ਇਸ
ਪਉੜੀ ਵਿਚ ਪ੍ਰੇਰਨਾ ਹੈ ਕਿ ਜਿਹੜਾ ਪ੍ਰਭੂ, ਮਾਂ ਦੇ ਗਰਭ ਵਿਚ ਕਿਸੇ ਸੁਚੇਤ ਜਤਨ ਤੋਂ ਬਿਨਾਂ ਹੀ ਅਹਾਰ ਪਹੁੰਚਾਉਂਦਾ ਹੈ, ਉਸ ਨੂੰ ਕਦੇ ਵੀ ਮਨੋਂ ਭੁਲਾਉਣਾ ਨਹੀਂ ਚਾਹੀਦਾ।
ਗੁਰੂ ਦਾ ਅਨੁਸਾਰੀ ਹੋ ਕੇ ਸਦਾ ਉਸ ਦੇ ਗੁਣਾਂ ਦਾ ਚਿੰਤਨ ਕਰਦੇ ਰਹਿਣਾ ਚਾਹੀਦਾ ਹੈ। ਉਸ ਦਾ ਸਿਮਰਨ ਕੀਤਿਆਂ ਕੋਈ ਦੁਖ ਪੋਹ ਨਹੀਂ ਸਕਦਾ।
ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ ॥
ਮਨਹੁ ਕਿਉ ਵਿਸਾਰੀਐ ਏਵਡੁ ਦਾਤਾ ਜਿ ਅਗਨਿ ਮਹਿ ਆਹਾਰੁ ਪਹੁਚਾਵਏ ॥
ਓਸ ਨੋ ਕਿਹੁ ਪੋਹਿ ਨ ਸਕੀ ਜਿਸ ਨਉ ਆਪਣੀ ਲਿਵ ਲਾਵਏ ॥
ਆਪਣੀ ਲਿਵ ਆਪੇ ਲਾਏ ਗੁਰਮੁਖਿ ਸਦਾ ਸਮਾਲੀਐ ॥
ਕਹੈ ਨਾਨਕੁ ਏਵਡੁ ਦਾਤਾ ਸੋ ਕਿਉ ਮਨਹੁ ਵਿਸਾਰੀਐ ॥੨੮॥
-ਗੁਰੂ ਗ੍ਰੰਥ ਸਾਹਿਬ ੯੨੦-੯੨੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਉੜੀ ਵਿਚ ਪਾਤਸ਼ਾਹ, ਪਿਛਲੀ ਪਉੜੀ ਵਿਚ ਦੱਸੇ ਗਏ ਪਰਮ-ਤੱਤ ਦੀ ਹੋਰ ਮਹਿਮਾ ਦਾ ਵਰਨਣ ਕਰਦੇ ਹੋਏ ਸਵਾਲ ਕਰਦੇ ਹਨ ਕਿ ਜਿਹੜਾ ਮਾਂ ਦੇ ਗਰਭ ਵਿਚ ਵੀ ਸਾਨੂੰ ਪਾਲਦਾ ਹੈ, ਉਸ ਨੂੰ ਅਸੀਂ ਆਪਣੇ ਦਿਲ ਵਿਚੋਂ ਕਿਵੇਂ ਵਿਸਾਰ ਸਕਦੇ ਹਾਂ? ਇਸ ਸਵਾਲੀਆ ਅੰਦਾਜ਼ ਦਾ ਅਸਲ ਮਕਸਦ ਇਹ ਦੱਸਣਾ ਹੈ ਕਿ ਏਨੇ ਅਹਿਮ ਤੱਤ ਨੂੰ ਵਿਸਾਰਿਆ ਨਹੀਂ ਜਾਣਾ ਚਾਹੀਦਾ।
ਅਗਲੀ ਤੁਕ ਵਿਚ ਇਸ ਅਹਿਸਾਸ ਨੂੰ ਘੁੰਮਾ ਕੇ ਤੇ ਇਸ ਅਹਿਸਾਸ ਵਿਚ ਹੋਰ ਇਜ਼ਾਫਾ ਕਰਕੇ ਫਿਰ ਦੁਹਰਾਉਂਦੇ ਹਨ ਕਿ ਮਾਂ ਦੇ ਪੇਟ ਵਿਚ ਸੰਭਾਲਣ ਦੇ ਇਲਾਵਾ, ਏਨੀ ਤਪਸ਼ ਵਿਚ ਅਹਾਰ ਪਹੁੰਚਾਉਣ ਵਾਲੇ ਮਹਾਂ-ਦਾਤੇ ਨੂੰ ਕਿਵੇਂ ਵਿਸਾਰਿਆ ਜਾ ਸਕਦਾ ਹੈ?
ਫਿਰ ਪਾਤਸ਼ਾਹ ਦੱਸਦੇ ਹਨ ਕਿ ਜਗਤ-ਪਾਲਕ ਪਰਮ-ਤੱਤ ਜਿਸ ਦੇ ਦਿਲ ਵਿਚ ਵਸ ਜਾਵੇ ਤੇ ਆਪਣੀ ਲਿਵ ਲਾ ਦੇਵੇ, ਫਿਰ ਕੁਝ ਵੀ ਉਸ ਨੂੰ ਪੋਹ ਨਹੀਂ ਸਕਦਾ। ਭਾਵ, ਕੋਈ ਦੁਖ-ਕਲੇਸ਼ ਵਿਚਲਤ ਨਹੀਂ ਕਰ ਸਕਦਾ।
ਜੇਕਰ ਮੁਹਾਵਰੇ ਦੀ ਭਾਸ਼ਾ ਤੋਂ ਬਾਹਰ ਆ ਕੇ ਕਹਿਣਾ ਹੋਵੇ ਤਾਂ ਅਸਲ ਗੱਲ ਇਹ ਹੈ ਕਿ ਸੱਚ ਵਿਚ ਏਨੀ ਸਮਰੱਥਾ ਹੈ ਕਿ ਉਹ ਸਾਨੂੰ ਕਿਤੇ ਵੀ ਤੇ ਕਿਸੇ ਵੀ ਹਾਲ ਵਿਚ ਸੰਭਾਲ ਸਕਦਾ ਹੈ ਤੇ ਪਾਲ ਸਕਦਾ ਹੈ। ਉਹੀ ਸਾਡੀ ਅਸਲ ਅਤੇ ਸਮਰੱਥ ਸੁਰੱਖਿਆ ਹੈ।
ਪਾਤਸ਼ਾਹ ਕਹਿੰਦੇ ਹਨ ਕਿ ਉਹ ਆਪਣੀ ਲਿਵ ਆਪ ਹੀ ਲਾਉਂਦਾ ਹੈ। ਜਿਹੜੇ ਇਕ ਵਾਰੀ ਉਸ ਵੱਲ ਆਪਣਾ ਮੁਖ ਕਰ ਲੈਂਦੇ ਹਨ, ਅਰਥਾਤ ਉਸ ਨੂੰ ਤਕ ਲੈਂਦੇ ਹਨ, ਫਿਰ ਕਦੇ ਵੀ ਉਸ ਵੱਲੋਂ ਅਵੇਸਲੇ ਨਹੀਂ ਹੁੰਦੇ, ਉਸ ਨੂੰ ਦਿਲ ਵਿਚ ਸੰਭਾਲ ਲੈਂਦੇ ਹਨ।
ਪਾਤਸ਼ਾਹ ਅਖੀਰ ਵਿਚ ਫਿਰ ਕਹਿੰਦੇ ਹਨ ਕਿ ਏਨੇ ਵਡੇ ਦਾਤੇ, ਅਰਥਾਤ ਪਰਉਪਕਾਰੀ ਨੂੰ ਕੋਈ ਆਪਣੇ ਮਨੋਂ ਕਿਵੇਂ ਵਿਸਾਰ ਸਕਦਾ ਹੈ? ਕਹਿਣ ਦਾ ਭਾਵ ਹੈ ਕਿ ਉਸ ਨੂੰ ਕੋਈ ਪਲ ਭਰ ਲਈ ਵੀ ਭੁਲਾ ਨਹੀਂ ਸਕਦਾ।