ਇਸ
ਪਉੜੀ ਵਿਚ ਗੁਰੂ ਅਮਰਦਾਸ ਸਾਹਿਬ ਸਰੀਰ ਨੂੰ ਸੰਬੋਧਤ ਹੁੰਦੇ ਹੋਏ ਕਹਿ ਰਹੇ ਹਨ ਕਿ ਸਰੀਰ ਨੇ ਇਸ ਜਗਤ ਵਿਚ ਆ ਕੇ ਆਪਣੇ ਰਚਣਹਾਰ ਪ੍ਰਭੂ ਨੂੰ ਹੀ ਵਿਸਾਰ ਦਿੱਤਾ ਹੈ। ਗੁਰ-ਸ਼ਬਦ ਦੀ ਬਰਕਤ ਨਾਲ ਜਦੋਂ ਪ੍ਰਭੂ ਮਨ ਵਿਚ ਵਸ ਜਾਵੇ, ਉਦੋਂ ਹੀ ਮਨੁਖ ਦਾ ਸੰਸਾਰ ਵਿਚ ਆਉਣਾ ਸਫਲਾ ਹੁੰਦਾ ਹੈ। ਅਜਿਹੇ ਜੀਵਨ ਵਾਲਾ ਮਨੁਖ ਹੀ ਆਤਮਕ ਅਨੰਦ ਨੂੰ ਮਾਣ ਸਕਦਾ ਹੈ।
ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ ॥
ਕਿ ਕਰਮ ਕਮਾਇਆ ਤੁਧੁ ਸਰੀਰਾ ਜਾ ਤੂ ਜਗ ਮਹਿ ਆਇਆ ॥
ਜਿਨਿ ਹਰਿ ਤੇਰਾ ਰਚਨੁ ਰਚਿਆ ਸੋ ਹਰਿ ਮਨਿ ਨ ਵਸਾਇਆ ॥
ਗੁਰ ਪਰਸਾਦੀ ਹਰਿ ਮੰਨਿ ਵਸਿਆ ਪੂਰਬਿ ਲਿਖਿਆ ਪਾਇਆ ॥
ਕਹੈ ਨਾਨਕੁ ਏਹੁ ਸਰੀਰੁ ਪਰਵਾਣੁ ਹੋਆ ਜਿਨਿ ਸਤਿਗੁਰ ਸਿਉ ਚਿਤੁ ਲਾਇਆ ॥੩੫॥
-ਗੁਰੂ ਗ੍ਰੰਥ ਸਾਹਿਬ ੯੨੧-੯੨੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਗੁਰਮਤਿ ਦਾ ਵਿਚਾਰ ਹੈ ਕਿ ਮਨੁਖ ਦੀ ਦੇਹੀ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਦਾ ਜ਼ਰੀਆ ਹੈ। ਜਿਹੜੇ ਲੋਕ ਮਨੁਖਾ ਜਨਮ ਲੈ ਕੇ ਇਸ ਦੇਹੀ ਦਾ ਸੱਚ-ਸਰੂਪ ਪ੍ਰਭੂ-ਮਿਲਾਪ ਲਈ ਸਦਉਪਯੋਗ ਨਹੀਂ ਕਰਦੇ, ਅਜਿਹੇ ਲੋਕਾਂ ਦੀ ਦੇਹੀ ਨੂੰ ਪਾਤਸ਼ਾਹ ਇਸ ਪਉੜੀ ਵਿਚ ਨਿਹੋਰੇ ਅਤੇ ਸਵਾਲੀਆ ਅੰਦਾਜ਼ ਵਿਚ ਮੁਖਾਤਬ ਹੁੰਦੇ ਹਨ ਕਿ ਅਜਿਹੇ ਸਰੀਰ ਨੇ ਇਸ ਜਗਤ ਵਿਚ ਜਨਮ ਲੈ ਕੇ ਕਿਹੜਾ ਕੰਮ ਕੀਤਾ ਹੈ? ਅਸਲ ਵਿਚ ਇਹ ਸਵਾਲ ਨਹੀਂ ਹੈ, ਬਲਕਿ ਪਾਤਸ਼ਾਹ ਦਾ ਅੰਤਰੀਵ ਭਾਵ ਇਹ ਹੈ ਕਿ ਜੇਕਰ ਸਾਡੀ ਦੇਹੀ ਸਾਨੂੰ ਪ੍ਰਭੂ-ਮਿਲਾਪ, ਭਾਵ ਸੱਚ ਦੀ ਖੋਜ ਅਤੇ ਦਿਸ਼ਾ ਵਿਚ ਨਹੀਂ ਲੈ ਕੇ ਜਾਂਦੀ ਤਾਂ ਇਸ ਦੇਹੀ ਨਾਲ ਕੀਤੇ ਸਭ ਕਾਰਜ ਨਿਰਮੂਲ ਅਤੇ ਵਿਅਰਥ ਹਨ। ਪਾਤਸ਼ਾਹ ਇਹ ਸਵਾਲ ਕਿਸੇ ਹੋਰ ਨੂੰ ਕਰਨ ਦੀ ਬਜਾਏ ਖੁਦ ਦੇ ਸਰੀਰ ਨੂੰ ਕਰਦੇ ਹਨ ਤੇ ਇਹ ਦੂਸਰੇ ਨਾਲ ਸੰਵਾਦ ਰਚਾਉਣ ਦਾ ਖੂਬਸੂਰਤ ਅਤੇ ਪ੍ਰਭਾਵਸ਼ਾਲੀ ਅੰਦਾਜ਼ ਹੈ।
ਉਸੇ ਸਵਾਲ ਨੂੰ ਪਾਤਸ਼ਾਹ ਫਿਰ ਦੁਹਰਾਉਂਦੇ ਹਨ ਕਿ ਇਸ ਸਰੀਰ ਨੇ ਜਗ ਵਿਚ ਜਨਮ ਲੈ ਕੇ ਕਿਹੜਾ ਕਰਮ ਕੀਤਾ ਹੈ? ਇਸ ਸਵਾਲ ਵਿਚ ਵੀ ਇਸ ਦਾ ਜਵਾਬ ਹੈ ਕਿ ਦੇਹੀ ਨੇ ਉਸ ਦਿਸ਼ਾ ਵਿਚ ਕੋਈ ਕਰਮ ਨਹੀਂ ਕੀਤਾ।
ਪਾਤਸ਼ਾਹ ਫਿਰ ਨਿਹੋਰਾ ਮਾਰਦੇ ਹਨ ਕਿ ਜਿਸ ਹਰੀ ਪ੍ਰਭੂ ਨੇ ਦੇਹ ਦੀ ਰਚਨਾ ਕੀਤੀ ਹੈ, ਇਹ ਦੇਹੀ ਉਸੇ ਹਰੀ, ਭਾਵ ਆਪਣੇ ਰਚਣਹਾਰੇ ਨੂੰ ਹੀ ਮਨ ਵਿਚ ਯਾਦ ਨਾ ਰਖ ਸਕੀ।
ਦੇਹੀ ’ਤੇ ਸਵਾਲ ਕਰਨ ਉਪਰੰਤ ਪਾਤਸ਼ਾਹ ਸੱਚ-ਸਰੂਪ ਪ੍ਰਭੂ-ਮਿਲਾਪ ਦਾ ਅੰਤਰੀਵ ਭੇਤ ਦੱਸਦੇ ਹਨ ਕਿ ਅਸਲ ਵਿਚ ਉਹ ਗਿਆਨ-ਰੂਪ ਗੁਰੂ ਦੀ ਕਿਰਪਾ ਨਾਲ ਨਸੀਬ ਹੁੰਦਾ ਹੈ ਤੇ ਜਿਨ੍ਹਾਂ ਦੇ ਵੀ ਮਸਤਕ ਵਿਚ ਉਸ ਦਾ ਮਿਲਣਾ ਲਿਖਿਆ ਹੁੰਦਾ ਹੈ, ਉਨ੍ਹਾਂ ਨੂੰ ਹੀ ਉਹ ਮਿਲਦਾ ਹੈ। ਅਸਲ ਵਿਚ ਇਹ ਵਿਚਾਰ ਪ੍ਰਭੂ-ਮਿਲਾਪ ਲਈ ਉੱਦਮ ਵਿਚ ਜੁਟੇ ਸਾਧਕ ਦੇ ਅੰਦਰੋਂ ਉਸ ਦਾ ਆਪਾ-ਭਾਵ ਮਿਟਾਉਣ ਲਈ ਹੈ ਤਾਂ ਜੋ ਉਸ ਦਾ ਉੱਦਮ ਕਿਤੇ ਉਸ ਦੇ ਅੰਦਰ ਹਉਮੈ-ਭਾਵ ਨਾ ਉਪਜਾ ਦੇਵੇ।
ਅਖੀਰ ਵਿਚ ਪਾਤਸ਼ਾਹ ਦੇਹੀ ਪ੍ਰਤੀ ਸੱਚ ਬਿਆਨ ਕਰਦੇ ਹਨ ਕਿ ਉਹੀ ਸਰੀਰ ਆਪਣੇ ਮਕਸਦ ਵਿਚ ਪ੍ਰਵਾਣ ਚੜ੍ਹਦੇ ਹਨ, ਜਿਹੜੇ ਸੱਚ-ਸਰੂਪ ਗੁਰੂ ਨੂੰ ਹਿਰਦੇ ਵਿਚ ਵਸਾਈ ਰਖਦੇ ਹਨ ਤੇ ਜਿਸ ਦੀ ਕਿਰਪਾ ਨਾਲ ਪ੍ਰਭੂ ਮਿਲਾਪ ਤਕ ਪੁੱਜਦੇ ਹਨ।