Guru Granth Sahib Logo
  
ਇਸ ਪਉੜੀ ਵਿਚ ਮਨੁਖੀ ਜੀਭਾ ਨੂੰ ਸੰਬੋਧਤ ਹੁੰਦਿਆਂ ਕਿਹਾ ਗਿਆ ਹੈ ਕਿ ਦੁਨਿਆਵੀ ਰਸਾਂ ਵਿਚ ਖਚਤ ਹੋ ਕੇ ਇਸ ਦੀ ਤ੍ਰਿਪਤੀ ਨਹੀਂ ਹੋ ਸਕਦੀ। ਇਸ ਦੀ ਤ੍ਰਿਪਤੀ ਹਰੀ-ਨਾਮ ਦੇ ਰਸ ਨਾਲ ਹੀ ਹੁੰਦੀ ਹੈ। ਜਦੋਂ ਮਨੁਖ ਨੂੰ ਗੁਰ-ਸ਼ਬਦ ਰਾਹੀਂ ਇਹ ਰਸ ਆਉਣ ਲਗਦਾ ਹੈ ਤਾਂ ਹੋਰ ਸਾਰੇ ਰਸ ਵਿਸਰ ਜਾਂਦੇ ਹਨ ਅਤੇ ਮਨੁਖ ਆਤਮਕ ਅਨੰਦ ਪਾ ਲੈਂਦਾ ਹੈ।
ਰਸਨਾ  ਤੂ ਅਨ ਰਸਿ ਰਾਚਿ ਰਹੀ   ਤੇਰੀ ਪਿਆਸ ਜਾਇ
ਪਿਆਸ ਜਾਇ ਹੋਰਤੁ ਕਿਤੈ   ਜਿਚਰੁ ਹਰਿ ਰਸੁ ਪਲੈ ਪਾਇ
ਹਰਿ ਰਸੁ ਪਾਇ ਪਲੈ  ਪੀਐ ਹਰਿ ਰਸੁ   ਬਹੁੜਿ ਤ੍ਰਿਸਨਾ ਲਾਗੈ ਆਇ
ਏਹੁ ਹਰਿ ਰਸੁ ਕਰਮੀ ਪਾਈਐ   ਸਤਿਗੁਰੁ ਮਿਲੈ ਜਿਸੁ ਆਇ
ਕਹੈ ਨਾਨਕੁ  ਹੋਰਿ ਅਨ ਰਸ ਸਭਿ ਵੀਸਰੇ   ਜਾ ਹਰਿ ਵਸੈ ਮਨਿ ਆਇ ॥੩੨॥
-ਗੁਰੂ ਗ੍ਰੰਥ ਸਾਹਿਬ ੯੨੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਭੋਜਨ ਸਾਡੀ ਦੇਹ ਦੀ ਲੋੜ ਹੈ ਤੇ ਕੁਦਰਤ ਨੇ ਸਾਡੀ ਜੀਭ ਨੂੰ ਅਜਿਹੀ ਸਮਰੱਥਾ ਦਿੱਤੀ ਹੈ, ਜਿਸ ਨਾਲ ਸਾਨੂੰ ਪਤਾ ਲੱਗ ਸਕੇ ਕਿ ਦੇਹ ਲਈ ਕਿਹੜਾ ਭੋਜਨ ਖਾਣਾ ਠੀਕ ਹੈ। ਜੀਭ ਸਾਨੂੰ ਭੋਜਨ ਦੇ ਪੰਜ ਬੁਨਿਆਦੀ ਸੁਆਦ ਖੱਟਾ, ਮਿੱਠਾ, ਲੂਣਾ, ਕੌੜਾ ਅਤੇ ਕਰਾਰਾ ਦੱਸਦੀ ਹੈ। ਖੁਰਾਕੀ ਤੱਤਾਂ ਦੀ ਪੂਰਤੀ ਦੇ ਇਲਾਵਾ, ਸੁਆਦ ਸਾਡੀ ਦੇਹ ਵਿਚ ਅਨੰਦਮਈ ਰਸ ਘੋਲ ਦਿੰਦੇ ਹਨ। ਇਸੇ ਕਾਰਣ ਜੀਭ ਨੂੰ ਰਸਨਾ ਵੀ ਕਿਹਾ ਜਾਂਦਾ ਹੈ।

ਮਨੁਖ ਦਾ ਸੁਭਾਅ ਅਨੰਦ ਵਿਚ ਰਹਿਣਾ ਹੈ, ਜਿਸ ਕਰਕੇ ਮਨੁਖ ਵਧੇਰੇ ਖਾਣ ਵਿਚ ਰੁਚਿਤ ਹੋ ਜਾਂਦਾ ਹੈ ਤਾਂ ਕਿ ਦੇਹ ਵਿਚ ਰਸ ਘੁਲਦੇ ਰਹਿਣ। ਵਧੇਰੇ ਖਾਣਾ, ਅਰਥਾਤ ਵਾਧੂ ਖੁਰਾਕੀ ਤੱਤ ਸਾਡੀ ਦੇਹ ਲਈ ਹਾਨੀਕਾਰਕ ਹੁੰਦੇ ਹਨ। 

ਭੋਜਣ ਨੂੰ ਖਾਣ ਤੋਂ ਇਲਾਵਾ ਜੀਭ ਦਾ ਦੂਜਾ ਕੰਮ ਬੋਲਣਾ ਹੈ, ਜਿਸ ਨਾਲ ਅਸੀਂ ਸਮਾਜਕ ਸੰਪਰਕ ਕਾਇਮ ਕਰਦੇ ਹਾਂ, ਰਿਸ਼ਤੇ ਬਣਾਉਂਦੇ ਹਾਂ ਤੇ ਰਿਸ਼ਤੇ ਵੀ ਸਾਡੇ ਜੀਵਨ ਵਿਚ ਅਨੰਦਮਈ ਰਸ ਘੋਲਦੇ ਹਨ। 

ਜੀਭ ਨਾਲ ਬੋਲ ਕੇ ਅਸੀਂ ਪ੍ਰਭੂ ਦਾ ਨਾਮ ਵੀ ਸਿਮਰ ਸਕਦੇ ਹਾਂ। ਸਿਮਰਨ ਪ੍ਰਭੂ-ਮਿਲਾਪ ਵਿਚ ਸਹਾਈ ਹੁੰਦਾ ਹੈ ਤੇ ਪ੍ਰਭੂ-ਮਿਲਾਪ ਵੀ ਅਜਿਹਾ ਰਸ ਦਿੰਦਾ ਹੈ, ਜਿਹੜਾ ਸਾਨੂੰ ਅਨੰਦ ਦੀ ਅਵਸਥਾ ਵਿਚ ਲੈ ਜਾਂਦਾ ਹੈ, ਜਿਸ ਨੂੰ ਪਰਮ ਅਨੰਦ ਕਿਹਾ ਜਾਂਦਾ ਹੈ।

ਇਸੇ ਕਰਕੇ ਇਸ ਪਉੜੀ ਵਿਚ ਪਾਤਸ਼ਾਹ ਰਸਨਾ, ਭਾਵ ਜੀਭ ਨੂੰ ਮੁਖਾਤਬ ਹੁੰਦੇ ਹਨ ਕਿ ਉਹ ਪ੍ਰਭੂ-ਮਿਲਾਪ ਵਾਲੇ ਪਰਮ ਅਨੰਦ ਦੀ ਬਜਾਏ ਬੇਲੋੜੇ ਖਾਣ ਪੀਣ, ਬੇਮਤਲਬ ਬੋਲਚਾਲ ਅਤੇ ਨਿੰਦਿਆ-ਚੁਗਲੀ ਜਿਹੇ ਕੁ-ਰਸਾਂ ਵਿਚ ਹੀ ਏਨੀ ਰਮੀ ਹੋਈ ਹੈ ਕਿ ਉਸ ਦੀ ਇਹ ਕੁਰਾਹੇ ਪਾਉਣ ਵਾਲੀ ਪਿਆਸ ਮਿਟਣ ਵਿਚ ਨਹੀਂ ਆਉਂਦੀ।

ਪਾਤਸ਼ਾਹ ਫਿਰ ਕਹਿੰਦੇ ਹਨ ਜਦ ਤਕ ਇਹ ਰਸਨਾ ਹਰੀ-ਰਸ ਵਾਲਾ ਪਰਮ ਅਨੰਦ ਪ੍ਰਾਪਤ ਨਹੀਂ ਕਰ ਲੈਂਦੀ, ਉਦੋਂ ਤਕ ਹੋਰ ਕਿਸੇ ਵੀ ਤਰ੍ਹਾਂ ਇਸ ਦੀ ਪਿਆਸ ਨਹੀਂ ਮਿਟ ਸਕਦੀ, ਅਰਥਾਤ ਹੋਰ ਰਸ ਇਸ ਨੂੰ ਪ੍ਰਭੂ-ਮਿਲਾਪ ਵਾਲਾ ਪਰਮ ਅਨੰਦ ਨਹੀਂ ਦੇ ਸਕਦੇ।

ਪਾਤਸ਼ਾਹ ਰਸਨਾ ਨੂੰ ਫਿਰ ਤਾਕੀਦ ਕਰਦੇ ਹਨ ਕਿ ਉਹ ਪ੍ਰਭੂ-ਮਿਲਾਪ ਵਾਲੇ ਰਸ ਨੂੰ ਪ੍ਰਾਪਤ ਕਰੇ, ਉਸੇ ਰਸ ਨੂੰ ਪੀਵੇ ਤਾਂ ਜੋ ਮੁੜਕੇ ਖੁਰਾਕ ਵਾਲੇ ਵਾਧੂ ਅਤੇ ਹੋਰ ਹਾਨੀਕਾਰਕ ਰਸਾਂ ਦੀ ਤ੍ਰਿਸ਼ਨਾ ਹੀ ਨਾ ਰਹੇ। 

ਫਿਰ ਪਾਤਸ਼ਾਹ ਦੱਸਦੇ ਹਨ ਕਿ ਪ੍ਰਭੂ-ਮਿਲਾਪ ਵਾਲਾ ਰਸ ਚੰਗੇ ਭਾਗਾਂ ਨਾਲ ਉਸੇ ਨੂੰ ਪ੍ਰਾਪਤ ਹੁੰਦਾ ਹੈ, ਜਿਸ ਨੂੰ ਸੱਚ ਦਾ ਮੁਜੱਸਮਾ ਗੁਰੂ, ਅਰਥਾਤ ਗੁਰ-ਸ਼ਬਦ ਮਿਲ ਜਾਵੇ।

ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਜੇਕਰ ਇਕ ਵਾਰੀ ਪ੍ਰਭੂ ਮਿਲਾਪ ਵਾਲੇ ਰਸ, ਭਾਵ ਪਰਮ ਅਨੰਦ ਦਾ ਅਨੁਭਵ ਹੋ ਜਾਵੇ, ਫਿਰ ਦੂਸਰੇ ਹਰ ਕਿਸਮ ਦੇ ਰਸ ਮਨੋਂ ਵਿੱਸਰ ਜਾਂਦੇ ਹਨ ਅਤੇ ਮਨ ਓਧਰ ਜਾਂਦਾ ਹੀ ਨਹੀਂ।
Tags