ਇਸ
ਪਉੜੀ ਵਿਚ ਦੱਸਿਆ ਗਿਆ ਹੈ ਕਿ ਸਿਮ੍ਰਤੀਆਂ-ਸ਼ਾਸਤ੍ਰ ਆਦਿ ਧਾਰਮਕ ਗ੍ਰੰਥ ਚੰਗੇ-ਮੰਦੇ ਕਰਮਾਂ ਅਤੇ ਉਨ੍ਹਾਂ ਤੋਂ ਪ੍ਰਾਪਤ ਹੋਣ ਵਾਲੇ ਫਲ ਦੀ ਹੀ ਵਿਚਾਰ ਦੱਸਦੇ ਹਨ। ਇਸ ਨਾਲ ਤੱਤ-ਗਿਆਨ ਦੀ ਸੋਝੀ ਨਹੀਂ ਪਾਈ ਜਾ ਸਕਦੀ। ਤੱਤ-ਗਿਆਨ ਦੀ ਸੋਝੀ ਗੁਰ-ਸ਼ਬਦ ਰਾਹੀਂ ਉਹ ਮਨੁਖ ਪਾਉਂਦੇ ਹਨ, ਜਿਨ੍ਹਾਂ ਦੇ ਮਨ ਵਿਚ ਹਰੀ ਦਾ ਵਾਸਾ ਹੋ ਜਾਵੇ। ਅਜਿਹੇ ਮਨੁਖ ਗੁਰ-ਸ਼ਬਦ ਅਨੁਸਾਰ ਚਲ ਕੇ ਅਨੰਦ ਮਾਣਦੇ ਹਨ।
ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ ॥
ਤਤੈ ਸਾਰ ਨ ਜਾਣੀ ਗੁਰੂ ਬਾਝਹੁ ਤਤੈ ਸਾਰ ਨ ਜਾਣੀ ॥
ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ ॥
ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ ॥
ਕਹੈ ਨਾਨਕੁ ਸੋ ਤਤੁ ਪਾਏ ਜਿਸ ਨੋ ਅਨਦਿਨੁ ਹਰਿ ਲਿਵ ਲਾਗੈ ਜਾਗਤ ਰੈਣਿ ਵਿਹਾਣੀ ॥੨੭॥
-ਗੁਰੂ ਗ੍ਰੰਥ ਸਾਹਿਬ ੯੨੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਭਾਰਤੀ ਦਰਸ਼ਨ ਦੀ ਇਕ ਸ਼ਾਖਾ ‘ਤੱਤ ਮੀਮਾਂਸਾ’ ਅਨੁਸਾਰ ਸਿਰਫ ਪ੍ਰਭੂ ਨੂੰ ਹੀ ਅਸਲ, ਅਰਥਾਤ ਪਰਮ ਤੱਤ ਮੰਨਿਆ ਗਿਆ ਹੈ। ਇਹੀ ਉਹ ਪਰਮ ਤੱਤ ਹੈ, ਜਿਸ ਉੱਤੇ ਸੰਸਾਰਕ ਨਿਯਮ ਲਾਗੂ ਨਹੀਂ ਹੁੰਦੇ।
ਜਰਮਨ ਦਰਸ਼ਨਵੇਤਾ ਰੁਡੌਲਫ਼ ਔਟੋ (Rudolf Otto) ਨੇ ਆਪਣੀ ਪੁਸਤਕ ‘ਆਈਡੀਆ ਔਫ਼ ਹੋਲੀ’ (The Idea of Holy) ਵਿਚ ਦੱਸਿਆ ਹੈ ਕਿ ਆਮ ਤੌਰ ’ਤੇ ਹੋਲੀ, ਅਰਥਾਤ ਪਵਿੱਤਰਤਾ ਨੂੰ ਨੈਤਿਕਤਾ ਦੇ ਸੰਦਰਭ ਵਿਚ ਦੇਖਿਆ ਜਾਂਦਾ ਹੈ। ਪਰ ਅਸਲ ਵਿਚ ਪਵਿੱਤਰਤਾ ਨੈਤਿਕਤਾ ਤੋਂ ਪਾਰ, ਅਜਿਹਾ ਤੱਤ ਹੈ, ਜਿਸ ਨੂੰ ਉਸ ਨੇ ਨੂਮੀਨਸ (numinous) ਕਿਹਾ ਹੈ ਤੇ ਜਿਸ ਦਾ ਅਰਥ ਨੈਤਿਕਤਾ ਤੋਂ ਪਾਰ ਪਵਿੱਤਰ-ਤੱਤ ਹੈ।
ਇਸ ਪਉੜੀ ਵਿਚ ਪਾਤਸ਼ਾਹ ਦੱਸਦੇ ਹਨ ਕਿ ਸਿਮਰਤੀਆਂ ਅਤੇ ਸ਼ਾਸਤਰ ਹਮੇਸ਼ਾ ਨੈਤਿਕ ਸੰਦਰਭ ਵਿਚ ਪੁੰਨ-ਪਾਪ ਵਿਚਾਰਦੇ ਰਹਿੰਦੇ ਹਨ, ਪਰ ਉਨ੍ਹਾਂ ਨੂੰ ਨੈਤਿਕਤਾ ਦੇ ਸੰਦਰਭ ਤੋਂ ਪਰੇ, ਉਸ ਪਰਮ-ਪਵਿੱਤਰ ਅਸਲ ਤੱਤ ਦੀ ਸਾਰ ਨਹੀਂ ਹੈ। ਪਾਤਸ਼ਾਹ ਦੁਹਰਾ ਕੇ ਆਖਦੇ ਹਨ ਕਿ ਉਸ ਪਰਮ-ਤੱਤ, ਅਰਥਾਤ ਸੱਚ ਦੀ ਸਾਰ ਗੁਰੂ ਦੇ ਬਿਨਾਂ ਜਾਣੀ ਨਹੀਂ ਜਾ ਸਕਦੀ।
ਸ਼ਾਸਤਰਾਂ ਵਿਚ ਇਸ ਸ੍ਰਿਸ਼ਟੀ ਨੂੰ ਰਜੋ, ਤਮੋ ਅਤੇ ਸਤੋ ਨਾਮੀ ਤਿੰਨ ਗੁਣਾਂ ਦੇ ਅਧੀਨ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਇਨ੍ਹਾਂ ਤਿੰਨਾਂ ਗੁਣਾਂ ਦੇ ਭਰਮ ਵਿਚ ਸੰਸਾਰ ਇਸ ਤਰ੍ਹਾਂ ਹੈ, ਜਿਵੇਂ ਕੋਈ ਸੁੱਤਾ ਪਿਆ ਹੋਵੇ ਤੇ ਰਾਤ ਵਿਅਰਥ ਬੀਤ ਰਹੀ ਹੋਵੇ। ਪਾਤਸ਼ਾਹ ਦਾ ਵਿਚਾਰ ਹੈ ਕਿ ਸ੍ਰਿਸ਼ਟੀ ਦਾ ਮੂਲ ਤੱਤ, ਅਰਥਾਤ ਪਰਮ-ਸੱਚ ਇਨ੍ਹਾਂ ਤਿੰਨਾ ਗੁਣਾਂ ਤੋਂ ਪਾਰ ਹੈ।
ਸ੍ਰਿਸ਼ਟੀ ਵਿਚ ਵਿਆਪਕ ਰਜੋ, ਤਮੋ ਅਤੇ ਸਤੋ ਗੁਣਾਂ ਦੇ ਸੁਪਨ ਸੰਸਾਰ ਵਿਚੋਂ ਉਹੀ ਲੋਕ ਜਾਗਦੇ, ਅਰਥਾਤ ਪਾਰ ਜਾਂਦੇ ਹਨ, ਜਿਨ੍ਹਾਂ ’ਤੇ ਗਿਆਨ, ਅਰਥਾਤ ਗੁਰੂ ਦੀ ਕਿਰਪਾ ਹੁੰਦੀ ਹੈ, ਜਿਨ੍ਹਾਂ ਦੇ ਮਨ ਵਿਚ ਪ੍ਰਭੂ ਦੀ ਲਗਨ ਹੁੰਦੀ ਹੈ ਤੇ ਜ਼ੁਬਾਨ ’ਤੇ ਉਸ ਦੀ ਸੱਚ-ਸਰੂਪ ਅੰਮ੍ਰਿਤਮਈ ਬਾਣੀ ਹੁੰਦੀ ਹੈ।
ਅਖੀਰ ਵਿਚ ਪਾਤਸ਼ਾਹ ਫਿਰ ਆਖਦੇ ਹਨ ਕਿ ਉਕਤ ਅਸਲ ਅਤੇ ਪਰਮ-ਤੱਤ ਉਨ੍ਹਾਂ ਨੂੰ ਹੀ ਨਸੀਬ ਹੁੰਦਾ ਹੈ, ਜਿਹੜੇ ਜਾਗਦੇ ਹੋਏ ਵੀ ਤੇ ਸੁੱਤੇ ਹੋਏ ਵੀ, ਹਰ ਦਿਨ ਪ੍ਰਭੂ ਦੀ ਲਗਨ ਵਿਚ ਗੁਜ਼ਾਰਦੇ ਹਨ।