Guru Granth Sahib Logo
  
ਇਸ ਪਉੜੀ ਵਿਚ ਅਨੰਦ ਨੂੰ ਅਨੁਭਵ ਕਰਨ ਦੀ ਜਾਚ ਦੱਸੀ ਹੈ। ਗੱਲੀਂ-ਬਾਤੀਂ ਹਰ ਕੋਈ ਅਨੰਦ ਹੈ, ਅਨੰਦ ਹੈ ਆਖਦਾ ਹੈ। ਪਰ ਅਸਲ ਅਨੰਦ ਕੋਈ ਵਿਰਲਾ ਹੀ ਜਾਣਦਾ ਹੈ। ਗੁਰ-ਸ਼ਬਦ ਦੁਆਰਾ ਸੁਰਤਿ ਦਾ ਪ੍ਰਕਾਸ਼ਵਾਨ ਹੋਣਾ, ਵਿਕਾਰਾਂ ਤੇ ਮਾਇਆ-ਮੋਹ ਦਾ ਦੂਰ ਹੋਣਾ, ਮਨ ਦਾ ਸਵਰ ਜਾਣਾ ਆਦਿ ਹੀ ਅਸਲ ਅਨੰਦ ਹੈ। ਇਹ ਅਨੰਦ ਗੁਰ-ਸ਼ਬਦ ਦੁਆਰਾ ਹੀ ਜਾਣਿਆ ਜਾ ਸਕਦਾ ਹੈ।
ਆਨੰਦੁ ਆਨੰਦੁ ਸਭੁ ਕੋ ਕਹੈ   ਆਨੰਦੁ ਗੁਰੂ ਤੇ ਜਾਣਿਆ
ਜਾਣਿਆ ਆਨੰਦੁ ਸਦਾ ਗੁਰ ਤੇ   ਕ੍ਰਿਪਾ ਕਰੇ ਪਿਆਰਿਆ
ਕਰਿ ਕਿਰਪਾ ਕਿਲਵਿਖ ਕਟੇ   ਗਿਆਨ ਅੰਜਨੁ ਸਾਰਿਆ
ਅੰਦਰਹੁ ਜਿਨ ਕਾ ਮੋਹੁ ਤੁਟਾ   ਤਿਨ ਕਾ ਸਬਦੁ ਸਚੈ ਸਵਾਰਿਆ
ਕਹੈ ਨਾਨਕੁ  ਏਹੁ ਅਨੰਦੁ ਹੈ   ਆਨੰਦੁ ਗੁਰ ਤੇ ਜਾਣਿਆ ॥੭॥
-ਗੁਰੂ ਗ੍ਰੰਥ ਸਾਹਿਬ ੯੧੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਉੜੀ ਵਿਚ ਪਾਤਸ਼ਾਹ ਦੱਸਦੇ ਹਨ ਕਿ ਅਨੰਦ ਦੀਆਂ ਗੱਲਾਂ ਤਾਂ ਸਾਰੇ ਕਰਦੇ ਹਨ, ਪਰ ਅਸਲ ਅਨੰਦ ਗੁਰੂ, ਭਾਵ ਗੁਰ-ਸ਼ਬਦ ਤੋਂ ਹੀ ਜਾਣਿਆ ਜਾ ਸਕਦਾ ਹੈ। ਗੁਰ-ਸ਼ਬਦ ਅਸੀਮ ਗਿਆਨ ਅਰਥਾਤ, ਪੂਰਨ ਸੱਚ ਹੈ ਤੇ ਮਨੁਖ ਕੋਲ ਸੀਮਤ ਗਿਆਨ ਹੈ। ਗੁਰੂ ਦਾ ਗਿਆਨ ਜਿਵੇਂ ਸਾਗਰ ਹੋਵੇ ਤੇ ਮਨੁਖੀ ਗਿਆਨ ਇਕ ਬੂੰਦ ਸਮਾਨ ਹੋਵੇ। ਜਲ ਦੀ ਇਕ ਬੂੰਦ ਸਾਗਰ ਵਿਚ ਮਿਲ ਕੇ ਜਿਵੇਂ ਸਾਗਰ ਹੋ ਜਾਂਦੀ ਹੈ, ਇਸੇ ਤਰ੍ਹਾਂ ਮਨੁਖੀ ਗਿਆਨ ਗੁਰੂ ਦੇ ਸਮਰਪਣ ਵਿਚ ਸਾਗਰ ਹੋ ਜਾਂਦਾ ਹੈ। ਇਹੀ ਮਨੁਖ ਦੀ ਅਸਲ ਅਨੰਦ ਦੀ ਅਵਸਥਾ ਹੈ, ਜਿਸ ਦਾ ਅਹਿਸਾਸ ਗੁਰੂ ਅੱਗੇ ਪੂਰਨ ਸਮਰਪਣ ਵਿਚੋਂ ਨਸੀਬ ਹੁੰਦਾ ਹੈ।

ਦੂਜੀ ਤੁਕ ਵਿਚ ਪਾਤਸ਼ਾਹ ਫਿਰ ਉਹੀ ਗੱਲ ਦੁਹਰਾਉਂਦੇ ਹਨ ਕਿ ਅਸਲ ਅਨੰਦ ਦਾ ਅਹਿਸਾਸ ਤਾਂ ਗੁਰ-ਸ਼ਬਦ ਦੁਆਰਾ ਹੀ ਸੰਭਵ ਹੈ ਤੇ ਨਾਲ ਹੀ ਦੱਸਦੇ ਹਨ ਕਿ ਇਹ ਅਨੰਦ ਉਨ੍ਹਾਂ ਨੂੰ ਹੀ ਪ੍ਰਾਪਤ ਹੁੰਦਾ ਹੈ, ਜਿਨ੍ਹਾਂ ਨੂੰ ਗੁਰ-ਸ਼ਬਦ ਦੀ ਬਰਕਤ ਪ੍ਰਾਪਤ ਹੋਵੇ। ਇਸ ਦਾ ਪਾਤਰ ਬਣਨ ਲਈ ਗੁਰਬਾਣੀ ਵਿਚ ਥਾਂ ਪਰ ਥਾਂ ਇਹ ਉਪਦੇਸ਼ ਕੀਤਾ ਗਿਆ ਹੈ ਕਿ ਜਿਹੜੇ ਜਗਿਆਸੂ ਉਦਮ ਨਾਲ ਆਪਣੇ ਅੰਦਰੋਂ ਹਉਮੈ ਮੇਟ ਕੇ ਨਿਮਰ ਭਾਵ ਅਖਤਿਆਰ ਕਰਦੇ ਹਨ, ਉਹੀ ਉਸ ਦੀ ਬਰਕਤ ਦੇ ਪਾਤਰ ਬਣਦੇ ਹਨ। ਜੇਕਰ ਅਜਿਹੇ ਸਾਧਕ ਗੁਰੂ ਵੱਲ ਇਕ ਕਦਮ ਪੁੱਟਦੇ ਹਨ ਤਾਂ ਗੁਰੂ ਆਪਣੇ ਪਿਆਰਿਆਂ ਵੱਲ ਅਨੰਤ ਕਦਮ ਪੁੱਟਦਾ ਹੈ: ਚਰਨ ਸਰਨਿ ਗੁਰ ਏਕ ਪੈਡਾ ਜਾਇ ਚਲ ਸਤਿਗੁਰ ਕੋਟਿ ਪੈਡਾ ਆਗੇ ਹੋਇ ਲੇਤ ਹੈ। -ਭਾਈ ਗੁਰਦਾਸ ਜੀ, ਕਬਿੱਤ ੧੧੧

ਜਿਹੜੇ ਜਗਿਆਸੂ ਅਸੀਮ ਅਤੇ ਬਰੀਕ ਗਿਆਨ ਦੇ ਇਸ ਸੋਮੇ ਭਾਵ, ਗੁਰ-ਸ਼ਬਦ ਨਾਲ ਜੁੜ ਜਾਂਦੇ ਹਨ, ਉਨ੍ਹਾਂ ਦੀ ਸੁਰਤਿ ਵਿਚ ਗਿਆਨ ਦਾ ਚਾਨਣ ਹੋ ਜਾਂਦਾ ਹੈ। ਜਿਸ ਸਦਕਾ ਉਨ੍ਹਾਂ ਦੇ ਤਮਾਮ ਗੁਨਾਹਾਂ ’ਤੇ ਕਾਂਟਾ ਫਿਰ ਜਾਂਦਾ ਹੈ ਅਤੇ ਵਿਕਾਰ ਦੂਰ ਹੋ ਜਾਂਦੇ ਹਨ। ਗੁਰਮਤਿ ਅਨੁਸਾਰ ਪ੍ਰਭੂ ਸਖਤ ਅਤੇ ਕੁਰਖਤ ਕਾਨੂੰਨ ਪਾਲਕ ਨਹੀਂ, ਬਲਕਿ ਰਹਿਮ ਕਰਨ ਵਾਲਾ ਹੈ। ਜਿਹੜੇ ਉਸ ਅੱਗੇ ਸੱਚਾ ਸਮਰਪਣ ਕਰਦੇ ਹਨ, ਉਨ੍ਹਾਂ ਦੇ ਪਿਛਲੇ ਅਉਗਣ ਵੀ ਬਖਸ਼ ਦਿੱਤੇ ਜਾਂਦੇ ਹਨ। ਪੰਚਮ ਪਾਤਸ਼ਾਹ ਫੁਰਮਾਨ ਕਰਦੇ ਹਨ: ਪਿਛਲੇ ਅਉਗੁਣਿ ਬਖਸਿ ਲਏ ਪ੍ਰਭੂ ਆਗੈ ਮਾਰਗਿ ਪਾਵੈ ॥

ਅਗਲੀ ਤੁਕ ਵਿਚ ਪਾਤਸ਼ਾਹ ਪ੍ਰਭੂ ਦੇ ਪਿਆਰਿਆਂ ਦੀ ਹੋਰ ਸਿਫਤ ਦੱਸਦੇ ਹਨ ਕਿ ਉਨ੍ਹਾਂ ਦੀ ਲਿਵ ਗੁਰ-ਸ਼ਬਦ ਦੁਆਰਾ ਸਿਰਫ ਤੇ ਸਿਰਫ ਪ੍ਰਭੂ ਨਾਲ ਹੀ ਜੁੜੀ ਹੁੰਦੀ ਹੈ, ਜਿਸ ਸਦਕਾ ਮਨ ਸਵਰ ਜਾਂਦਾ ਹੈ ਅਤੇ ਉਨ੍ਹਾਂ ਦੇ ਜੀਵਨ ਦਾ ਤਰੀਕਾ ਹੀ ਬਦਲ ਜਾਂਦਾ ਹੈ। ਉਹ ਬਾਕੀ ਸਾਰੇ ਧਾਤ, ਅਰਥਾਤ ਪਦਾਰਥਕ ਜਗਤ ਵੱਲੋਂ ਆਪਣਾ ਮੋਹ ਤੋੜ ਲੈਂਦੇ ਹਨ।

ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਗੁਰ-ਸ਼ਬਦ ਦੀ ਗਿਆਨ-ਵਿਚਾਰ ਨੂੰ ਜੀਵਨ ਵਿਚ ਅਪਨਾਉਣ ਨਾਲ ਵਿਕਾਰਾਂ ਦਾ ਦੂਰ ਹੋਣਾ ਅਤੇ ਮਨ ਦਾ ਸਵਰ ਜਾਣਾ ਹੀ ਅਸਲ ਅਨੰਦ ਹੈ। ਭਾਵ, ਜਦ ਮਨ ਦੀ ਤਾਰ ਸ਼ਬਦ ਨਾਲ ਜੁੜੀ ਰਹਿੰਦੀ ਹੈ, ਉਸ ਦੇ ਪ੍ਰੇਮ ਦਾ ਪ੍ਰਵਾਹ ਚਲਦਾ ਹੈ ਅਤੇ ਕਿਰਪਾ ਦੀ ਬਰਸਾਤ ਨਿਰੰਤਰ ਬਰਸਦੀ ਹੈ, ਤਦ ਹੀ ਅਸਲ ਅਨੰਦ ਦਾ ਅਹਿਸਾਸ ਹੁੰਦਾ ਹੈ। ਇਹੀ ਸੱਚਾ ਅਨੰਦ ਹੈ, ਜਿਸ ਦੀ ਸੋਝੀ ਗੁਰ-ਸ਼ਬਦ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਗੁਰੂ, ਭਾਵ ਗੁਰ-ਸ਼ਬਦ ਸਿਰਫ ਅਨੰਦ ਦੀ ਜਾਣਕਾਰੀ ਹੀ ਬਖਸ਼ਿਸ਼ ਨਹੀਂ ਕਰਦਾ, ਬਲਕਿ ਖੁਦ ਜਗਿਆਸੂ ਦੇ ਹਿਰਦੇ ਵਿਚ ਵਸ ਕੇ ਉਸ ਨੂੰ ਅਨੰਦ ਦਾ ਜੀਵੰਤ ਅਹਿਸਾਸ ਬਖਸ਼ਦਾ ਹੈ।
Tags