ਪਿਛਲੀ
ਪਉੜੀ ਵਿਚ ਸਨਮੁਖ ਸਿਖ ਦੀ ਜੀਵਨ-ਸ਼ੈਲੀ ਨੂੰ ਬਿਆਨ ਕੀਤਾ ਗਿਆ ਸੀ। ਇਸ ਪਉੜੀ ਵਿਚ ਬੇਮੁਖ ਮਨੁਖ ਦੀ ਭਟਕਣਾ ਦਾ ਜ਼ਿਕਰ ਕਰਕੇ ਦੱਸਿਆ ਗਿਆ ਹੈ ਕਿ ਇਸ ਭਟਕਣਾ ਦਾ ਅੰਤ ਗੁਰ-ਸ਼ਬਦ ਦੇ ਲੜ ਲੱਗਣ ਨਾਲ ਹੀ ਹੁੰਦਾ ਹੈ। ਇਹੋ ਮੁਕਤੀ ਦਾ ਮਾਰਗ ਤੇ ਅਨੰਦ ਪ੍ਰਾਪਤੀ ਦਾ ਸਾਧਨ ਹੈ।
ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ ॥
ਪਾਵੈ ਮੁਕਤਿ ਨ ਹੋਰ ਥੈ ਕੋਈ ਪੁਛਹੁ ਬਿਬੇਕੀਆ ਜਾਏ ॥
ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ ॥
ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ ॥
ਕਹੈ ਨਾਨਕੁ ਵੀਚਾਰਿ ਦੇਖਹੁ ਵਿਣੁ ਸਤਿਗੁਰ ਮੁਕਤਿ ਨ ਪਾਏ ॥੨੨॥
-ਗੁਰੂ ਗ੍ਰੰਥ ਸਾਹਿਬ ੯੨੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਸਨਮੁਖ ਦਾ ਵਿਰੋਧੀ ਸ਼ਬਦ ਬੇਮੁਖ ਹੈ। ਪਿਛਲੀ ਪਉੜੀ ਵਿਚ ਪਾਤਸ਼ਾਹ ਨੇ ਸਨਮੁਖ ਸਿਖ ਦੀ ਖਾਸੀਅਤ ਦੱਸੀ ਸੀ। ਇਸ ਪਉੜੀ ਵਿਚ ਉਹ ਬੇਮੁਖ ਦਾ ਖਾਸਾ ਦੱਸ ਰਹੇ ਹਨ ਕਿ ਜੇਕਰ ਕੋਈ ਆਪਣੇ ਗੁਰੂ (ਗੁਰ-ਸ਼ਬਦ) ਤੋਂ ਬੇਮੁਖ ਹੋ ਜਾਂਦਾ ਹੈ ਜਾਂ ਕਹਿ ਲਉ ਪਾਸਾ ਵੱਟ ਲੈਂਦਾ ਹੈ ਤਾਂ ਉਸ ਦਾ ਕਲਿਆਣ ਨਹੀਂ ਹੋ ਸਕਦਾ। ਪਾਤਸ਼ਾਹ ਦੱਸਦੇ ਹਨ ਕਿ ਸੱਚ ਦੇ ਮੁਜੱਸਮੇ ਗੁਰ-ਸ਼ਬਦ ਤੋਂ ਮੁਖ ਫੇਰਨ ਵਾਲੇ ਦਾ ਕਿਤੇ ਵੀ ਕਲਿਆਣ ਨਹੀਂ ਹੋ ਸਕਦਾ।
ਇਥੇ ਕਲਿਆਣ ਜਾਂ ਮੁਕਤੀ ਦਾ ਇਕ ਅਰਥ ਰੂਹ ਦੀ ਅਜ਼ਾਦੀ ਅਤੇ ਸੁਤੰਤਰਤਾ ਵੀ ਹੈ। ਜਿਹੜੇ ਲੋਕ ਸੱਚ ਤੋਂ ਟਾਲਾ ਵੱਟ ਕੇ ਝੂਠ ਦਾ ਸਹਾਰਾ ਲੈ ਲੈਂਦੇ ਹਨ, ਉਹ ਦੁਨੀਆਂ ਵਿਚ ਬੇਸ਼ੱਕ ਮਾਣ-ਸਨਮਾਨ ਹਾਸਲ ਕਰ ਲੈਣ, ਪਰ ਉਹ ਆਪਣੀ ਰੂਹ ਤੋਂ ਕਦੇ ਵੀ ਭਾਰ-ਮੁਕਤ ਨਹੀਂ ਹੁੰਦੇ। ਕਿਉਂਕਿ ਕਿਸੇ ਨੂੰ ਪਤਾ ਹੋਵੇ ਜਾਂ ਨਾ, ਉਨ੍ਹਾਂ ਨੂੰ ਖੁਦ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਨੇ ਸੱਚ ਦੀ ਬਜਾਏ ਝੂਠ ਦਾ ਸਹਾਰਾ ਲਿਆ ਹੈ। ਪੰਚਮ ਪਾਤਸ਼ਾਹ ਦਾ ਕਥਨ ਹੈ: ਜੋ ਬੇਮੁਖ ਗੋਬਿੰਦ ਤੇ ਪਿਆਰੇ ਤਿਨ ਕੁਲਿ ਲਾਗੈ ਗਾਲਿ ॥
ਪਾਤਸ਼ਾਹ ਫਿਰ ਦੁਹਰਾਉਂਦੇ ਹੋਏ ਕਹਿੰਦੇ ਹਨ ਕਿ ਬੇਸ਼ੱਕ ਪੱਖਪਾਤ ਤੋਂ ਮੁਕਤ ਰਹਿਣ ਵਾਲੇ ਅਤੇ ਹਮੇਸ਼ਾ ਸੱਚ ਦੀ ਗੱਲ ਕਰਨ ਵਾਲੇ ਬਿਬੇਕਸ਼ੀਲ ਵਿਅਕਤੀਆਂ ਤੋਂ ਪੁੱਛ ਲਉ, ਕੋਈ ਵੀ ਬੇਮੁਖ ਹੋਇਆ ਮਨੁਖ ਗੁਰ-ਸ਼ਬਦ ਤੋਂ ਬਿਨਾਂ ਕਿਸੇ ਹੋਰ ਥਾਂ ਤੋਂ ਮੁਕਤੀ ਹਾਸਲ ਨਹੀਂ ਕਰ ਸਕਦਾ।
ਉਪਰੋਕਤ ਵਿਚਾਰ ਦੇ ਹੋਰ ਵਿਸਥਾਰ ਵਿਚ ਜਾਂਦਿਆਂ ਪਾਤਸ਼ਾਹ ਦੱਸਦੇ ਹਨ ਕਿ ਇਸ ਵਿਚ ਰੱਤੀ ਭਰ ਵੀ ਸੰਦੇਹ ਨਹੀਂ ਹੈ ਕਿ ਬੇਮੁਖ ਵਿਅਕਤੀ ਇਕ ਜਨਮ ਤਾਂ ਕੀ, ਭਾਵੇਂ ਕਿੰਨੇ ਵੀ ਜਨਮਾਂ-ਜਨਮਾਂਤਰਾਂ ਦਾ ਭ੍ਰਮਣ ਕਰ ਆਵੇ, ਅਰਥਾਤ ਕਿਤੇ ਵੀ ਘੁੰਮ-ਫਿਰ ਆਵੇ, ਸੱਚ ਦੇ ਮੁਜੱਸਮੇ ਗੁਰ-ਸ਼ਬਦ ਦੇ ਬਗੈਰ, ਉਸ ਨੂੰ ਕਿਤੇ ਵੀ ਮੁਕਤੀ ਨਹੀਂ ਮਿਲ ਸਕਦੀ।
ਪਾਤਸ਼ਾਹ ਦੱਸਦੇ ਹਨ ਕਿ ਮੁਕਤੀ ਉਦੋਂ ਹੀ ਮਿਲਦੀ ਹੈ, ਜਦ ਕੋਈ ਮੁਕੰਮਲ ਸੱਚ ਦੇ ਚਰਨਾਂ ਵਿਚ ਲੱਗ ਕੇ, ਅਰਥਾਤ ਪੂਰਨ ਰੂਪ ਵਿਚ ਗੁਰ-ਸ਼ਬਦ ਦੇ ਲੜ ਲੱਗਦਾ ਹੈ ਅਤੇ ਇਸ ਮੁਕੰਮਲ ਸੱਚ ਅਰਥਾਤ ਗੁਰ-ਸ਼ਬਦ ਦਾ ਗਿਆਨ ਸਰਵਣ ਕਰਦਾ ਹੈ।
ਅਖੀਰ ਵਿਚ ਪਾਤਸ਼ਾਹ ਕਹਿੰਦੇ ਹਨ ਕਿ ਇਸ ਗੱਲ ਦੀ ਜਿੰਨੀ ਵੀ ਵਿਚਾਰ ਕਰ ਲਈਏ, ਇਹੀ ਨਤੀਜਾ ਨਿਕਲਦਾ ਹੈ ਕਿ ਸੱਚ ਦਾ ਲੜ ਫੜੇ ਬਗੈਰ ਪੂਰਨ ਅਜ਼ਾਦੀ ਅਤੇ ਸੁਤੰਤਰਤਾ ਹਾਸਲ ਨਹੀਂ ਹੋ ਸਕਦੀ।