ਇਸ
ਪਉੜੀ ਵਿਚ ਮਾਂ ਦੀ ਕੁਖ ਵਿਚਲੀ ਅੱਗ ਦੀ ਬਾਹਰੀ ਸੰਸਾਰ ਵਿਚਲੀ
ਮਾਇਆ ਨਾਲ ਤੁਲਨਾ ਕੀਤੀ ਗਈ ਹੈ। ਜਿਸ ਤਰ੍ਹਾਂ ਪ੍ਰਭੂ ਦੀ ਕਿਰਪਾ ਨਾਲ ਬੱਚਾ ਮਾਂ ਦੇ ਗਰਭ ਦੀ ਅਗਨ ਵਿਚ ਵੀ ਪਲਦਾ ਰਹਿੰਦਾ ਹੈ, ਉਸੇ ਤਰ੍ਹਾ
ਗੁਰੂ ਕਿਰਪਾ ਸਦਕਾ ਜਿਨ੍ਹਾਂ ਜੀਵਾਂ ਦੀ ਸੁਰਤੀ ਕਰਤਾ ਪੁਰਖ ਨਾਲ ਜੁੜ ਜਾਂਦੀ ਹੈ, ਉਹ ਮਾਇਆ ਵਿਚ ਰਹਿੰਦਿਆਂ ਹੋਇਆਂ ਵੀ ਉਸ ਦੇ ਮਾਰੂ ਪ੍ਰਭਾਵ ਤੋਂ ਬਚੇ ਰਹਿੰਦੇ ਹਨ।
ਜੈਸੀ ਅਗਨਿ ਉਦਰ ਮਹਿ ਤੈਸੀ ਬਾਹਰਿ ਮਾਇਆ ॥
ਮਾਇਆ ਅਗਨਿ ਸਭ ਇਕੋ ਜੇਹੀ ਕਰਤੈ ਖੇਲੁ ਰਚਾਇਆ ॥
ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ ॥
ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ ॥
ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ ॥
ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ ॥੨੯॥
-ਗੁਰੂ ਗ੍ਰੰਥ ਸਾਹਿਬ ੯੨੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਉੜੀ ਵਿਚ ਪਾਤਸ਼ਾਹ ਦੱਸਦੇ ਹਨ ਕਿ ਜਿਸ ਤਰ੍ਹਾਂ ਕੁਖ ਦੇ ਅੰਦਰ ਤਪਸ਼ ਹੁੰਦੀ ਹੈ, ਜਿਸ ਨੂੰ ਸਹਿਣਾ ਬੜਾ ਮੁਸ਼ਕਲ ਹੁੰਦਾ ਹੈ ਤੇ ਜਿਸ ਤੋਂ ਪ੍ਰਭੂ ਰਖਿਆ ਕਰਦਾ ਹੈ, ਐਨ ਉਸੇ ਤਰ੍ਹਾਂ ਕੁਖ ਦੇ ਬਾਹਰ ਮਾਇਆ ਹੈ।
ਪਾਤਸ਼ਾਹ ਦੱਸਦੇ ਹਨ ਕਿ ਕੁਖ ਦੀ ਅਗਨ ਅਤੇ ਮਾਇਆ ਦੀ ਪ੍ਰਕਿਰਤੀ ਇਕੋ ਹੈ ਤੇ ਸ੍ਰਿਸ਼ਟੀ ਦੇ ਸਿਰਜਣਹਾਰੇ ਕਰਤੇ ਦੀ ਇਹ ਇਕ ਖੇਡ ਹੈ।
ਖੇਡ ਦਾ ਮਤਲਬ ਮਹਿਜ ਮਨੋਰੰਜਨ ਨਹੀਂ ਹੁੰਦਾ, ਕੋਈ ਹੋਰ ਮਕਸਦ ਵੀ ਹੁੰਦਾ ਹੈ। ਖੇਡ ਰਾਹੀਂ ਅਸੀਂ ਆਪਣੇ-ਆਪ ਅਤੇ ਆਪਣੀ ਸਮਰੱਥਾ ਤੋਂ ਵੀ ਜਾਣੂੰ ਹੁੰਦੇ ਹਾਂ ਤੇ ਦੂਸਰਿਆਂ ਨਾਲ ਸੰਬੰਧ ਵੀ ਜੋੜਦੇ ਹਾਂ। ਇਸੇ ਮਕਸਦ ਲਈ ਪ੍ਰਭੂ ਨੇ ਵੀ ਸ੍ਰਿਸ਼ਟੀ ਰਚਨਾ ਦੀ ਖੇਡ ਬਣਾਈ ਹੈ।
ਕਹਿੰਦੇ ਹਨ ਅਦਵੈਤ ਰੂਪ ਪ੍ਰਭੂ ਨੇ ਆਪਣੇ-ਆਪ ਵਿਚੋਂ ਇਸ ਵੰਨ-ਸਵੰਨੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਤਾਂ ਕਿ ਉਹ ਆਪਣੀ ਇਸ ਰਚਨਾ ਵਿਚੋਂ ਆਪਣੀ ਸੰਭਾਵਨਾ ਅਤੇ ਸਮਰੱਥਾ ਦਾ ਅੰਦਾਜ਼ਾ ਲਗਾ ਸਕੇ।
ਪਾਤਸ਼ਾਹ ਕਹਿੰਦੇ ਹਨ ਕਿ ਜਦ ਉਸ ਪ੍ਰਭੂ ਨੇ ਚਾਹਿਆ ਤਾਂ ਜੀਵ ਦਾ ਜਨਮ ਹੁੰਦਾ ਹੈ ਤੇ ਜੀਵ ਦੇ ਸਕੇ ਸੰਬੰਧੀ ਸਾਰੇ ਪਰਵਾਰ ਨੂੰ ਬੜਾ ਹੀ ਚੰਗਾ ਲੱਗਦਾ ਹੈ। ਪਰਵਾਰ ਦੀਆਂ ਖੁਸ਼ੀਆਂ ਜੀਵ ਨੂੰ ਏਨਾ ਮੋਹ ਲੈਂਦੀਆਂ ਹਨ ਕਿ ਉਸ ਨੂੰ ਯਾਦ ਹੀ ਨਹੀਂ ਰਹਿੰਦਾ ਕਿ ਉਹ ਕਿਸ ਦੇ ਭਾਣੇ ਵਿਚ ਆਇਆ ਹੈ। ਗਰਭ ਦੌਰਾਨ ਉਸ ਦੀ ਲਿਵ ਆਪਣੇ ਪਾਲਕ ਪ੍ਰਭੂ ਨਾਲ ਲੱਗੀ ਹੋਈ ਸੀ, ਪਰ ਜਨਮ ਲੈਣ ਉਪਰੰਤ ਮਾਇਆ ਦੇ ਪ੍ਰਭਾਵ ਵਿਚ ਆਇਆਂ, ਪ੍ਰਭੂ ਨਾਲ ਲੱਗੀ ਲਿਵ ਟੁੱਟ ਜਾਂਦੀ ਹੈ ਤੇ ਤ੍ਰਿਸ਼ਨਾ ਜਾਗ ਜਾਂਦੀ ਹੈ।
ਪਾਤਸ਼ਾਹ ਕਹਿੰਦੇ ਹਨ ਕਿ ਮਾਇਆ ਸਾਨੂੰ ਉਸ ਇਕ ਰੱਬ ਨਾਲੋਂ ਤੋੜ ਦਿੰਦੀ ਹੈ ਤੇ ਸਾਡੇ ਮਨ ਵਿਚ ਦੁਨਿਆਵੀ ਰਿਸ਼ਤਿਆਂ ਦੇ ਰੂਪ ਵਿਚ ਆਪਣੇ ਪ੍ਰਤੀ ਕਸ਼ਿਸ਼ ਪੈਦਾ ਕਰ ਲੈਂਦੀ ਹੈ ਤੇ ਸਾਨੂੰ ਉਸ ਇਕ, ਅਰਥਾਤ ਉਸ ਪਰਮ-ਸੱਚ ਅਤੇ ਮੁਕੰਮਲ ਗਿਆਨ ਦੀ ਬਜਾਏ ਦੂਜੇ ਦੇ ਮੋਹ, ਸੀਮਤ ਗਿਆਨ, ਦੁਚਿੱਤੀ, ਦੁਵਿਧਾ ਜਾਂ ਅੰਧਕਾਰ ਵਿਚ ਉਲਝਾ ਲੈਂਦੀ ਹੈ।
ਅਖੀਰ ਵਿਚ ਪਾਤਸ਼ਾਹ ਫਿਰ ਕਹਿੰਦੇ ਹਨ ਕਿ ਜਿਨ੍ਹਾਂ ਉੱਤੇ ਗੁਰੂ ਕਿਰਪਾ ਕਰ ਦਿੰਦਾ ਹੈ ਉਹ ਇਸ ਮਾਇਆ ਦੇ ਵਿਚ ਹੀ ਪ੍ਰਭੂ ਨੂੰ ਪਾ ਲੈਂਦੇ ਹਨ।