ਇਸ
ਪਉੜੀ ਵਿਚ ਦੱਸਿਆ ਗਿਆ ਹੈ ਕਿ ਪ੍ਰਭੂ ਮਿਹਰ ਸਦਕਾ ਸਦਾ ਥਿਰ ਪ੍ਰਭੂ ਦਾ
ਨਾਮ ਜਿਸ ਮਨੁਖ ਦਾ ਜੀਵਨ-ਆਸਰਾ ਬਣ ਜਾਂਦਾ ਹੈ, ਕਾਮਾਦਿਕ ਵਿਕਾਰ ਉਸ ਦੇ ਵੱਸ ਵਿਚ ਆ ਜਾਂਦੇ ਹਨ। ਮੌਤ ਦਾ ਡਰ ਦੂਰ ਹੋ ਜਾਂਦਾ ਹੈ। ਅੰਦਰ ਸੁਖ ਵਰਤ ਜਾਂਦਾ ਹੈ, ਅਨੰਦ ਤੇ ਖੇੜਾ ਪੈਦਾ ਹੋ ਜਾਂਦਾ ਹੈ।
ਵਾਜੇ ਪੰਚ ਸਬਦ ਤਿਤੁ ਘਰਿ ਸਭਾਗੈ ॥
ਘਰਿ ਸਭਾਗੈ ਸਬਦ ਵਾਜੇ ਕਲਾ ਜਿਤੁ ਘਰਿ ਧਾਰੀਆ ॥
ਪੰਚ ਦੂਤ ਤੁਧੁ ਵਸਿ ਕੀਤੇ ਕਾਲੁ ਕੰਟਕੁ ਮਾਰਿਆ ॥
ਧੁਰਿ ਕਰਮਿ ਪਾਇਆ ਤੁਧੁ ਜਿਨ ਕਉ ਸਿ ਨਾਮਿ ਹਰਿ ਕੈ ਲਾਗੇ ॥
ਕਹੈ ਨਾਨਕੁ ਤਹ ਸੁਖੁ ਹੋਆ ਤਿਤੁ ਘਰਿ ਅਨਹਦ ਵਾਜੇ ॥੫॥
-ਗੁਰੂ ਗ੍ਰੰਥ ਸਾਹਿਬ ੯੧੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਜਦ ਕਿਸੇ ਘਰ ਪਰਵਾਰ ਵਿਚ ਕੋਈ ਖੁਸ਼ੀ ਦਾ ਸਮਾਗਮ ਹੁੰਦਾ ਹੈ ਤਾਂ ਉਸ ਘਰ ਵਿਚ ਖੂਬ ਰੌਣਕ ਲੱਗਦੀ ਹੈ। ਗਵੱਈਏ ਆਉਂਦੇ ਹਨ, ਸਾਜਿੰਦੇ ਸਾਜ ਵਜਾਉਂਦੇ ਹਨ ਅਤੇ ਗੀਤ-ਸੰਗੀਤ ਦੀਆਂ ਰੌਣਕਾਂ ਲੱਗਦੀਆਂ ਹਨ। ਕਿਸੇ ਘਰ ਰਾਗੀ ਸ਼ਬਦ-ਕੀਰਤਨ ਕਰਦੇ ਹਨ ਅਤੇ ਕਿਸੇ ਘਰ ਭਜਨ-ਮੰਡਲੀਆਂ ਭਜਨ ਗਾਉਂਦੀਆਂ ਹਨ। ਇਨ੍ਹਾਂ ਘਰਾਂ ਨੂੰ ਬੜਾ ਹੀ ਸੁਭਾਗਾ ਸਮਝਿਆ ਜਾਂਦਾ ਹੈ।
ਇਸ ਪਉੜੀ ਵਿਚ ਪਾਤਸ਼ਾਹ ਅਨੰਦ ਦੀ ਅਵਸਥਾ ਦਾ ਬਿਆਨ ਵੀ ਕੁਝ ਇਹੋ-ਜਿਹਾ ਕਰਦੇ ਹਨ, ਜਿਵੇਂ ਦਿਲ ਦੇ ਭਾਗ ਜਾਗ ਪਏ ਹੋਣ ਤੇ ਹਿਰਦੇ ਅੰਦਰ ਸ਼ੁਭ-ਸੰਗੀਤਕ ਧੁਨਾਂ ਗੂੰਜ ਰਹੀਆਂ ਹੋਣ। ਜਿਵੇਂ ਬਹੁਤ ਸਾਰੀਆਂ ਸੰਗੀਤਕ ਧੁਨਾਂ ਇਕੱਠੀਆਂ ਵੱਜ ਰਹੀਆਂ ਹੋਣ ਤੇ ਹਿਰਦੇ ਅੰਦਰ ਸੰਗੀਤਕ ਛਹਿਬਰ ਲੱਗੀ ਹੋਵੇ। ਅਗਲੀ ਤੁਕ ਵਿਚ ਪਾਤਸ਼ਾਹ ਦੱਸਦੇ ਹਨ ਕਿ ਅਜਿਹੀ ਸ਼ੁਭ ਅਤੇ ਸੰਗੀਤਕ ਰੌਣਕ ਉਸੇ ਹਿਰਦੇ ਵਿਚ ਹੁੰਦੀ ਹੈ, ਜਿਥੇ ਪ੍ਰਭੂ ਆਪਣੇ ਨਾਮ ਦੀ ਕਲਾ ਵਰਤਾ ਦਿੰਦਾ ਹੈ।
ਮਨੁਖ ਅੰਦਰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ, ਦੇਹ ਅਤੇ ਦਿਲ ਮੁਖੀ ਪੰਜ ਰੁਝਾਨ ਅਜਿਹੇ ਹਨ, ਜਿਨ੍ਹਾਂ ਦੀ ਜੇਕਰ ਸਹੀ ਵਰਤੋਂ ਨਾ ਪਤਾ ਹੋਵੇ ਤਾਂ ਇਹ ਜੀਵਨ ਦੇ ਮਹਾਂ-ਵਿਕਾਰ ਸਾਬਤ ਹੁੰਦੇ ਹਨ। ਪਾਤਸ਼ਾਹ ਦੱਸਦੇ ਹਨ ਕਿ ਪ੍ਰਭੂ ਦੇ ਨਾਮ ਦੀ ਕਲਾ ਵਰਤਣ ਸਦਕਾ ਇਨ੍ਹਾਂ ਪੰਜੇ ਵਿਕਾਰਾਂ ਦੀ ਸਹੀ ਵਰਤੋਂ ਸਮਝ ਆ ਗਈ ਹੈ, ਜਿਸ ਕਰਕੇ ਇਹ ਰੁਝਾਨ ਹੁਣ ਆਪ-ਹੁਦਰੇ ਨਹੀਂ ਰਹੇ, ਬਲਕਿ ਕਾਬੂ ਹੇਠ ਆ ਗਏ ਹਨ।
ਪਾਤਸ਼ਾਹ ਦੱਸਦੇ ਹਨ ਕਿ ਪ੍ਰਭੂ ਦੇ ਨਾਮ ਨੇ ਕਾਲ ਦਾ ਡਰ ਵੀ ਕੱਢ ਦਿੱਤਾ ਹੈ। ਕਾਲ ਸਮੇਂ ਨੂੰ ਕਹਿੰਦੇ ਹਨ। ਮੌਤ ਨੂੰ ਵੀ ਕਾਲ ਹੀ ਕਿਹਾ ਜਾਂਦਾ ਹੈ। ਅਸੀਂ ਆਪਣੇ ਸੀਮਤ ਗਿਆਨ ਵਸ ਜੀਵਨ ਦੇ ਆਖਰੀ ਪਲ ਨੂੰ ਮੌਤ ਕਹਿੰਦੇ ਹਾਂ, ਜਦਕਿ ਅਸਲੀਅਤ ਇਹ ਹੈ ਕਿ ਸਾਡਾ ਜੀਵਨ ਪਲਾਂ ਦੀ ਹੀ ਲਗਾਤਾਰਤਾ ਦਾ ਨਾਂ ਹੈ। ਹਰ ਪਲ ਦੇ ਬੀਤ ਜਾਣ ਨਾਲ ਅਸੀਂ ਪਲ-ਪਲ ਕਰਕੇ ਮਰਦੇ ਹਾਂ। ਜਿਸ ਪਲ ਨੂੰ ਅਸੀਂ ਮੌਤ ਕਹਿੰਦੇ ਹਾਂ, ਅਸਲ ਵਿਚ ਉਹ ਆਖਰੀ ਪਲ ਦੀ ਮੌਤ ਹੁੰਦੀ ਹੈ। ਕੰਡਾ ਕੱਢਣਾ ਮਹਿਜ਼ ਮੁਹਾਵਰਾ ਹੈ ਤੇ ਇਥੇ ਕਾਲ-ਕੰਟਕ ਮਾਰਨ ਤੋਂ ਭਾਵ, ਮੌਤ ਦਾ ਡਰ ਦੂਰ ਕਰਨ ਤੋਂ ਹੈ।
ਪਾਤਸ਼ਾਹ ਪ੍ਰਭੂ ਨੂੰ ਮੁਖਾਤਬ ਹੋ ਕੇ ਆਖਦੇ ਹਨ ਕਿ ਜਿਸ ਉੱਤੇ ਵੀ ਉਸ ਨੇ ਨਾਮ ਦੀ ਰਹਿਮਤ ਕੀਤੀ ਹੈ, ਉਹ ਉਸ ਦੇ ਨਾਮ ਵਿਚ ਲੀਨ ਹੋ ਗਏ ਹਨ। ਉਨ੍ਹਾਂ ਨੂੰ ਸੁਖ ਨਸੀਬ ਹੋ ਗਿਆ ਹੈ ਤੇ ਉਨ੍ਹਾਂ ਦੇ ਘਰ ਸ਼ੁਭ-ਸੰਗੀਤਕ ਝਨਕਾਰ ਦੀ ਛਹਿਬਰ ਲੱਗੀ ਹੈ, ਅਰਥਾਤ ਪੂਰਨ ਅਨੰਦ ਤੇ ਖੇੜਾ ਪੈਦਾ ਹੋ ਗਿਆ ਹੈ।