Guru Granth Sahib Logo
  
ਪਿਛਲੀ ਪਉੜੀ ਵਿਚ ਦੱਸਿਆ ਸੀ ਕਿ ਜਿਨ੍ਹਾਂ ਦਾ ਮਨ ਪਵਿੱਤਰ ਹੈ, ਉਹ ਸਦਾ ਗੁਰੂ ਦੇ ਨਾਲ ਰਹਿੰਦੇ ਹਨ। ਇਸ ਪਉੜੀ ਵਿਚ ਸਪਸ਼ਟ ਕੀਤਾ ਗਿਆ ਹੈ ਕਿ ‘ਗੁਰੂ ਦੇ ਨਾਲ ਰਹਿਣ’ ਦਾ ਭਾਵ ਹੈ ਕਿ ਜਗਿਆਸੂ ਦਿਲੋਂ ਗੁਰ-ਸ਼ਬਦ ਨਾਲ ਜੁੜਿਆ ਰਹੇ ਅਤੇ ਅੰਤਰ-ਆਤਮਾ ਵਿਚ ਉਸ ਦਾ ਚਿੰਤਨ ਕਰੇ। ਅਜਿਹਾ ਜਗਿਆਸੂ ਹੀ ਗੁਰੂ ਦਾ ਸੇਵਕ ਹੋ ਸਕਦਾ ਹੈ। ਗੁਰੂ ਦਾ ਸੇਵਕ ਹੋਣ ਵਿਚ ਹੀ ਜੀਵਨ ਦਾ ਅਸਲ ਅਨੰਦ ਹੈ।
ਜੇ ਕੋ ਸਿਖੁ  ਗੁਰੂ ਸੇਤੀ ਸਨਮੁਖੁ ਹੋਵੈ
ਹੋਵੈ ਸਨਮੁਖੁ ਸਿਖੁ ਕੋਈ  ਜੀਅਹੁ ਰਹੈ ਗੁਰ ਨਾਲੇ
ਗੁਰ ਕੇ ਚਰਨ ਹਿਰਦੈ ਧਿਆਏ  ਅੰਤਰ ਆਤਮੈ ਸਮਾਲੇ
ਆਪੁ ਛਡਿ  ਸਦਾ ਰਹੈ ਪਰਣੈ  ਗੁਰ ਬਿਨੁ ਅਵਰੁ ਜਾਣੈ ਕੋਏ
ਕਹੈ ਨਾਨਕੁ  ਸੁਣਹੁ ਸੰਤਹੁ  ਸੋ ਸਿਖੁ ਸਨਮੁਖੁ ਹੋਏ ॥੨੧॥
-ਗੁਰੂ ਗ੍ਰੰਥ ਸਾਹਿਬ ੯੧੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਉੜੀ ਵਿਚ ਪਾਤਸ਼ਾਹ ਗੁਰੂ ਦੇ ਸਨਮੁਖ ਰਹਿਣ ਵਾਲੇ ਜਗਿਆਸੂ ਸਿਖ ਦੀ ਅਵਸਥਾ ਬਿਆਨ ਕਰ ਰਹੇ ਹਨ। ਅਰੰਭ ਵਿਚ ਹੀ ਉਹ ਦੁਹਰਾਉਂਦੇ ਹਨ ਕਿ ਜੇਕਰ ਕੋਈ ਸਿਖ ਜਾਂ ਸਿਖਿਆਰਥੀ ਆਪਣੇ ਗੁਰੂ ਦੇ ਸਨਮੁਖ, ਅਰਥਾਤ ਸਾਹਮਣੇ ਹੋਵੇ। ਇਸ ਦੁਹਰਾ ਦਾ ਭਾਵ ਕੁਝ ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ, ਜਿਵੇਂ ਪਾਤਸ਼ਾਹ ਸਨਮੁਖ ਹੋਣ ਦੇ ਅਸਲ ਅਰਥ ਜਾਂ ਗੁਹਜ-ਭਾਵ ਦੱਸਣ ਵੱਲ ਵਧ ਰਹੇ ਹੋਣ ਕਿ ਜਿਹੜਾ ਸਿਖ ਸੱਚਮੁੱਚ ਹੀ ਆਪਣੇ ਗੁਰੂ ਦੇ ਸਨਮੁਖ ਹੁੰਦਾ ਹੈ, ਉਸ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਸਦਾ ਜੀਅ-ਜਾਨ ਤੋਂ ਆਪਣੇ ਗੁਰੂ ਦੇ ਨਾਲ ਰਹਿੰਦਾ ਹੈ ਜਾਂ ਕਹਿ ਲਉ ਕਿ ਉਸ ਦੀ ਆਪਣੇ ਗੁਰੂ ਨਾਲ ਸਦਾ ਲਿਵ ਲੱਗੀ ਰਹਿੰਦੀ ਹੈ।

ਪਾਤਸ਼ਾਹ ਅਜਿਹੇ ਜਗਿਆਸੂ ਦੀ ਹੋਰ ਨਿਸ਼ਾਨੀ ਦੱਸਦੇ ਹਨ ਕਿ ਉਹ ਹਮੇਸ਼ਾ ਗੁਰੂ ਦੇ ਚਰਨ ਆਪਣੀ ਅੰਤਰ-ਆਤਮਾ, ਅਰਥਾਤ ਹਿਰਦੇ ਵਿਚ ਵਸਾਈ ਰਖਦਾ ਹੈ। ਚਰਨ ਅਸਲ ਵਿਚ ਮਾਰਗ ਦੇ ਸੰਕੇਤਕ ਵੀ ਹਨ ਤੇ ਮਾਰਗ ਸਿੱਖਿਆ ਦਾ ਪਰਿਆਇ ਹੈ। ਭਾਰਤੀ ਸੱਭਿਆਚਾਰ ਵਿਚ ਵਡਿਆਂ ਦੇ ਚਰਨ ਛੂਹਣ ਦਾ ਤੱਤ-ਸਾਰ ਉਨ੍ਹਾਂ ਦੀ ਸਿੱਖਿਆ ਜਾਂ ਆਦੇਸ਼ ਦੇ ਅਨੁਸਾਰੀ ਹੋਣਾ ਵੀ ਹੈ। ਸੋ, ਕਿਸੇ ਸਿਖ ਵੱਲੋਂ ਆਪਣੇ ਗੁਰੂ ਦੇ ਚਰਨ ਹਿਰਦੇ ਵਿਚ ਸੰਭਾਲਣ ਜਾਂ ਵਸਾਉਣ ਦਾ ਭਾਵ ਗੁਰੂ ਦੀ ਸਿੱਖਿਆ ਪ੍ਰਤੀ ਵਚਨਬੱਧ ਹੋਣਾ ਹੈ।

ਇਸ ਤੋਂ ਅੱਗੇ ਪਾਤਸ਼ਾਹ ਦੱਸਦੇ ਹਨ ਕਿ ਗੁਰੂ ਦੇ ਸਨਮੁਖ ਹੋਣ ਵਾਲਾ ਸਿਖ ਆਪਣਾ ਆਪਾ, ਅਰਥਾਤ ਆਪਣੀ ਹਉਮੈ ਛੱਡ ਦਿੰਦਾ ਹੈ ਤੇ ਉਸ ਦਾ ਆਤਮ-ਭਾਵ ਹਮੇਸ਼ਾ ਗੁਰੂ ਪ੍ਰਤੀ ਪਰਣਾਇਆ ਰਹਿੰਦਾ ਹੈ। ਪਰਣਾਏ ਹੋਣਾ ਅਸਲ ਵਿਚ ਉਪਾਸ਼ਕ ਅਤੇ ਨਿਰਭਰ ਹੋਣਾ ਹੈ। ਜਿਵੇਂ ਇਸਤਰੀ-ਮਰਦ ਜਦ ਪਰਣਾਏ ਜਾਂਦੇ ਹਨ ਤਾਂ ਉਹ ਇਕ-ਦੂਜੇ ਦੇ ਉਪਾਸ਼ਕ ਅਤੇ ਇਕ-ਦੂਜੇ ਉੱਤੇ ਨਿਰਭਰ ਹੋ ਜਾਂਦੇ ਹਨ। ਉਹ ਕਿਸੇ ਹੋਰ ਨੂੰ ਅਜਿਹੀ ਮਾਨਤਾ ਨਹੀਂ ਦਿੰਦੇ। ਇਸੇ ਪ੍ਰਕਾਰ ਗੁਰੂ ਦੇ ਸਨਮੁਖ ਹੋਣ ਵਾਲਾ ਸਿਖ ਵੀ ਆਪਣੇ ਗੁਰੂ ਦੇ ਬਗੈਰ ਕਿਸੇ ਹੋਰ ਨੂੰ ਮਾਨਤਾ ਨਹੀਂ ਦਿੰਦਾ। ਕੋਈ ਉਸ ਨੂੰ ਭਟਕਾਉਣ ਜਾਂ ਕੁਰਾਹੇ ਪਾਉਣ ਦੀ ਜਿੰਨੀ ਮਰਜੀ ਕੋਸ਼ਿਸ਼ ਕਰੇ, ਉਹ ਕਦੇ ਵੀ ਆਪਣੇ ਗੁਰੂ ਦੀ ਸਿੱਖਿਆ ਤੋਂ ਬਗੈਰ ਕਿਸੇ ਹੋਰ ਦੀਆਂ ਗੱਲਾਂ ਵੱਲ ਤਵੱਜੋ ਨਹੀਂ ਦਿੰਦਾ।

ਅਖੀਰ ਵਿਚ ਪਾਤਸ਼ਾਹ ਸੰਤ ਜਨਾਂ ਨੂੰ ਮੁਖਾਤਬ ਹੁੰਦੇ ਹੋਏ ਦੱਸਦੇ ਹਨ ਕਿ ਅਜਿਹੀ ਅਵਸਥਾ ਵਾਲਾ ਸਿਖ ਹੀ ਸਹੀ ਅਰਥਾਂ ਵਿਚ ਗੁਰੂ ਦੇ ਸਨਮੁਖ ਹੁੰਦਾ ਹੈ।
Tags