ਇਸ
ਪਉੜੀ ਵਿਚ ਗੁਰੂ ਅਮਰਦਾਸ ਸਾਹਿਬ ਨੇਤਰਾਂ ਨੂੰ ਸੰਬੋਧਤ ਹੁੰਦੇ ਹੋਏ ਕਹਿ ਰਹੇ ਹਨ ਕਿ ਨੇਤਰਾਂ ਵਿਚ ਪ੍ਰਭੂ ਨੇ ਆਪਣੀ ਜੋਤਿ ਟਿਕਾਈ ਹੋਈ ਹੈ। ਇਸ ਲਈ ਇਨ੍ਹਾਂ ਨੂੰ ਹਰ ਪਾਸੇ ਵਿਆਪਕ ਪ੍ਰਭੂ ਦੇ ਦੀਦਾਰ ਹੀ ਕਰਨੇ ਚਾਹੀਦੇ ਹਨ। ਪਰ ਅਗਿਆਨਤਾ ਕਾਰਣ ਇਸ ਸੂਖਮ ਤੱਤ ਦੀ ਪਛਾਣ ਕਰਨ ਵੱਲੋਂ ਇਹ ਨੇਤਰ ਅੰਨ੍ਹੇ ਹੋਏ ਪਏ ਹਨ। ਗੁਰ-ਸ਼ਬਦ ਦੀ ਬਰਕਤ ਨਾਲ ਜਦੋਂ ਮਨੁਖ ਨੂੰ ਇਸ ਤੱਤ ਦੀ ਸੋਝੀ ਹੋ ਜਾਂਦੀ ਹੈ ਤਾਂ ਉਹ ਹਰ ਤਰ੍ਹਾਂ ਦੀ ਤੇਰ-ਮੇਰ ਤਿਆਗ ਕੇ ਆਤਮਕ ਅਨੰਦ ਮਾਣਦਾ ਹੈ।
ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥
ਹਰਿ ਬਿਨੁ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ ॥
ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥
ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥
ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥
-ਗੁਰੂ ਗ੍ਰੰਥ ਸਾਹਿਬ ੯੨੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਦੇਹੀ ਉਪਰੰਤ ਪਾਤਸ਼ਾਹ ਆਪਣੇ ਨੇਤਰਾਂ ਰਾਹੀਂ ਸਗਲੀ ਖ਼ਲਕਤ ਦੇ ਨੇਤਰਾਂ ਨੂੰ ਮੁਖਾਤਬ ਹੁੰਦੇ ਹਨ ਕਿ ਹਰੀ ਪ੍ਰਭੂ ਨੇ ਉਨ੍ਹਾਂ ਨੂੰ ਜੋਤਿ, ਰੌਸ਼ਨੀ ਅਤੇ ਦੇਖਣ ਦੀ ਸਮਰੱਥਾ ਬਖਸ਼ਿਸ਼ ਕੀਤੀ ਹੈ। ਇਸ ਕਰਕੇ ਨੇਤਰਾਂ ਨੂੰ ਆਪਣੇ ਜੋਤਿ ਦਾਤੇ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਦੇਖਣਾ ਚਾਹੀਦਾ। ਇਸ ਕਥਨ ਦਾ ਗੁਹਜ ਭਾਵ ਇਹ ਪ੍ਰਤੀਤ ਹੁੰਦਾ ਹੈ ਕਿ ਇਨ੍ਹਾਂ ਨੇਤਰਾਂ ਨਾਲ ਜੋ ਵੀ ਨਜ਼ਰ ਆਉਂਦਾ ਹੈ, ਉਹ ਹਰੀ ਪ੍ਰਭੂ ਦਾ ਹੀ ਕੋਈ ਨਾ ਕੋਈ ਰੂਪ ਹੁੰਦਾ ਹੈ, ਉਸ ਨੂੰ ਪ੍ਰਭੂ ਤੋਂ ਬਿਨਾਂ ਕੁਝ ਹੋਰ ਅਨੁਮਾਨ ਕਰਨਾ ਗਲਤਫਹਿਮੀ ਹੈ। ਪੰਜਵੇਂ ਪਾਤਸ਼ਾਹ ਦਾ ਕਥਨ ਹੈ: ਜੋ ਦੀਸੈ ਸੋ ਤੇਰਾ ਰੂਪੁ ॥
ਪਾਤਸ਼ਾਹ ਫਿਰ ਦੁਹਰਾਉਂਦੇ ਹਨ ਕਿ ਜਿਸ ਨੂੰ ਆਪਣੀ ਨਜ਼ਰ, ਅਰਥਾਤ ਅੰਤਰੀਵ ਸੂਝ ਨਾਲ ਪਛਾਣ ਲਿਆ ਹੈ, ਉਸ ਹਰੀ ਪ੍ਰਭੂ ਦੇ ਬਿਨਾਂ ਕਿਸੇ ਹੋਰ ਨੂੰ ਨਾ ਦੇਖੋ। ਇਸ ਦਾ ਭਾਵ ਵੀ ਇਹੀ ਹੈ ਕਿ ਜੋ ਵੀ ਨਜ਼ਰ ਆਉਂਦਾ ਹੈ, ਸਭ ਉਹੀ ਪ੍ਰਭੂ ਆਪ ਹੈ।
ਬਹੁਤ ਸਾਰੇ ਲੋਕਾਂ ਨੇ ਪ੍ਰਭੂ ਦੀ ਇਸ ਤਰ੍ਹਾਂ ਕਲਪਨਾ ਕੀਤੀ ਹੈ, ਜਿਵੇਂ ਉਹ ਦਿਸਦੇ ਜਗਤ ਦਾ ਕੋਈ ਵਿਰੋਧੀ ਰੂਪ ਹੋਵੇ। ਪਰ ਪਾਤਸ਼ਾਹ ਅਗਲੀ ਤੁਕ ਵਿਚ ਦੱਸਦੇ ਹਨ ਕਿ ਇਹ ਦਿਸਦਾ ਸੰਸਾਰ ਅਸਲ ਵਿਚ ਉਸ ਅਦਿੱਖ ਪ੍ਰਭੂ ਦਾ ਹੀ ਰੂਪ ਹੈ, ਜਿਸ ਨੂੰ ਅਸੀਂ ਮੁਗਾਲਤੇ ਵਸ ਕੁਝ ਹੋਰ ਸਮਝ ਲਿਆ ਹੈ। ਪਰ ਇਹ ਅਸਲ ਵਿਚ ਉਸੇ ਹਰੀ ਦਾ ਰੂਪ ਹੈ ਤੇ ਇਹ ਉਸ ਹਰੀ ਪ੍ਰਭੂ ਦੀ ਬਖਸ਼ੀ ਹੋਈ ਸੁਵੱਲੀ ਨਦਰ ਨਾਲ ਹੀ ਨਜ਼ਰ ਆਉਂਦਾ ਹੈ।
ਪਿਛਲੀਆਂ ਪਉੜੀਆਂ ਵਿਚ ਪੇਸ਼ ਹੋਏ ਸੱਚ ਬਾਬਤ ਪਾਤਸ਼ਾਹ ਦੱਸਦੇ ਹਨ ਕਿ ਉਸ ਦੀ ਸੋਝੀ ਗੁਰੂ ਦੀ ਮਿਹਰ ਨਾਲ ਹੀ ਹੁੰਦੀ ਹੈ ਤੇ ਜਿਸ ਉੱਤੇ ਵੀ ਗੁਰੂ ਦੀ ਮਿਹਰ ਹੁੰਦੀ ਹੈ, ਉਸ ਨੂੰ ਸਪਸ਼ਟ ਹੋ ਜਾਂਦਾ ਹੈ ਕਿ ਪ੍ਰਭੂ ਇਕ ਹੈ ਤੇ ਉਸ ਦੇ ਬਗੈਰ ਹੋਰ ਕੁਝ ਵੀ ਨਹੀਂ ਹੈ ਅਤੇ ਜੋ ਵੀ ਹੈ ਉਹ ਸਿਰਫ ਇਕ ਪ੍ਰਭੂ ਹੀ ਹੈ।
ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਮਨੁਖ ਦੇ ਨੇਤਰ ਅੰਨ੍ਹੇ ਹਨ। ਇਥੇ ਅੰਨ੍ਹੇ ਹੋਣ ਦਾ ਇਹ ਭਾਵ ਨਹੀਂ ਕਿ ਇਹ ਕੁਝ ਦੇਖ ਨਹੀਂ ਸਕਦੇ। ਇਹ ਦੇਖਦੇ ਹਨ, ਪਰ ਜੋ ਵੀ ਦੇਖਦੇ ਹਨ ਸਤਹੀ ਪੱਧਰ ’ਤੇ ਦੇਖਦੇ ਹਨ। ਪਾਤਸ਼ਾਹ ਦੱਸਦੇ ਹਨ ਕਿ ਸਤਹ ਤੋਂ ਹੇਠਾਂ ਅਦਿੱਖ ਸੱਚ ਦੇਖਣ ਵਾਲੀ ਦਿਬ-ਦ੍ਰਿਸ਼ਟੀ ਤਾਂ ਸੱਚ ਦੇ ਮੁਜੱਸਮੇ ਗੁਰੂ ਨੂੰ ਮਿਲਿਆਂ ਹੀ ਨਸੀਬ ਹੁੰਦੀ ਹੈ।