ਇਸ
ਪਉੜੀ ਵਿਚ ਗੁਰੂ ਅਮਰਦਾਸ ਸਾਹਿਬ ਉੱਤਮ-ਪੁਰਖੀ ਸ਼ੈਲੀ ਦੀ ਵਰਤੋਂ ਕਰਦਿਆਂ ਫਰਮਾਉਂਦੇ ਹਨ ਕਿ ਸਦਾ-ਥਿਰ ਪ੍ਰਭੂ ਦਾ
ਨਾਮ ਮੇਰੇ ਜੀਵਨ ਦਾ ਆਸਰਾ ਬਣ ਗਿਆ ਹੈ, ਜਿਸ ਨੇ ਮੇਰੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਕਰ ਦਿੱਤੀਆਂ ਹਨ, ਭੁਖਾਂ ਮਿਟਾ ਦਿੱਤੀਆਂ ਹਨ। ਮੇਰੇ ਅੰਦਰ ਸੁਖ-ਸ਼ਾਂਤੀ ਵਰਤ ਗਈ ਅਤੇ ਅਨੰਦ ਦੀ ਅਵਸਥਾ ਬਣ ਗਈ ਹੈ। ਨਾਮ ਨੂੰ ਜੀਵਨ-ਆਸਰਾ ਬਨਾਉਣ ਵਾਲੇ ਗੁਰ-ਸ਼ਬਦ ਤੋਂ ਮੈਂ ਸਦਾ ਸਦਕੇ ਜਾਂਦਾ ਹਾਂ।
ਸਾਚਾ ਨਾਮੁ ਮੇਰਾ ਆਧਾਰੋ ॥
ਸਾਚੁ ਨਾਮੁ ਅਧਾਰੁ ਮੇਰਾ ਜਿਨਿ ਭੁਖਾ ਸਭਿ ਗਵਾਈਆ ॥
ਕਰਿ ਸਾਂਤਿ ਸੁਖ ਮਨਿ ਆਇ ਵਸਿਆ ਜਿਨਿ ਇਛਾ ਸਭਿ ਪੁਜਾਈਆ ॥
ਸਦਾ ਕੁਰਬਾਣੁ ਕੀਤਾ ਗੁਰੂ ਵਿਟਹੁ ਜਿਸ ਦੀਆ ਏਹਿ ਵਡਿਆਈਆ ॥
ਕਹੈ ਨਾਨਕੁ ਸੁਣਹੁ ਸੰਤਹੁ ਸਬਦਿ ਧਰਹੁ ਪਿਆਰੋ ॥
ਸਾਚਾ ਨਾਮੁ ਮੇਰਾ ਆਧਾਰੋ ॥੪॥
-ਗੁਰੂ ਗ੍ਰੰਥ ਸਾਹਿਬ ੯੧੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਮਨੁਖ ਨੂੰ ਜੀਵਨ ਜਿਉਣ ਲਈ ਰੋਟੀ, ਕੱਪੜਾ ਤੇ ਛੱਤ ਦੀ ਸੀਮਤ ਜ਼ਰੂਰਤ ਹੁੰਦੀ ਹੈ। ਪਰ ਮਨੁਖ ਆਪਣੇ ਅਗਿਆਨ ਜਾਂ ਸੀਮਤ ਗਿਆਨ ਕਾਰਣ ਤ੍ਰਿਸ਼ਨਾ ਦਾ ਗੁਲਾਮ ਹੋ ਜਾਂਦਾ ਹੈ ਤੇ ਆਪਣੀਆਂ ਲੋੜਾਂ ਵਧਾ ਲੈਂਦਾ ਹੈ। ਸੀਮਤ ਗਿਆਨ ਕਾਰਣ ਤ੍ਰਿਸ਼ਨਾ ਅਸੀਮ ਹੋ ਜਾਂਦੀ ਹੈ ਅਤੇ ਇਸ ਅਮਿੱਟ ਤੇ ਅਮੁੱਕ ਤ੍ਰਿਸ਼ਨਾ ਦੀ ਅਪੂਰਤੀ ਕਾਰਣ ਮਨੁਖ ਸਦਾ ਝੂਰਦਾ ਰਹਿੰਦਾ ਹੈ।
ਇਸ ਪਉੜੀ ਵਿਚ ਪਾਤਸ਼ਾਹ ਦੱਸਦੇ ਹਨ ਕਿ ਪ੍ਰਭੂ ਦਾ ਸੱਚਾ, ਭਾਵ ਸਦੀਵੀ ਨਾਮ ਉਨ੍ਹਾਂ ਦੇ ਜੀਵਨ ਦਾ ਅਧਾਰ ਬਣ ਗਿਆ ਹੈ, ਜਿਸ ਨਾਲ ਤ੍ਰਿਸ਼ਨਾ ਮਿਟ ਜਾਂਦੀ ਹੈ ਤੇ ਮਨੁਖ ਸੁਖੀ ਜੀਵਨ ਬਤੀਤ ਕਰਦਾ ਹੈ। ਪਾਤਸ਼ਾਹ ਇਸ ਕਥਨ ਨੂੰ ਦੁਹਰਾ ਕੇ ਆਖਦੇ ਹਨ ਕਿ ਇਸ ਸੱਚੇ ਨਾਮ ਕਾਰਣ ਉਨ੍ਹਾਂ ਦੇ ਜੀਵਨ ਦੀ ਹਰ ਲੋੜ ਸੰਜਮ ਅਧੀਨ ਹੋ ਗਈ ਹੈ।
ਪਾਤਸ਼ਾਹ ਕਥਨ ਕਰਦੇ ਹਨ ਕਿ ਪ੍ਰਭੂ ਦੇ ਜਿਸ ਸਦੀਵੀ ਨਾਮ ਨੇ ਹਰ ਇੱਛਾ ਪੂਰਨ ਕਰ ਦਿੱਤੀ ਹੈ। ਉਹ ਨਾਮ ਉਨ੍ਹਾਂ ਦੇ ਮਨ ਨੂੰ ਸ਼ਾਂਤ ਕਰ ਕੇ, ਸੁਖ ਰੂਪ ਹੋ ਕੇ ਅੰਦਰ ਵਸ ਗਿਆ ਹੈ। ਇਸ ਕਥਨ ਤੋਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਮਨ ਦਾ ਸ਼ਾਂਤ ਹੋਣਾ ਸੁਖਦਾਈ ਨਾਮ ਦੇ ਵਸਣ ਦੀ ਮੁੱਢਲੀ ਅਤੇ ਪਹਿਲੀ ਸ਼ਰਤ ਹੋਵੇ।
ਅਸਲ ਵਿਚ ਮਨ ਦਾ ਸ਼ਾਂਤ ਹੋਣਾ ਅਤੇ ਸੁਖਦਾਈ ਨਾਮ ਦਾ ਆ ਵਸਣਾ ਇਕ ਹੀ ਗੱਲ ਦੇ ਦੋ ਪਹਿਲੂ ਹਨ, ਜੋ ਇਕੱਠੇ ਵਾਪਰਦੇ ਹਨ। ਇਨ੍ਹਾਂ ਵਿਚ ਅੱਵਲ-ਦੋਇਮ ਜਿਹੀ ਕੋਈ ਦਰਜਾਬੰਦੀ ਨਹੀਂ ਹੈ। ਜਿਵੇਂ ਰੌਸ਼ਨੀ ਲਈ ਚਿਰਾਗ ਦਾ ਬਲਣਾ ਜ਼ਰੂਰੀ ਹੈ, ਪਰ ਚਿਰਾਗ ਦਾ ਬਲਣਾ ਤੇ ਰੌਸ਼ਨੀ ਹੋਣਾ ਅੱਗੜ-ਪਿੱਛੜ ਦੋ ਗੱਲਾਂ ਨਹੀਂ, ਬਲਕਿ ਇਕੋ ਵੇਲੇ ਵਾਪਰਦੇ ਇਕ ਹੀ ਤੱਥ ਦੇ ਦੋ ਪਹਿਲੂ ਹਨ। ਇਸ ਪਉੜੀ ਵਿਚ ਇੱਛਾ ਦਾ ਪੁੱਜਣਾ (ਪੂਰਾ ਹੋਣਾ) ਅਸਲ ਵਿਚ ਇੱਛਾ ਦਾ ਸੀਮਤ ਹੋਣਾ ਹੈ। ਇੱਛਾ ਆਪਣੇ-ਆਪ ਵਿਚ ਕਦੇ ਵੀ ਤ੍ਰਿਪਤ ਨਹੀਂ ਹੁੰਦੀ। ਜਿਵੇਂ ਸੁਖਮਨੀ ਸਾਹਿਬ ਵਿਚ ਆਇਆ ਹੈ: ਜਿਉ ਪਾਵਕੁ ਈਧਨਿ ਨਹੀਂ ਧ੍ਰਾਪੈ ॥ ਇਹ ਤਾਂ ਪ੍ਰਭੂ ਦਾ ਸਦੀਵੀ ਨਾਮ, ਅਰਥਾਤ ਸੱਚ ਹੈ, ਜਿਸ ਦੇ ਸਾਹਮਣੇ ਇੱਛਾਵਾਂ ਨਿਰਮੂਲ ਹੋ ਗਈਆਂ ਹਨ।
ਇਸ ਕਰਕੇ ਪਾਤਸ਼ਾਹ ਨਾਮ ਦੇ ਸੋਮੇ ਗੁਰੂ, ਅਰਥਾਤ ਗੁਰ-ਸ਼ਬਦ ਤੋਂ ਕੁਰਬਾਨ ਜਾਂਦੇ ਹਨ। ਕਿਉਂਕਿ ਗੁਰੂ ਨੇ ਹੀ ਏਡੀ ਵਡੀ ਵਡਿਆਈ ਬਖਸ਼ਿਸ਼ ਕੀਤੀ ਹੈ ਕਿ ਨਾਮ ਜੀਵਨ ਦਾ ਆਸਰਾ ਬਣ ਗਿਆ ਹੈ, ਤ੍ਰਿਸ਼ਨਾ ਮਿਟ ਗਈ ਹੈ ਅਤੇ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਹਨ।
ਇਸ ਪਉੜੀ ਦੇ ਆਖਰੀ ਚਰਣ ਵਿਚ ਪਾਤਸ਼ਾਹ ਸੰਤ ਲੋਕਾਂ ਨੂੰ ਮੁਖਾਤਬ ਹੁੰਦੇ ਹਨ ਤੇ ਉਨ੍ਹਾਂ ਨੂੰ ਗੁਰ-ਸ਼ਬਦ ਨਾਲ ਪਿਆਰ ਕਰਨ, ਅਰਥਾਤ ਮਨ ਵਿਚ ਵਸਾਉਣ ਲਈ ਪ੍ਰੇਰਨਾ ਕਰਦੇ ਹਨ ਤੇ ਅਖੀਰ ਵਿਚ ਫਿਰ ਉਹੀ ਕਥਨ ਦ੍ਰਿੜ ਕਰਾਉਂਦੇ ਹਨ ਕਿ ਉਨ੍ਹਾਂ ਦਾ ਜੀਵਨ-ਅਧਾਰ ਸ਼ਬਦ ਵਿਚ ਨਿਹਿਤ ਨਾਮ ਹੈ।
ਕੀ ਅਸੀਂ ਵੀ ਸਦੀਵੀ ਨਾਮ ਨੂੰ ਆਪਣੇ ਜੀਵਨ ਦਾ ਆਸਰਾ ਬਣਾਉਣਾ ਲੋਚਦੇ ਹਾਂ ਅਤੇ ਗੁਰ-ਸ਼ਬਦ ਨਾਲ ਜੁੜਨ ਲਈ ਉੱਦਮਸ਼ੀਲ ਹਾਂ?