ਇਸ
ਪਉੜੀ ਵਿਚ ਉਪਦੇਸ਼ ਹੈ ਕਿ ਸਦਾ-ਥਿਰ ਪ੍ਰਭੂ ਤੋਂ ਉਪਜੀ ਅਤੇ ਉਸ ਵਿਚ ਅਭੇਦ ਕਰਾਉਣ ਵਾਲੀ ਸਤਿਗੁਰੂ ਦੀ ਸੱਚੀ ਬਾਣੀ ਹਮੇਸ਼ਾ ਗਾਉਂਦੇ ਰਹੋ। ਗੁਰ-ਸ਼ਬਦ ਰੂਪੀ ਇਹ ਸੱਚੀ ਬਾਣੀ ਹੀ ਸਾਰੀਆਂ ਬਾਣੀਆਂ ਵਿਚੋਂ ਸਿਰਮੌਰ ਹੈ। ਜਿਨ੍ਹਾਂ ਜੀਵਾਂ ’ਤੇ ਪ੍ਰਭੂ ਦੀ ਮਿਹਰ ਹੁੰਦੀ ਹੈ, ਇਹ ਬਾਣੀ ਉਨ੍ਹਾਂ ਦੇ ਹੀ ਹਿਰਦੇ ਵਿਚ ਸਮਾ ਜਾਂਦੀ ਹੈ। ਉਨ੍ਹਾਂ ਨੂੰ ਅਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ।
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥
ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥
ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ ॥
ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ ॥
ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ॥੨੩॥
-ਗੁਰੂ ਗ੍ਰੰਥ ਸਾਹਿਬ ੯੨੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਗੁਰੂ ਸਾਹਿਬਾਨ ਨੇ ਰੱਬੀ ਸੰਦੇਸ਼ ਆਪਣੀ ਪਵਿੱਤਰ ਰਸਨਾ ਨਾਲ ਸਰਵਣ ਕਰਵਾਇਆ ਹੈ, ਜਿਸ ਕਰਕੇ ਉਸ ਸੰਦੇਸ਼ ਨੂੰ ਗੁਰਬਾਣੀ ਕਿਹਾ ਗਿਆ ਹੈ।
ਇਸ ਪਉੜੀ ਵਿਚ ਪਾਤਸ਼ਾਹ ਸਤਿਗੁਰੂ, ਅਰਥਾਤ ਸੱਚੇ ਗੁਰ-ਸ਼ਬਦ ਦੇ ਸਨਮੁਖ ਹੋਏ ਪਿਆਰੇ ਸਿਖਾਂ ਨੂੰ ਸੱਚੀ ਬਾਣੀ ਭਾਵ, ਗੁਰਬਾਣੀ ਦੇ ਗਾਇਨ ਦਾ ਸੱਦਾ ਦਿੰਦੇ ਹਨ। ਇਸ ਬਾਣੀ ਨੂੰ ਗਾਇਨ ਕਰਨ ਲਈ ਉਹ ਇਸ ਲਈ ਆਖ ਰਹੇ ਹਨ ਕਿਉਂਕਿ ਇਹ ਬਾਣੀ ਤਮਾਮ ਬਾਣੀਆਂ ਤੋਂ ਸ਼ਿਰੋਮਣੀ ਹੈ।
ਪਾਤਸ਼ਾਹ ਅੱਗੇ ਦੱਸਦੇ ਹਨ ਕਿ ਜਿਸ ਕਿਸੇ ’ਤੇ ਪ੍ਰਭੂ ਦੀ ਮਿਹਰ ਦੀ ਨਦਰ ਹੋਵੇ, ਇਹ ਬਾਣੀ ਉਸ ਦੇ ਹਿਰਦੇ ਵਿਚ ਪ੍ਰਵੇਸ਼ ਕਰ ਜਾਂਦੀ ਹੈ।
ਕੋਈ ਵੀ ਇਲਮ ਤਦ ਤਕ ਸਾਡੇ ਅਮਲ ਵਿਚ ਨਹੀਂ ਢਲਦਾ, ਜਦ ਤਕ ਉਹ ਸਾਡੇ ਹਿਰਦੇ ਵਿਚ ਪ੍ਰਵੇਸ਼ ਨਾ ਕਰ ਜਾਵੇ। ਮਿਹਰ ਦਾ ਮਿਕਨਾਤੀਸੀ ਅਸਰ ਗੁਰਬਾਣੀ ਦੇ ਵਿਚ ਹੀ ਨਿਹਿਤ ਹੈ, ਜੋ ਇਸ ਦਾ ਗਾਇਨ ਕਰਦਿਆਂ ਸਾਡੇ ਹਿਰਦੇ ਵਿਚ ਉਤਰਦਾ ਹੈ।
ਅਗਲੀ ਤੁਕ ਵਿਚ ਪਾਤਸ਼ਾਹ ਇਸ ਬਾਣੀ ਨੂੰ ਮ੍ਰਿਤੂ-ਰਹਿਤ, ਅਰਥਾਤ ਅੰਮ੍ਰਿਤ ਦਾ ਨਾਂ ਦਿੰਦੇ ਹਨ। ਉਹ ਇਹ ਵੀ ਦੱਸਦੇ ਹਨ ਕਿ ਇਸ ਅੰਮ੍ਰਿਤ-ਬਾਣੀ ਨੂੰ ਪੀਣ ਵਾਲੇ ਸਦਾ-ਸਦਾ ਲਈ ਉਸ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ ਤੇ ਉਸ ਨੂੰ ਇਸ ਤਰ੍ਹਾਂ ਯਾਦ ਕਰਦੇ ਹਨ, ਜਿਵੇਂ ਪਿਆਸਾ ਪਪੀਹਾ ਹਮੇਸ਼ਾ ਪਾਣੀ-ਪਾਣੀ ਕਰਦਾ ਹੈ।
ਅਖੀਰ ਵਿਚ ਪਾਤਸ਼ਾਹ ਫਿਰ ਸੱਚ ਦੀ ਵਾਹਕ ਅਤੇ ਪ੍ਰੇਰਕ ਬਾਣੀ ਦੇ ਗਾਇਨ ਦਾ ਸੱਦਾ ਦਿੰਦੇ ਹਨ।