ਇਸ
ਪਉੜੀ ਵਿਚ ਮਨੁਖੀ ਸਰੀਰ ਨੂੰ ਸੰਬੋਧਤ ਹੁੰਦਿਆਂ ਦ੍ਰਿੜ ਕਰਾਇਆ ਗਿਆ ਹੈ ਕਿ ਪ੍ਰਭੂ ਹੀ ਇਸ ਸ਼੍ਰਿਸ਼ਟੀ ਦਾ ਮੂਲ ਹੈ। ਪ੍ਰਭੂ ਜਦੋਂ ਇਸ ਸਰੀਰ ਵਿਚ ਆਪਣੀ ਚੇਤਨ-ਸੱਤਾ ਟਿਕਾਉਂਦਾ ਹੈ ਤਾਂ ਇਹ ਸੰਸਾਰ ਵਿਚ ਆਉਂਦਾ ਹੈ। ਗੁਰ-ਸ਼ਬਦ ਦੀ ਬਰਕਤ ਨਾਲ ਜਦੋਂ ਮਨੁਖ ਨੂੰ ਪਰਮ-ਆਤਮਾ ਅਤੇ ਜੀਵ-ਆਤਮਾ ਦੀ ਅਭੇਦਤਾ ਦਾ ਗਿਆਨ ਹੁੰਦਾ ਹੈ ਤਾਂ ਇਹ ਸੰਸਾਰ ਇਕ ਖੇਡ-ਤਮਾਸ਼ਾ ਨਜ਼ਰੀਂ ਆਉਂਦਾ ਹੈ। ਇਸ ਖੇਡ-ਤਮਾਸ਼ੇ ਦੀ ਸੋਝੀ ਹੀ ਆਤਮਕ ਅਨੰਦ ਵੱਲ ਲੈ ਕੇ ਜਾਂਦੀ ਹੈ।
ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ ॥
ਹਰਿ ਜੋਤਿ ਰਖੀ ਤੁਧੁ ਵਿਚਿ ਤਾ ਤੂ ਜਗ ਮਹਿ ਆਇਆ ॥
ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ ॥
ਗੁਰ ਪਰਸਾਦੀ ਬੁਝਿਆ ਤਾ ਚਲਤੁ ਹੋਆ ਚਲਤੁ ਨਦਰੀ ਆਇਆ ॥
ਕਹੈ ਨਾਨਕੁ ਸ੍ਰਿਸਟਿ ਕਾ ਮੂਲੁ ਰਚਿਆ ਜੋਤਿ ਰਾਖੀ ਤਾ ਤੂ ਜਗ ਮਹਿ ਆਇਆ ॥੩੩॥
-ਗੁਰੂ ਗ੍ਰੰਥ ਸਾਹਿਬ ੯੨੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਮਨੁਖਾ ਦੇਹੀ ਦੀ ਮੁਢਲੀ ਪੈਦਾਇਸ਼ ਬਾਬਤ ਹਰੇਕ ਸੱਭਿਅਤਾ ਵਿਚ ਵਖ-ਵਖ ਮਿੱਥਾਂ ਪ੍ਰਚਲਤ ਹਨ। ਕੋਈ ਕਹਿੰਦਾ ਹੈ ਮਨੁਖ ਮਿੱਟੀ ਤੋਂ ਬਣਾਇਆ ਗਿਆ ਤੇ ਕੋਈ ਕਹਿੰਦਾ ਹੈ ਕਿ ਰੱਬ ਨੇ ਆਪਣੇ ਪਰਛਾਵੇਂ ਤੋਂ ਮਨੁਖ ਬਣਾਇਆ। ਇਸੇ ਤਰ੍ਹਾਂ ਹਿੰਦੂ ਮਿੱਥਾਂ ਵਿਚ ਵਖ-ਵਖ ਤਰੀਕਿਆਂ ਨਾਲ ਬ੍ਰਹਮਾ ਨੂੰ ਮਨੁਖ ਦਾ ਸਿਰਜਕ ਦੱਸਿਆ ਗਿਆ ਹੈ।
ਪਰ ਇਸ ਪਉੜੀ ਵਿਚ ਪਾਤਸ਼ਾਹ ਆਪਣੀ ਦੇਹ ਨੂੰ ਮੁਖਾਤਬ ਹੋ ਕੇ ਦੱਸਦੇ ਹਨ ਕਿ ਪ੍ਰਭੂ ਨੇ ਮਨੁਖਾ ਦੇਹ ਦੀ ਸਿਰਜਣਾ ਕੀਤੀ ਤੇ ਉਸ ਵਿਚ ਜੋਤਿ ਬਾਲੀ, ਭਾਵ ਗਿਆਨ ਦਾ ਪ੍ਰਕਾਸ਼ ਕੀਤਾ ਤੇ ਸੰਸਾਰ ਵਿਚ ਭੇਜ ਦਿੱਤਾ। ਫਿਰ ਇਸੇ ਗੱਲ ਨੂੰ ਦੁਹਰਾਉਂਦੇ ਹਨ ਕਿ ਹਰੀ ਪ੍ਰਭੂ ਨੇ ਇਸ ਵਿਚ ਜੋਤਿ ਰਖੀ ਤਾਂ ਇਹ ਜਗਤ ਵਿਚ ਆਈ ਹੈ।
ਜੋਤਿ, ਪ੍ਰਕਾਸ਼ ਨੂੰ ਕਹਿੰਦੇ ਹਨ ਤੇ ਪ੍ਰਕਾਸ਼ ਅਦਿਖ ਹੁੰਦਾ ਹੈ। ਅਸੀਂ ਪ੍ਰਕਾਸ਼ ਦਾ ਸੋਮਾ ਦੇਖ ਸਕਦੇ ਹਾਂ, ਪ੍ਰਕਾਸ਼ ਨਹੀਂ। ਬੇਸ਼ੱਕ ਪ੍ਰਕਾਸ਼ ਅਦਿਖ ਹੁੰਦਾ ਹੈ, ਪਰ ਇਹ ਸਾਨੂੰ ਦੇਖਣ ਦੀ ਸਮਰੱਥਾ ਦਿੰਦਾ ਹੈ।
ਪ੍ਰਕਾਸ਼, ਬੁਧੀ ਭਾਵ ਗਿਆਨ ਦਾ ਪ੍ਰਤੀਕ ਹੈ। ਪਸ਼ੂ-ਜਗਤ ਦੇਹ ਦੀ ਲੋੜ ਮੁਤਾਬਕ ਕਾਰਜ ਕਰਦਾ ਹੈ, ਪਰ ਉਸ ਕੋਲ ਗਲਤ ਜਾਂ ਠੀਕ ਦਾ ਨਿਰਣਾ ਕਰਨ ਦੀ ਸਮਰੱਥਾ ਨਹੀਂ ਹੁੰਦੀ। ਮਨੁਖ ਦੀਆਂ ਵੀ ਦੇਹ ਦੀਆਂ ਲੋੜਾਂ ਹੁੰਦੀਆਂ ਹਨ, ਪਰ ਮਨੁਖ ਕੋਲ ਗਲਤ ਅਤੇ ਠੀਕ ਵਿਚ ਨਿਰਣਾ ਕਰਨ ਦੀ ਅਥਾਹ ਸਮਰੱਥਾ ਹੁੰਦੀ ਹੈ। ਇਹ ਸਮਰੱਥਾ ਜਾਂ ਚੇਤਨਤਾ ਪ੍ਰਭੂ ਨੇ ਖੁਦ ਮਨੁਖ ਨੂੰ ਪ੍ਰਦਾਨ ਕੀਤੀ ਹੈ।
ਇਸੇ ਕਰਕੇ ਪਾਤਸ਼ਾਹ ਹਰੀ ਪ੍ਰਭੂ ਨੂੰ ਹੀ ਮਨੁਖ ਦਾ ਅਸਲ ਮਾਤਾ-ਪਿਤਾ ਦੱਸਦੇ ਹਨ, ਕਿਉਂਕਿ ਉਸ ਨੇ ਹੀ ਸਾਨੂੰ ਪੈਦਾ ਕਰਕੇ ਜਗਤ ਨੂੰ ਦੇਖਣ ਦੀ ਸਮਰੱਥਾ ਬਖਸ਼ਿਸ਼ ਕੀਤੀ ਹੈ। ਇਥੇ ਜਗਤ ਨੂੰ ਦੇਖਣ ਦਾ ਅਰਥ ਕੇਵਲ ਅੱਖਾਂ ਨਾਲ ਦੇਖਣਾ ਨਹੀਂ ਹੈ, ਬਲਕਿ ਪ੍ਰਭੂ ਦੀ ਬਖਸ਼ਿਸ਼ ਕੀਤੀ ਹੋਈ ਜੋਤਿ, ਪ੍ਰਕਾਸ਼, ਭਾਵ ਗਲਤ ਠੀਕ ਦਾ ਨਿਖੇੜਾ ਕਰਨ ਵਾਲੀ ਮੱਤ, ਭਾਵ ਬੁੱਧ ਹੈ।
ਅਗਲੀ ਤੁਕ ਵਿਚ ਪਾਤਸ਼ਾਹ ਜੋਤਿ ਦਾ ਭੇਤ ਖੋਲਦੇ ਹਨ ਕਿ ਜਦ ਗੁਰੂ ਦੀ ਮਿਹਰ ਸਦਕਾ ਪ੍ਰਾਪਤ ਹੋਈ ਮੱਤ ਅਨੁਸਾਰ ਸਮਝਿਆ ਤਾਂ ਇਹ ਕੌਤਕ ਵਾਪਰਿਆ ਕਿ ਸੰਸਾਰ ਇਕ ਕੌਤਕ ਵਜੋਂ ਨਜ਼ਰ ਆ ਗਿਆ। ਦਿਖਦਾ ਜਗਤ ਪ੍ਰਭੂ ਦੀ ਇਕ ਖੇਡ ਹੈ ਤੇ ਇਸ ਖੇਡ ਦਾ ਪਤਾ ਲੱਗ ਜਾਣਾ ਵੀ ਇਕ ਖੇਡ ਹੈ। ਇਥੇ ਇਨ੍ਹਾਂ ਦੋਹਾਂ ਸਥਿਤੀਆਂ ਵੱਲ ਇਸ਼ਾਰਾ ਕੀਤਾ ਗਿਆ ਹੈ।
ਅਖੀਰ ਵਿਚ ਪਾਤਸ਼ਾਹ ਫਿਰ ਦੁਹਰਾਉਂਦੇ ਹਨ ਕਿ ਜਿਸ ਸਮੇਂ ਹਰੀ-ਪ੍ਰਭੂ ਨੇ ਇਸ ਸ੍ਰਿਸ਼ਟੀ ਦਾ ਨਿਰਮਾਣ ਕੀਤਾ ਤਾਂ ਉਸ ਨੇ ਮਨੁਖ ਨੂੰ ਗਿਆਨ ਦੀ ਸਮਰੱਥਾ ਬਖਸ਼ਿਸ਼ ਕੀਤੀ ਤਾਂ ਮਨੁਖ ਇਸ ਜਗਤ ਵਿਚ ਆਇਆ।