸਥਾ ਅਜਿਹਾ ਭਰਮਜਾਲ ਸਿਰਜਦੀ ਹੈ ਕਿ ਮਨੁਖ ਨੂੰ ਚੈਨ ਨਹੀਂ ਲੈਣ ਦਿੰਦੀ ਤੇ ਭਟਕਣ ਵਿਚ ਪਾਈ ਰਖਦੀ ਹੈ। ਦੂਜੇ ਪਾਸੇ ਉਹ ਲੋਕ ਜਿਹੜੇ ਪੂਰਨ ਇਕਾਗਰ-ਚਿੱਤ ਹੋ ਕੇ ਗੁਰ-ਸ਼ਬਦ ਦੁਆਰਾ ਸੱਚ-ਸਰੂਪ ਪ੍ਰਭੂ ਦੇ ਨਾਮ ਨਾਲ ਜੁੜ ਜਾਂਦੇ ਹਨ, ਉਹ ਆਪਣਾ ਜੀਵਨ ਸੰਵਾਰ ਲੈਂਦੇ ਹਨ।

ਪਾਤਸ਼ਾਹ ਦੱਸਦੇ ਹਨ ਕਿ ਆਪਣਾ ਜੀਵਨ ਸੰਵਾਰਨ ਵਾਲੇ ਜਗਿਆਸੂ ਜਾਂ ਸਾਧਕ ਅਜਿਹੇ ਸੱਜਣ ਮਨੁਖ ਹੁੰਦੇ ਹਨ, ਜਿਨ੍ਹਾਂ ਨੇ ਗੁਰ-ਸ਼ਬਦ ਦੀ ਸੋਝੀ ਨਾਲ ਆਪਣੇ ਮਨ ਨਿਰਮਲ ਕਰ ਲਏ ਹੁੰਦੇ ਹਨ ਤੇ ਜਿਨ੍ਹਾਂ ਨੂੰ ਉਸ ਦੀ ਰਜ਼ਾ ਨਾਲ ਪ੍ਰੇਮ ਹੁੰਦਾ ਹੈ। ਸ੍ਰਿਸ਼ਟੀ ਵਿਚ ਜੋ ਕੁਝ ਵੀ ਵਾਪਰਦਾ ਹੈ, ਜਦ ਅਸੀਂ ਉਸ ਨੂੰ ਆਪਣੇ ਸੀਮਤ ਗਿਆਨ ਅਨੁਸਾਰ ਦੇਖਦੇ ਹਾਂ ਤਾਂ ਸਾਨੂੰ ਕੁਝ ਗਲਤ ਲੱਗਦਾ ਹੈ ਤੇ ਕੁਝ ਠੀਕ ਮਹਿਸੂਸ ਹੁੰਦਾ ਹੈ। ਪਰ ਜਦ ਅਸੀਂ ਪੂਰਨ ਗਿਆਨ-ਰੂਪ ਪ੍ਰਭੂ ਦੀ ਨੇੜਤਾ ਵਿਚ ਗਿਆਨ ਹਾਸਲ ਕਰ ਲੈਂਦੇ ਹਾਂ ਤਾਂ ਸਾਡੇ ਮਨ ਦੀ ਮੈਲ ਮਿਟ ਜਾਂਦੀ ਹੈ ਤੇ ਸਾਨੂੰ ਉਸ ਅਸੀਮ ਗਿਆਨ ਦੇ ਨੁਕਤੇ ਤੋਂ ਸਭ ਕੁਝ ਸਹੀ ਪ੍ਰਤੀਤ ਹੋਣ ਲੱਗਦਾ ਹੈ। 

ਤਨ ਦੀ ਮੈਲ ਪਦਾਰਥਕ ਹੁੰਦੀ ਹੈ ਤੇ ਸਾਬਣ ਆਦਿ ਨਾਲ ਉਤਾਰੀ ਜਾ ਸਕਦੀ ਹੈ। ਪਰ ਮਨ ਦੀ ਮੈਲ ਅਗਿਆਨ ਜਾਂ ਅਲਪ ਗਿਆਨ ਨੂੰ ਕਹਿੰਦੇ ਹਨ, ਜਿਸ ਨੂੰ ਪੂਰਨ ਗਿਆਨ ਨਾਲ ਹੀ ਹਟਾਇਆ ਜਾਂ ਮੇਟਿਆ ਜਾ ਸਕਦਾ ਹੈ। ਮਨ ਦੀ ਮੈਲ ਦਾ ਮਿਟਣਾ ਵੀ ਗੁਰ-ਸਬਦ ਦੀ ਬਰਕਤ ਨਾਲ ਹੀ ਸੰਭਵ ਹੁੰਦਾ ਹੈ।

ਪਉੜੀ ਦੇ ਅਖੀਰ ਵਿਚ ਪਾਤਸ਼ਾਹ ਫਿਰ ਉਸੇ ਗੱਲ ’ਤੇ ਬਲ ਦਿੰਦੇ ਹਨ ਕਿ ਪ੍ਰਭੂ ਅਨੰਦ ਦੀ ਅਵਸਥਾ ਆਪਣੇ ਜਿਸ ਪਿਆਰੇ ਨੂੰ ਵੀ ਬਖਸ਼ਦਾ ਹੈ, ਸਿਰਫ ਉਸੇ ਨੂੰ ਹੀ ਉਹ ਨਸੀਬ ਹੁੰਦੀ ਹੈ।
Tags