ਇਸ
ਪਉੜੀ ਵਿਚ ਪ੍ਰਭੂ-ਜਸ ਨੂੰ ਸਤਿ-ਸੰਗਤਿ ਰੂਪੀ ਸੱਚੇ ਘਰ ਵਿਚ ਜੁੜ ਕੇ ਗਾਉਣ ਦਾ ਉਪਦੇਸ਼ ਹੈ। ਉਹੀ ਜਗਿਆਸੂ ਪ੍ਰਭੂ-ਜਸ ਕਰਦੇ ਹਨ, ਜਿਹੜੇ ਪ੍ਰਭੂ ਨੂੰ ਪਿਆਰੇ ਲੱਗਦੇ ਅਤੇ ਜਿਨ੍ਹਾਂ ਨੂੰ ਪ੍ਰਭੂ ਗੁਰ-ਸ਼ਬਦ ਰਾਹੀਂ ਅਜਿਹੀ ਸੋਝੀ ਬਖ਼ਸ਼ਦਾ ਹੈ। ਫਿਰ ਉਹ ਅਨੰਦ ਬਖ਼ਸ਼ਣ ਵਾਲੇ ਪ੍ਰਭੂ-ਜਸ ਸਦਕਾ, ਸਦਾ ਅਨੰਦ ਵਿਚ ਹੀ ਵਿਚਰਦੇ ਹਨ।
ਏਹੁ ਸਾਚਾ ਸੋਹਿਲਾ ਸਾਚੈ ਘਰਿ ਗਾਵਹੁ ॥
ਗਾਵਹੁ ਤ ਸੋਹਿਲਾ ਘਰਿ ਸਾਚੈ ਜਿਥੈ ਸਦਾ ਸਚੁ ਧਿਆਵਹੇ ॥
ਸਚੋ ਧਿਆਵਹਿ ਜਾ ਤੁਧੁ ਭਾਵਹਿ ਗੁਰਮੁਖਿ ਜਿਨਾ ਬੁਝਾਵਹੇ ॥
ਇਹੁ ਸਚੁ ਸਭਨਾ ਕਾ ਖਸਮੁ ਹੈ ਜਿਸੁ ਬਖਸੇ ਸੋ ਜਨੁ ਪਾਵਹੇ ॥
ਕਹੈ ਨਾਨਕੁ ਸਚੁ ਸੋਹਿਲਾ ਸਚੈ ਘਰਿ ਗਾਵਹੇ ॥੩੯॥
-ਗੁਰੂ ਗ੍ਰੰਥ ਸਾਹਿਬ ੯੨੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਮਨੁਖ ਦੀ ਸੋਚ ਸੱਚ ਨੂੰ ਤਿੰਨ ਹਿੱਸਿਆਂ ਵਿਚ ਵੰਡ ਕੇ ਦੇਖਦੀ, ਜਾਣਦੀ ਤੇ ਸਮਝਦੀ ਹੈ। ਕਿਤੇ ਇਹ ਤ੍ਰੈਕੁਟੀ ਹੈ, ਕਿਤੇ ਤ੍ਰੈਕਾਇਆ, ਕਿਤੇ ਤ੍ਰੈਗੁਣ, ਕਿਤੇ ਟਰਿੰਨਿਟੀ (trinity) ਤੇ ਕਿਤੇ ਮਨ ਦੀਆਂ ਤਿੰਨ ਤਹਿਆਂ, ਭਾਵ ਜਾਗਤ, ਸੁਪਨ ਅਤੇ ਸੁਖੋਪਤ (conscious, subconscious and unconscious) ਹਨ। ਅਧਿਆਤਮਕ ਮਾਰਗ ਵਿਚ ਇਨ੍ਹਾਂ ਤਿੰਨ ਪਖਾਂ ਤੋਂ ਪਾਰ ਦਸਮ-ਦੁਆਰ ਦੀ ਗੱਲ ਕੀਤੀ ਜਾਂਦੀ ਹੈ। ਸੱਚ ਦੀ ਇਹ ਮੰਜਲ, ਸੱਚ ਦਾ ਇਹ ਘਰ ਅਸਲ ਵਿਚ ਸਿਫਤਿ ਦੇ ਲਾਇਕ ਹੈ। ਇਸ ਤੋਂ ਉਰੇ-ਪਰੇ ਦੀਆਂ ਖੁਸ਼ੀਆਂ ਅਤੇ ਸਿਫਤਾਂ ਝੂਠੀਆਂ ਤਸੱਲੀਆਂ ਤੋਂ ਵੱਧ ਕੁਝ ਨਹੀਂ ਹਨ, ਜਿਨ੍ਹਾਂ ਵਿਚ ਰੰਚਕ ਮਾਤਰ ਵੀ ਸੱਚ ਨਹੀਂ ਹੁੰਦਾ।
ਅਸੀਂ ਅਕਸਰ ਕਿਸੇ ਨਾ ਕਿਸੇ ਜਾਂ ਕਾਸੇ ਦੀ ਤਰੀਫ ਕਰਦੇ ਹਾਂ ਤੇ ਖੁਸ਼ ਹੁੰਦੇ ਹਾਂ। ਦੇਖਿਆ ਗਿਆ ਹੈ ਕਿ ਤਰੀਫ ਕਰਨ ਵਾਲੇ ਵੀ ਅਕਸਰ ਝੂਠੇ ਹੁੰਦੇ ਹਨ ਤੇ ਜਿਸ ਕਿਸੇ ਜਾਂ ਕਾਸੇ ਦੀ ਉਹ ਤਰੀਫ ਕਰ ਰਹੇ ਹੁੰਦੇ ਹਨ, ਉਹ ਵੀ ਸੱਚ ਨਹੀਂ ਹੁੰਦਾ। ਅਜਿਹੀ ਤਰੀਫ ਕਰਨ ਵਾਲੇ ਤੇ ਕਰਾਉਣ ਵਾਲੇ ਦੀ ਤਰੀਫ ਨਾਲ ਕੋਈ ਨਾ ਕੋਈ ਨਿਜੀ ਲਾਭ ਜਾਂ ਹਾਨੀ ਜੁੜੀ ਹੁੰਦੀ ਹੈ। ਪਰ ਇਸ ਪਉੜੀ ਵਿਚ ਪਾਤਸ਼ਾਹ ਸੱਚਾ ਸੋਹਿਲਾ ਸਤਿ-ਸੰਗਤਿ ਰੂਪੀ ਸੱਚੇ ਘਰ ਵਿਚ ਹੀ ਗਾਏ ਜਾਣ ਦਾ ਆਦੇਸ਼ ਕਰਦੇ ਹਨ। ਅਜਿਹੀ ਸਿਫਤਿ-ਸ਼ਲਾਘਾ ਤ੍ਰੈਕੁਟੀ ਤੋਂ ਪਾਰ ਦਸਮ-ਦੁਆਰ ਦੇ ਪਾਰਦਰਸ਼ੀ ਘਰ ਵਿਖੇ ਹੀ ਸੰਭਵ ਅਤੇ ਸ਼ੋਭਨੀਕ ਹੈ। ਪਾਤਸ਼ਾਹ ਫਿਰ ਦੁਹਰਾਉਂਦੇ ਹਨ ਕਿ ਸਿਫਤਿ ਰੂਪ ਸੋਹਿਲੇ ਦਾ ਗਾਇਨ ਸਤਿ-ਸੰਗਤਿ ਰੂਪੀ ਸੱਚੇ ਘਰ ਵਿਖੇ ਹੀ ਕਰੋ, ਜਿਥੇ ਸਦਾ ਪ੍ਰਭੂ ਦਾ ਸੱਚਾ ਨਾਮ ਸਿਮਰਿਆ ਜਾਂਦਾ ਹੈ। ਕਿਉਂਕਿ ਉਹੀ ਥਾਂ ਸੱਚੀ ਹੈ ਤੇ ਉਹੀ ਥਾਂ ਸਿਫਤਿ ਦੇ ਲਾਇਕ ਹੈ, ਜਿਥੇ ਸੱਚੇ ਪ੍ਰਭੂ ਦੇ ਗੁਣ ਗਾਏ ਜਾਂਦੇ ਹਨ।
ਅਗਲੀ ਤੁਕ ਵਿਚ ਪਾਤਸ਼ਾਹ ਦੱਸਦੇ ਹਨ ਕਿ ਸੱਚ ਨੂੰ ਸਦਾ ਧਿਆਨ ਦੇ ਕੇਂਦਰ ਵਿਚ ਰਖਣਾ, ਭਾਵ ਸੱਚੇ ਨਾਮ ਦਾ ਸਿਮਰਨ ਕਰਨਾ ਮਨੁਖ ਦੇ ਨਿਰਾ ਆਪਣੇ ਵਸ ਵਿਚ ਨਹੀਂ ਹੈ। ਇਹ ਅਤੀ ਉੱਤਮ ਅਤੇ ਗਹਿਨ ਕਾਰਜ ਤਦ ਹੀ ਸੰਭਵ ਹੁੰਦਾ ਹੈ, ਜੇਕਰ ਪ੍ਰਭੂ ਦੀ ਰਜ਼ਾ ਹੋਵੇ। ਇਹ ਰਜ਼ਾ, ਅਰਥਾਤ ਸੱਚ ਦੀ ਬਖਸ਼ਿਸ਼ ਉਨ੍ਹਾਂ ਉਤੇ ਹੀ ਹੁੰਦੀ ਹੈ, ਜਿਨ੍ਹਾਂ ਨੇ ਆਪਣਾ ਮੁਖ ਗੁਰੂ ਵੱਲ ਕਰ ਲਿਆ ਹੋਵੇ। ਸੱਚ ਨੂੰ ਹਿਰਦੇ ਵਿਚ ਸਦਾ ਵਸਾਈ ਰਖਣ ਵਾਲੇ ਹੀ ਗੁਰਮੁਖ ਹੁੰਦੇ ਹਨ ਜਾਂ ਗੁਰਮੁਖ ਹੀ ਸੱਚ ਨੂੰ ਸਦਾ ਹਿਰਦੇ ਵਿਚ ਵਸਾਈ ਰਖਦੇ ਹਨ। ਜਿਵੇਂ ਚਾਹੋ ਕਹਿ ਲਉ, ਪਰ ਸੱਚ ਇਹ ਹੈ ਕਿ ਗੁਰਮੁਖ ਅਤੇ ਸੱਚ ਦਾ ਅਟੁੱਟ ਰਿਸ਼ਤਾ ਹੈ।
ਅਕਸਰ ਸਾਨੂੰ ਇਸ ਤਰ੍ਹਾਂ ਭਾਸਦਾ ਹੈ, ਜਿਵੇਂ ਸਾਡਾ ਹੋਣਾ ਕਿਸੇ ਨੀਤੀ ਉੱਤੇ ਨਿਰਭਰ ਕਰਦਾ ਹੋਵੇ। ਪਰ ਅਸਲੀਅਤ ਇਹ ਹੈ ਕਿ ਸਾਡਾ ਹੋਣਾ ਜਾਂ ਨਾ ਹੋਣਾ ਨੀਅਤ ਉੱਤੇ ਨਿਰਭਰ ਕਰਦਾ ਹੈ, ਨੀਤੀ ਉੱਤੇ ਨਹੀਂ। ਇਸ ਕਰਕੇ ਪਾਤਸ਼ਾਹ ਕਹਿੰਦੇ ਹਨ ਕਿ ਸੱਚ ਹੀ ਸਭਨਾ ਦਾ ਖਸਮ, ਭਾਵ ਹਰ ਕਿਸੇ ਅਤੇ ਕਾਸੇ ਤੋਂ ਵਡਾ ਅਤੇ ਉੱਤਮ ਹੈ। ਇਹ ਅਜਿਹੀ ਦਾਤ ਜਾਂ ਸੌਗਾਤ ਹੈ ਜੋ ਉਸੇ ਨੂੰ ਹਾਸਲ ਹੁੰਦੀ ਹੈ, ਜਿਸ ’ਤੇ ਪ੍ਰਭੂ ਆਪ ਬਖਸ਼ਿਸ਼ ਕਰਦਾ ਹੈ। ਅਖੀਰ ਵਿਚ ਪਾਤਸ਼ਾਹ ਕਹਿੰਦੇ ਹਨ ਕਿ ਅਜਿਹਾ ਵਿਅਕਤੀ ਜਿਸ ਉੱਤੇ ਬਖਸ਼ਿਸ਼ ਹੋ ਜਾਵੇ ਸਤਿ-ਸੰਗਤਿ ਰੂਪੀ ਸੱਚੇ ਘਰ ਵਿਚ ਜੁੜ ਕੇ, ਸਦਾ ਅਨੰਦ ਬਖਸ਼ਣ ਵਾਲੇ ਪ੍ਰਭੂ ਦੇ ਜਸ ਦਾ ਗਾਇਨ ਕਰਦਾ ਰਹਿੰਦਾ ਹੈ।