ਇਸ
ਪਉੜੀ ਵਿਚ ਉਪਦੇਸ਼ ਹੈ ਕਿ ਪ੍ਰਭੂ ਨੂੰ ਦੁਨਿਆਵੀ ਧਨ-ਦੌਲਤ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਉਸ ਨੂੰ ਅਨੁਭਵ ਕਰਨ ਲਈ ਸੱਚੇ ਗੁਰ-ਸ਼ਬਦ ਅੱਗੇ ਪੂਰਣ ਸਮਰਪਣ ਕਰਨਾ ਪੈਂਦਾ ਹੈ। ਇਸ ਨਾਲ ਮਨੁਖ ਦੇ ਅੰਦਰੋਂ ਆਪਾ-ਭਾਵ ਦੂਰ ਹੋ ਜਾਂਦਾ ਹੈ। ਪ੍ਰਭੂ ਮਨ ਵਿਚ ਆ ਵਸਦਾ ਹੈ ਅਤੇ ਅਨੰਦ ਹੀ ਅਨੰਦ ਬਣ ਜਾਂਦਾ ਹੈ।
ਹਰਿ ਆਪਿ ਅਮੁਲਕੁ ਹੈ ਮੁਲਿ ਨ ਪਾਇਆ ਜਾਇ ॥
ਮੁਲਿ ਨ ਪਾਇਆ ਜਾਇ ਕਿਸੈ ਵਿਟਹੁ ਰਹੇ ਲੋਕ ਵਿਲਲਾਇ ॥
ਐਸਾ ਸਤਿਗੁਰੁ ਜੇ ਮਿਲੈ ਤਿਸ ਨੋ ਸਿਰੁ ਸਉਪੀਐ ਵਿਚਹੁ ਆਪੁ ਜਾਇ ॥
ਜਿਸ ਦਾ ਜੀਉ ਤਿਸੁ ਮਿਲਿ ਰਹੈ ਹਰਿ ਵਸੈ ਮਨਿ ਆਇ ॥
ਹਰਿ ਆਪਿ ਅਮੁਲਕੁ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰਿ ਪਲੈ ਪਾਇ ॥੩੦॥
-ਗੁਰੂ ਗ੍ਰੰਥ ਸਾਹਿਬ ੯੨੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਮੁੱਲ ਦੋ ਤਰ੍ਹਾਂ ਦਾ ਹੁੰਦਾ ਹੈ। ਇਕ ਕਿਸੇ ਸ਼ੈਅ ਦੀ ਵਰਤੋਂ ਦੇ ਰੂਪ ਵਿਚ ਉਸ ਦੀ ਅਸਲ ਕੀਮਤ ਹੁੰਦੀ ਹੈ ਤੇ ਦੂਜਾ ਕਿਸੇ ਸ਼ੈਅ ਦੀ ਕਿਸੇ ਹੋਰ ਸ਼ੈਅ ਨਾਲ ਤੁਲਨਾ ਦੇ ਰੂਪ ਵਿਚ ਉਸ ਦੀ ਵੇਚ-ਵੱਟ ਨਾਲ ਸਬੰਧਤ ਹੁੰਦਾ ਹੈ।
ਇਸ ਪਉੜੀ ਵਿਚ ਪਾਤਸ਼ਾਹ ਦੱਸਦੇ ਹਨ ਕਿ ਪ੍ਰਭੂ ਏਨਾ ਅਨਮੋਲ ਹੈ ਕਿ ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਕਿਉਂਕਿ ਨਾ ਤਾਂ ਉਸ ਦਾ ਕੋਈ ਬਦਲ ਹੈ ਤੇ ਨਾ ਉਸ ਦੀ ਖਰੀਦੋ-ਫਰੋਖਤ ਜਾਂ ਵੇਚ-ਵੱਟ ਹੋ ਸਕਦੀ ਹੈ।
ਦੁਨੀਆਂ ਵਿਚ ਅਨੇਕ ਵਸਤਾਂ ਅਜਿਹੀਆਂ ਹੁੰਦੀਆਂ ਹਨ, ਜਿਹੜੀਆਂ ਏਨੀਆਂ ਅਨਮੋਲ ਕਹੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਖਰੀਦਣਾ ਮੁਸ਼ਕਲ ਹੁੰਦਾ ਹੈ। ਪਰ ਸੰਸਾਰ ਵਿਚ ਹਰ ਸ਼ੈਅ ਨੂੰ ਖਰੀਦ ਸਕਣ ਵਾਲਾ ਕੋਈ ਨਾ ਕੋਈ ਜ਼ਰੂਰ ਹੁੰਦਾ ਹੈ। ਸੰਸਾਰ ਦੀ ਕੋਈ ਚੀਜ਼ ਅਜਿਹੀ ਨਹੀਂ, ਜਿਸ ਨੂੰ ਖਰੀਦਿਆ ਨਾ ਜਾ ਸਕੇ।
ਪਾਤਸ਼ਾਹ ਕਹਿੰਦੇ ਹਨ ਕਿ ਸਿਰਫ ਪ੍ਰਭੂ ਹੀ ਏਨਾ ਅਨਮੋਲ ਹੈ ਕਿ ਜਿਸ ਦਾ ਕਿਸੇ ਕੋਲੋਂ ਵੀ ਮੁੱਲ ਨਹੀਂ ਦਿੱਤਾ ਜਾ ਸਕਦਾ। ਜੇਕਰ ਉਹ ਖਰੀਦਿਆ ਜਾ ਸਕਦਾ ਹੁੰਦਾ ਤਾਂ ਉਸ ਨੂੰ ਤਰਸਦੇ ਲੋਕ, ਕਿਸੇ ਨਾ ਕਿਸੇ ਤਰਾਂ ਉਸ ਨੂੰ ਜ਼ਰੂਰ ਖਰੀਦ ਲੈਂਦੇ।
ਪਾਤਸ਼ਾਹ ਕਹਿੰਦੇ ਹਨ ਕਿ ਜੇਕਰ ਅਜਿਹਾ ਸੰਪੂਰਨ ਗਿਆਨ, ਸੱਚ ਦਾ ਮੁਜੱਸਮਾ, ਸਮਰੱਥ ਗੁਰੂ ਕਿਤੇ ਮਿਲ ਜਾਵੇ ਤੇ ਉਸ ਨੂੰ ਅਸੀਂ ਆਪਣਾ ਸਿਰ, ਅਰਥਾਤ ਆਪਣੀ ਸੀਮਤ ਮੱਤ ਵਾਲੇ ਆਪੇ ਦਾ ਸਮਰਪਣ ਕਰ ਦੇਈਏ ਤਾਂ ਬਾਕੀ ਬਚੇ ਨਿਰਮਲ ਚਿੱਤ ਦਾ ਆਪਣੇ ਅਸਲੇ, ਨਿਰਮਲ ਪ੍ਰਭੂ ਨਾਲ ਮਿਲਾਪ ਹੋ ਜਾਵੇ ਤੇ ਉਹ ਸਾਡੇ ਨਿਰਮਲ ਮਨ ਵਿਚ ਹੀ ਵਸ ਜਾਵੇ।
ਅਖੀਰ ਵਿਚ ਪਾਤਸ਼ਾਹ ਫਿਰ ਦੁਹਰਾਉਂਦੇ ਹਨ ਕਿ ਪ੍ਰਭੂ ਏਨਾ ਅਨਮੋਲ ਹੈ ਕਿ ਜਿਨ੍ਹਾਂ ਦੇ ਵੀ ਉਹ ਪੱਲੇ ਪੈ ਜਾਵੇ, ਅਰਥਾਤ ਦਿਲ ਵਿਚ ਵਸ ਜਾਵੇ, ਉਨ੍ਹਾਂ ਦੇ ਹੀ ਅਸਲ ਭਾਗ ਹੁੰਦੇ ਹਨ।