ਇਸ ਅਖੀਰਲੀ
ਪਉੜੀ ਵਿਚ ਇਸ ਬਾਣੀ ਦਾ ਮਹਾਤਮ ਵੀ ਹੈ ਅਤੇ ਇਸ ਵਿਚ ਬਾਣੀ ਦਾ ਸਮੁੱਚਾ ਭਾਵ ਵੀ ਸਮੋਇਆ ਹੋਇਆ ਹੈ। ਉਪਦੇਸ਼ ਹੈ ਕਿ ਇਕ ਮਨ ਹੋ ਕੇ ਇਹ ਬਾਣੀ ਸੁਣੋ। ਇਸ ਦੀ ਬਰਕਤ ਨਾਲ ਸਾਰੇ ਮਨ-ਇੱਛਤ ਸੰਕਲਪ ਪੂਰੇ ਹੋ ਜਾਂਦੇ ਹਨ। ਦੁਖ, ਰੋਗ ਅਤੇ ਕਲੇਸ਼ ਦੂਰ ਹੋ ਜਾਂਦੇ ਹਨ। ਪਾਰਬ੍ਰਹਮ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ। ਇਸ ਨੂੰ ਸੁਣਨ ਤੇ ਪੜ੍ਹਨ ਵਾਲੇ ਉੱਚੇ-ਸੁੱਚੇ ਜੀਵਨ ਵਾਲੇ ਤੇ ਅਨੰਦ-ਭਰਪੂਰ ਹੋ ਜਾਂਦੇ ਹਨ।
ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ ॥
ਪਾਰਬ੍ਰਹਮੁ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ ॥
ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ॥
ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ॥
ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ ॥
ਬਿਨਵੰਤਿ ਨਾਨਕੁ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ ॥੪੦॥੧॥
-ਗੁਰੂ ਗ੍ਰੰਥ ਸਾਹਿਬ ੯੨੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
‘ਅਨੰਦ’ ਬਾਣੀ ਵਿਚ ਪਾਤਸ਼ਾਹ ਨੇ ਮਨੁਖ ਦੇ ਹੋਣ ਅਤੇ ਜਿਉਣ ਦੇ ਅਸਲ ਮੰਤਵ ਦੀ ਬੜੇ ਹੀ ਉਤਸ਼ਾਹੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਵਿਸਤ੍ਰਿਤ ਜਾਣਕਾਰੀ ਦਿੱਤੀ ਹੈ। ਇਸ ਵਿਚ ਕਦਮ ਬਾ-ਕਦਮ ਮਨੁਖ ਦੀ ਦੇਹ ਅਤੇ ਜੀਵਨ ਨੂੰ ਨਿਰੋਈ ਕਿਸਮ ਦੀ ਅਧਿਆਤਮਕ ਸੇਧ ਪ੍ਰਦਾਨ ਕੀਤੀ ਹੈ। ਅੰਤਲੀ ਪਉੜੀ ਵਿਚ ਪਾਤਸ਼ਾਹ ਨੇ ਅਨੰਦ ਬਾਣੀ ਸਰਵਣ ਕਰਨ ਵਾਲਿਆਂ ਨੂੰ ਕਿਸਮਤ ਵਾਲੇ ਆਖਿਆ ਹੈ ਤੇ ਦੱਸਿਆ ਹੈ ਕਿ ਅਨੰਦ ਬਾਣੀ ਦੇ ਸਰਵਣ ਤੇ ਸਮਝਣ ਨਾਲ ਉਨ੍ਹਾਂ ਦੇ ਤਮਾਮ ਮਨੋਰਥ ਪੂਰੇ ਹੋ ਜਾਣਗੇ। ਇਥੇ ਹੀ ਬਸ ਨਹੀਂ, ਇਸ ਨਾਲ ਉਨ੍ਹਾਂ ਨੂੰ ਪ੍ਰਭੂ-ਪ੍ਰਾਪਤੀ ਵੀ ਹੋਵੇਗੀ, ਜਿਸ ਨਾਲ ਉਨ੍ਹਾਂ ਦੇ ਤਮਾਮ ਪਛਤਾਵੇ, ਝੋਰੇ ਅਤੇ ਸੰਤਾਪ ਮਿਟ ਜਾਣਗੇ।
ਇਸ ਦੇ ਇਲਾਵਾ ਸੱਚੇ ਗਿਆਨ ਨਾਲ ਭਰਪੂਰ ‘ਅਨੰਦ’ ਬਾਣੀ ਸਰਵਣ ਕਰਨ ਨਾਲ ਦੇਹੀ ਦੇ ਦੁਖ ਦੂਰ ਹੋ ਜਾਣਗੇ, ਦੀਰਘ ਰੋਗ ਠੀਕ ਹੋ ਜਾਣਗੇ ਤੇ ਮਾਨਸਕ ਚਿੰਤਾ ਮਿਟ ਜਾਵੇਗੀ। ਕੋਈ ਸਵਾਲ ਕਰ ਸਕਦਾ ਹੈ ਕਿ ਬਾਣੀ ਪੜ੍ਹਨ, ਸੁਣਨ ਤੇ ਸਮਝਣ ਨਾਲ ਦੁਖ, ਕਸ਼ਟ ਅਤੇ ਕਲੇਸ਼ ਕਿਵੇਂ ਨਾਸ ਹੋ ਸਕਦੇ ਹਨ?
ਈਸਵੀ ਸੰਨ ਦੇ ਅਰੰਭ ਵਿਚ ਹੋਏ ਰੋਮਨ ਕਵੀ ਯੂਵੇਨਲ (Juvenal) ਨੇ ਆਪਣੇ ਦਸਵੀਂ ਕਵਿਤਾ ਵਿਚ ਕਿਹਾ ਸੀ ਕਿ ਮਨੁਖ ਨੂੰ ਤੰਦਰੁਸਤ ਦੇਹ ਅਤੇ ਤੰਦਰੁਸਤ ਮਨ ਲਈ ਅਰਦਾਸ ਕਰਨੀ ਚਾਹੀਦੀ ਹੈ। ਜੌਨ ਹੱਲੇ (John Hulley) ਨੇ ੧੮੬੧ ਵਿਚ ਇਸ ਲਾਤੀਨੀ ਕਥਨ ਨੂੰ ਖੇਡ-ਜਗਤ ਲਈ ਇਸ ਤਰ੍ਹਾਂ ਅਨੁਵਾਦ ਕਰ ਲਿਆ ਕਿ ਤੰਦਰੁਸਤ ਦੇਹ ਵਿਚ ਹੀ ਤੰਦਰੁਸਤ ਮਨ ਹੋ ਸਕਦਾ ਹੈ। ਹੁਣ ਇਹ ਅਨੁਵਾਦ ਦੁਨੀਆ ਭਰ ਵਿਚ ਪ੍ਰਚਲਤ ਹੈ। ਯੂਵੇਨਲ ਨੇ ਇਹ ਨਹੀਂ ਸੀ ਕਿਹਾ ਕਿ ਤੰਦਰੁਸਤ ਦੇਹ ਵਿਚ ਹੀ ਤੰਦਰੁਸਤ ਮਨ ਹੁੰਦਾ ਹੈ। ਉਸ ਦਾ ਕਹਿਣਾ ਤਾਂ ਸਿਰਫ ਏਨਾ ਸੀ ਕਿ ਸਾਨੂੰ ਤੰਦਰੁਸਤ ਦੇਹ ਅਤੇ ਤੰਦਰੁਸਤ ਮਨ ਦੀ ਅਰਦਾਸ ਕਰਨੀ ਚਾਹੀਦੀ ਹੈ।
ਯੂਨਾਨੀ ਭਾਸ਼ਾ ਦਾ ਸ਼ਬਦ ਸਾਇਕੋਸੋਮੈਟਿਕ (psychosomatic) ਦੱਸਦਾ ਹੈ ਕਿ ਰੋਗ ਅਕਸਰ ਮਨ ਤੋਂ ਦੇਹ ਵੱਲ ਆਉਂਦੇ ਹਨ, ਜਿਸ ਕਰਕੇ ਤਮਾਮ ਮਨੋਰੋਗ ਦੇਹੀ ਦੀਆਂ ਬਿਮਾਰੀਆਂ ਵਿਚ ਪਲਟ ਜਾਂਦੇ ਹਨ। ਇਸ ਕਰਕੇ ਪਾਤਸ਼ਾਹ ਕਹਿੰਦੇ ਹਨ ਕਿ ਸੱਚੀ ਬਾਣੀ ਵਿਚ ਨਿਹਿਤ ਸੱਚੇ ਗਿਆਨ ਦੇ ਪ੍ਰਤਾਪ ਨਾਲ ਤਨ ਮਨ ਦੇ ਤਮਾਮ ਦੁਖ ਦੂਰ ਹੋ ਜਾਂਦੇ ਹਨ। ਪਾਤਸ਼ਾਹ ਕਹਿੰਦੇ ਹਨ ਕਿ ਜਿਨ੍ਹਾਂ ਨੇ ਵੀ ਪੂਰੇ ਗੁਰੂ, ਗੁਰ-ਸ਼ਬਦ ਰਾਹੀਂ ਉਕਤ ਗਿਆਨ ਹਾਸਲ ਕਰ ਲਿਆ ਹੈ, ਅਜਿਹੇ ਸੰਤ ਰੂਪ ਸੱਜਣ ਪੁਰਸ਼ ਪ੍ਰਸੰਨ ਹੋ ਗਏ ਹਨ। ਇਹੀ ਉਹ ਰੁਹਾਨੀ ਪ੍ਰਸੰਨਤਾ ਹੈ, ਜਿਹੜੀ ਦੇਹ ਨੂੰ ਵੀ ਅਰੋਗ ਰਖਣ ਵਿਚ ਸਹਾਈ ਹੁੰਦੀ ਹੈ।
ਪਾਤਸ਼ਾਹ ਦੱਸਦੇ ਹਨ ਕਿ ਉਕਤ ਅਨੰਦਰੂਪ ਗਿਆਨਮਈ ਬਾਣੀ ਨੂੰ ਕਹਿਣ ਤੇ ਸੁਣਨ ਵਾਲੇ ਵੀ ਪੁਨੀਤ ਅਤੇ ਪਵਿੱਤਰ ਹੋ ਜਾਂਦੇ ਹਨ, ਕਿਉਂਕਿ ਅਜਿਹੇ ਸੱਜਣ ਅਤੇ ਸੰਤ-ਪੁਰਸ਼ ਗੁਰੂ ਦੇ ਦੱਸੇ ਸੱਚ ਦੀ ਸਰਬ-ਵਿਆਪਕਤਾ ਨੂੰ ਸਦੀਵੀ ਤੌਰ ’ਤੇ ਜਾਣ ਲੈਂਦੇ ਹਨ। ਅਖੀਰ ਵਿਚ ਪਾਤਸ਼ਾਹ ਬੇਨਤੀ ਕਰਦੇ ਹਨ ਕਿ ਜਿਹੜੇ ਵੀ ਸੱਜਣ ਪੁਰਸ਼ ਗੁਰੂ ਦੇ ਚਰਨੀ ਲੱਗਦੇ ਹਨ ਤੇ ਗੁਰੂ ਦੇ ਦੱਸੇ ਸੱਚੇ ਮਾਰਗ ’ਤੇ ਚੱਲਦੇ ਹਨ, ਉਨ੍ਹਾਂ ਦੇ ਹਿਰਦੇ ਇਸ ਤਰ੍ਹਾਂ ਅਨੰਦ ਵਿਚ ਰਹਿੰਦੇ ਹਨ, ਜਿਵੇਂ ਲਗਾਤਾਰ ਸੰਗੀਤਕ ਧੁਨਾਂ ਗੂੰਜ ਪਈਆਂ ਹੋਣ, ਜਿਵੇਂ ਜਿੱਤ ਦੇ ਬਿਗਲ ਵੱਜ ਪਏ ਹੋਣ, ਜਿਵੇ ਸ਼ਾਹੀ ਸ਼ਹਿਨਾਈਆਂ ਗੂੰਜ ਪਈਆਂ ਹੋਣ। ਇਹੀ ਅਨੰਦ ਦੀ ਸਦੀਵਕਾਲ ਅਤੇ ਸਰਬ-ਵਿਆਪਕ ਅਵਸਥਾ ਦਾ ਸੰਕੇਤ ਹੈ।