ਇਸ
ਪਉੜੀ ਵਿਚ ਦਰਸਾਇਆ ਗਿਆ ਹੈ ਕਿ ਕਰਤਾ ਪੁਰਖ ਆਪ ਹੀ ਜੀਵ (ਚੇਤਨ) ਅਤੇ ਪ੍ਰਕਿਰਤੀ (ਅਚੇਤਨ) ਨੂੰ ਪੈਦਾ ਕਰਨ ਵਾਲਾ ਹੈ। ਆਪ ਹੀ ਉਨ੍ਹਾਂ ਉੱਤੇ ਹੁਕਮ ਚਲਾ ਰਿਹਾ ਅਤੇ ਆਪਣੇ ਹੁਕਮ ਅਧੀਨ ਵਰਤ ਰਹੀ ਜਗਤ-ਖੇਡ ਨੂੰ ਵੇਖ ਰਿਹਾ ਹੈ। ਜਿਸ ਨੂੰ ਇਸ ਭੇਦ ਦੀ ਸੋਝੀ ਹੋ ਜਾਂਦੀ ਹੈ, ਉਹ ਜਗਿਆਸੂ ਕਰਤਾ ਪੁਰਖ ਨਾਲ ਆਪਣੀ ਸੁਰਤੀ-ਬਿਰਤੀ ਜੋੜ ਕੇ
ਮਾਇਆ ਦੇ ਬੰਧਨ ਤੋੜ ਦਿੰਦਾ ਅਤੇ ਆਨੰਦ ਮਾਣਦਾ ਹੈ।
ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ ॥
ਹੁਕਮੁ ਵਰਤਾਏ ਆਪਿ ਵੇਖੈ ਗੁਰਮੁਖਿ ਕਿਸੈ ਬੁਝਾਏ ॥
ਤੋੜੇ ਬੰਧਨ ਹੋਵੈ ਮੁਕਤੁ ਸਬਦੁ ਮੰਨਿ ਵਸਾਏ ॥
ਗੁਰਮੁਖਿ ਜਿਸ ਨੋ ਆਪਿ ਕਰੇ ਸੁ ਹੋਵੈ ਏਕਸ ਸਿਉ ਲਿਵ ਲਾਏ ॥
ਕਹੈ ਨਾਨਕੁ ਆਪਿ ਕਰਤਾ ਆਪੇ ਹੁਕਮੁ ਬੁਝਾਏ ॥੨੬॥
-ਗੁਰੂ ਗ੍ਰੰਥ ਸਾਹਿਬ ੯੨੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਸਾਂਖ ਸ਼ਾਸਤਰ ਅਨੁਸਾਰ ਪੁਰਸ਼ ਅਤੇ ਪ੍ਰਕਿਰਤੀ ਦੋ ਵਖੋ ਵਖਰੇ ਖਿਆਲ ਮੰਨੇ ਗਏ ਹਨ। ਇਨ੍ਹਾਂ ਨੂੰ ਸ਼ਿਵ ਅਤੇ ਸ਼ਕਤੀ ਵੀ ਕਿਹਾ ਜਾਂਦਾ ਹੈ। ਪ੍ਰਕਿਰਤੀ ਜਾਂ ਸ਼ਕਤੀ, ਪੁਰਸ਼ ਜਾਂ ਸ਼ਿਵ ਦੀ ਛੁਹ ਨਾਲ ਵਿਕਸਤ ਹੁੰਦੀ ਹੈ ਤੇ ਅਨੇਕ ਰੂਪ ਇਖਤਿਆਰ ਕਰਦੀ ਹੋਈ ਅਨੰਤਤਾ ਵੱਲ ਵਧਦੀ।
ਵਿਸ਼ਵ ਵਿਚ ਰੱਬ ਦੀ ਹੋਂਦ ਬਾਬਤ ਤਿੰਨ ਤਰਾਂ ਦੇ ਵਿਚਾਰ ਹਨ। ਇਕ ਉਹ ਹਨ, ਜੋ ਰੱਬ ਦੀ ਹੋਂਦ ਤੋਂ ਮੁਨਕਰ (atheistic) ਹਨ। ਇਕ ਉਹ, ਜੋ ਰੱਬ ਦੀ ਹੋਂਦ ਤੋਂ ਅਣਜਾਣ (agnostic) ਹਨ ਤੇ ਇਕ ਉਹ ਹਨ, ਜੋ ਰੱਬ ਦੀ ਹੋਂਦ ਮੰਨਦੇ (theist) ਹਨ।
ਇਸੇ ਤਰਾਂ ਰੱਬ ਦੀ ਪ੍ਰਕਿਰਤੀ ਬਾਰੇ ਵੀ ਤਿੰਨ ਵਿਚਾਰ ਹਨ। ਇਕ ਉਹ ਹਨ, ਜੋ ਸਿਰਫ ਤੇ ਸਿਰਫ ਇਕ ਰੱਬ ਨੂੰ ਮੰਨਦੇ ਹਨ ਤੇ ਉਸ ਦੇ ਬਗੈਰ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦੇ। ਉਹ ਸ੍ਰਿਸ਼ਟੀ ਨੂੰ ਵੀ ਰੱਬ ਤੋਂ ਵੱਖਰੀ ਅਤੇ ਉਸ ਦੇ ਹੁਕਮ ਅਧੀਨ ਮੰਨਦੇ ਹਨ। ਇਨ੍ਹਾਂ ਨੂੰ ਇਕ ਈਸ਼ਵਰਵਾਦੀ (monotheist) ਕਹਿੰਦੇ ਹਨ।
ਇਕ ਉਹ ਹਨ ਜੋ ਰੱਬ ਨੂੰ ਅਨੇਕਤਾ ਵਿਚ ਦੇਖਦੇ ਹਨ ਤੇ ਹਰ ਦੇਵੀ ਦੇਵਤੇ ਨੂੰ ਰੱਬ ਤਸਲੀਮ ਕਰਦੇ ਹਨ। ਇਨ੍ਹਾਂ ਨੂੰ ਬਹੁਈਸ਼ਵਰਵਾਦੀ (polytheist) ਕਹਿੰਦੇ ਹਨ।
ਇਕ ਉਹ ਹਨ, ਜੋ ਇਕ ਰੱਬ ਨੂੰ ਵੀ ਮੰਨਦੇ ਹਨ ਤੇ ਉਸ ਦੀ ਹੋਂਦ ਨੂੰ ਦੇਵੀ ਦੇਵਤਿਆਂ ਦੇ ਰੂਪ ਵਿਚ ਵੀ ਤਸਲੀਮ ਕਰਦੇ ਹਨ। ਇਨ੍ਹਾਂ ਲਈ ਸਾਡੀ ਭਾਸ਼ਾ ਵਿਚ ਕੋਈ ਸ਼ਬਦ ਨਹੀਂ ਹੈ। ਅੰਗਰੇਜ਼ੀ ਵਿਚ ਇਨ੍ਹਾਂ ਨੂੰ ਹੈਨੋਥੀਇਸਟ (henotheist) ਕਹਿੰਦੇ ਹਨ।
ਇਕ ਉਹ ਹਨ, ਜੋ ਇਕ ਰੱਬ ਨੂੰ ਮੰਨਦੇ ਹਨ, ਪਰ ਉਸ ਨੂੰ ਸ੍ਰਿਸ਼ਟੀ ਤੋਂ ਵਖਰਾ ਤਸਲੀਮ ਨਹੀਂ ਕਰਦੇ, ਬਲਕਿ ਉਸ ਨੂੰ ਸ੍ਰਿਸ਼ਟੀ ਦੇ ਕਣ-ਕਣ ਵਿਚ ਵਿਚ ਰਮਿਆ ਹੋਇਆ ਮੰਨਦੇ ਹਨ। ਇਨ੍ਹਾਂ ਲਈ ਵੀ ਸਾਡੀ ਭਾਸ਼ਾ ਵਿਚ ਕੋਈ ਸ਼ਬਦ ਨਹੀਂ ਹੈ। ਅੰਗਰੇਜ਼ੀ ਵਿਚ ਇਨ੍ਹਾਂ ਨੂੰ ਪੈਨਥੀਇਸਟ (pantheist) ਕਹਿੰਦੇ ਹਨ। ਯੂਨਾਨੀ ਭਾਸ਼ਾ ਵਿਚ ਪੈਨ (pan) ਦਾ ਅਰਥ ਹੈ ਸਾਰੇ, ਹਰੇਕ ਜਾਂ ਹਰ ਪਾਸੇ ਤੇ ਪੈਨਥੀਇਸਟ ਦਾ ਅਰਥ ਹੋਇਆ ਰੱਬ ਨੂੰ ਹਰ ਥਾਂ ਜਾਂ ਹਰ ਪਾਸੇ ਮੰਨਣ ਵਾਲਾ।
ਗੁਰਬਾਣੀ ਦਾ ਨੀਝ ਨਾਲ ਅਧਿਐਨ ਕਰਦਿਆਂ ਗੁਰਮਤਿ ਪੈਨਥੀਇਜ਼ਮ ਦੇ ਵਧੇਰੇ ਨੇੜੇ ਪ੍ਰਤੀਤ ਹੁੰਦੀ ਹੈ। ਕਿਉਂਕਿ ਗੁਰਮਤਿ ਅਨੁਸਾਰ ਰੱਬ ਤੋਂ ਬਿਨਾ ਕੁਝ ਵੀ ਨਹੀਂ ਹੈ ਤੇ ਹਰ ਥਾਂ ਸਿਰਫ ਤੇ ਸਿਰਫ ਉਹੀ ਹੈ। ਗੁਰਮਤਿ ਅਨੁਸਾਰ ਕਰਤੇ ਤੇ ਕਾਰਣ ਵਿਚ ਕਿਸੇ ਤਰਾਂ ਦੀ ਵੀ ਅਲਹਿਦਗੀ ਨਹੀਂ ਹੈ, ਬਲਕਿ ਕਰਤਾ ਅਤੇ ਕਾਰਣ ਇਕ ਹਨ।
ਇਸ ਪਉੜੀ ਵਿਚ ਪਾਤਸ਼ਾਹ ਨੇ ਦੱਸਿਆ ਹੈ ਕਿ ਪ੍ਰਭੂ ਆਪ ਹੀ ਪੁਰਸ਼ ਅਤੇ ਪ੍ਰਕਿਰਤੀ ਜਾਂ ਸ਼ਿਵ ਅਤੇ ਸ਼ਕਤੀ ਨੂੰ ਪੈਦਾ ਕਰ ਕੇ, ਆਪ ਹੀ ਉਨ੍ਹਾਂ ਉੱਤੇ ਹੁਕਮ ਚਲਾ ਰਿਹਾ ਹੈ।
ਪਾਤਸ਼ਾਹ ਫਿਰ ਦੁਹਰਾਉਂਦੇ ਹਨ ਕਿ ਪ੍ਰਭੂ ਆਪਣਾ ਹੁਕਮ ਵੀ ਚਲਾ ਰਿਹਾ ਹੈ ਤੇ ਉਸ ਨੂੰ ਆਪ ਹੀ ਦੇਖ ਵੀ ਰਿਹਾ ਹੈ। ਪਰ ਇਹ ਬੁਝਾਰਤ ਜਿਹਾ ਸੱਚ ਹਰ ਕਿਸੇ ਨੂੰ ਸਮਝ ਨਹੀਂ ਪੈਂਦਾ। ਇਹ ਸੱਚ ਉਸੇ ਨੂੰ ਹੀ ਸਮਝ ਆਉਂਦਾ ਹੈ, ਜਿਸ ਨੂੰ ਪ੍ਰਭੂ ਆਪ ਸਮਝਾਵੇ।
ਸੱਚ ਸਮਝਣ ਵਾਲਾ ਵਿਦਿਆਰਥੀ ਹੁੰਦਾ ਹੈ ਤੇ ਸਮਝਾਉਣ ਵਾਲਾ ਗੁਰੂ। ਸੱਚ ਦਾ ਸਮਝ ਆਉਣਾ ਸਿਰਫ ਵਿਦਿਆਰਥੀ ’ਤੇ ਹੀ ਨਿਰਭਰ ਨਹੀਂ ਕਰਦਾ, ਸਮਝਾਉਣ ਵਾਲੇ ਗੁਰੂ ’ਤੇ ਵੀ ਨਿਰਭਰ ਕਰਦਾ ਹੈ। ਵਿਦਿਆਰਥੀ ਦੀਆਂ ਮਾਨਸਕ ਉਲਝਣਾਂ ਤੇ ਬੌਧਿਕ ਅਲਪੱਗਤਾ ਵੀ ਗਿਆਨ ਗ੍ਰਹਿਣ ਕਰਨ ਵਿਚ ਰੁਕਾਵਟ ਬਣਦੀ ਹੈ। ਇਸ ਲਈ ਗੁਰੂ ਨੇ ਆਪਣੇ ਵਿਦਿਆਰਥੀ ਦੇ ਮਨ ਵਿਚ ਗਿਆਨਮਈ ਸ਼ਬਦ ਦਾ ਪ੍ਰਕਾਸ਼ ਕਰਨ ਲਈ, ਪਹਿਲਾਂ ਉਸ ਦੇ ਮਾਨਸਕ ਬੰਧਨ, ਅਰਥਾਤ ਉਲਝਣਾਂ, ਬੌਧਿਕ ਅਲਪੱਗਤਾ ਅਤੇ ਅਸਮਰੱਥਾ ਦਾ ਵੀ ਕੋਈ ਹੱਲ ਕਰਨਾ ਹੁੰਦਾ ਹੈ।
ਜਿਸ ਤਰ੍ਹਾਂ ਮਾਂ ਆਪਣੇ ਅਣਭੋਲ ਬੱਚੇ ਦਾ ਮੁਖ ਆਪਣੇ ਵੱਲ ਕਰਦੀ ਹੈ, ਇਸੇ ਤਰ੍ਹਾਂ ਗੁਰੂ ਵੀ ਆਪਣੇ ਸਿਖ ਦਾ ਮੁਖ ਆਪਣੇ ਵੱਲ ਕਰ ਕੇ ਉਸ ਨੂੰ ਗੁਰਮੁਖ ਬਣਾ ਲੈਂਦਾ ਹੈ ਤੇ ਉਸ ਨੂੰ ਆਖਰੀ ਅਤੇ ਇਕੋ ਇਕ ਸੱਚ ਦਾ ਗਿਆਨ ਬਖਸ਼ ਦਿੰਦਾ ਹੈ, ਜਿਸ ਉਪਰੰਤ ਉਸ ਇਕ ਸੱਚ ਨਾਲ ਉਸ ਦੀ ਲਗਾਤਾਰ ਲਿਵ ਲੱਗੀ ਰਹਿੰਦੀ ਹੈ।
ਅਖੀਰ ਵਿਚ ਪਾਤਸ਼ਾਹ ਫਿਰ ਦੁਹਰਾਉਂਦੇ ਹਨ ਕਿ ਕਰਤਾ ਪੁਰਖ ਪ੍ਰਭੂ ਆਪਣਾ ਹੁਕਮ, ਅਰਥਾਤ ਸ੍ਰਿਸ਼ਟੀ ਦਾ ਸੱਚ ਆਪ ਹੀ ਮਿਹਰ ਕਰਕੇ ਸਾਨੂੰ ਸਮਝਣ ਦੇ ਜੋਗ ਬਣਾਉਂਦਾ ਹੈ।