ਇਸ
ਪਉੜੀ ਵਿਚ ਉਪਦੇਸ਼ ਕੀਤਾ ਗਿਆ ਹੈ ਕਿ ਅੰਦਰੋਂ ਤੇ ਬਾਹਰੋਂ ਉੱਚੇ-ਸੁੱਚੇ ਜੀਵਨ ਵਾਲੇ (ਪਵਿੱਤਰ) ਹੋਣ ਵਿਚ ਹੀ ਜੀਵਨ ਦੀ ਸਫਲਤਾ ਅਤੇ ਅਨੰਦ ਹੈ। ਇਹ ਪਵਿੱਤਰਤਾ ਗੁਰ-ਸ਼ਬਦ ਨਾਲ ਜੁੜ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ।
ਜੀਅਹੁ ਨਿਰਮਲ ਬਾਹਰਹੁ ਨਿਰਮਲ ॥
ਬਾਹਰਹੁ ਤ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ॥
ਕੂੜ ਕੀ ਸੋਇ ਪਹੁਚੈ ਨਾਹੀ ਮਨਸਾ ਸਚਿ ਸਮਾਣੀ ॥
ਜਨਮੁ ਰਤਨੁ ਜਿਨੀ ਖਟਿਆ ਭਲੇ ਸੇ ਵਣਜਾਰੇ ॥
ਕਹੈ ਨਾਨਕੁ ਜਿਨ ਮੰਨੁ ਨਿਰਮਲੁ ਸਦਾ ਰਹਹਿ ਗੁਰ ਨਾਲੇ ॥੨੦॥
-ਗੁਰੂ ਗ੍ਰੰਥ ਸਾਹਿਬ ੯੧੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪਿਛਲੀ ਪਉੜੀ ਵਿਚ ਪਾਤਸ਼ਾਹ ਨੇ ਉਨ੍ਹਾਂ ਲੋਕਾਂ ਬਾਬਤ ਦੱਸਿਆ ਸੀ, ਜਿਨ੍ਹਾਂ ਨੇ ਆਪਣੀ ਦਿੱਖ ਨੂੰ ਤਾਂ ਭਲੀ-ਭਾਂਤ ਸਵਾਰ ਲਿਆ ਹੈ, ਪਰ ਅੰਦਰੋਂ ਉਨ੍ਹਾਂ ਦੇ ਮਨ ਵਿਕਾਰਾਂ ਦੀ ਮੈਲ ਨਾਲ ਭਰੇ ਹੋਏ ਹਨ। ਇਸ ਪਉੜੀ ਵਿਚ ਪਾਤਸ਼ਾਹ ਉਨ੍ਹਾਂ ਲੋਕਾਂ ਦੀ ਗੱਲ ਕਰਦੇ ਹਨ, ਜਿਹੜੇ ਮਨ ਅੰਦਰੋਂ ਵੀ ਸਾਫ-ਸੁਥਰੇ ਤੇ ਨਿਰਮਲ ਹਨ ਅਤੇ ਜਿਨ੍ਹਾਂ ਦੀ ਦਿੱਖ ਵੀ ਸਾਫ-ਸੁਥਰੀ ਹੈ।
ਜਦ ਇਸੇ ਗੱਲ ਨੂੰ ਪਾਤਸ਼ਾਹ ਇਸ ਪਉੜੀ ਦੀ ਦੂਜੀ ਤੁਕ ਵਿਚ ਦੁਹਰਾਉਂਦੇ ਹਨ ਤਾਂ ਅਸਲ ਰਾਜ ਖੋਲ੍ਹਦੇ ਹਨ, ਜਿਸ ਦਾ ਸੰਕੇਤ ਇਸ ਤੁਕ ਵਿਚ ਆਏ ਸ਼ਬਦ ‘ਤ’ (ਤਾਂ) ਤੋਂ ਮਿਲਦਾ ਹੈ ਕਿ ਬਾਹਰੋਂ ਤਾਂ ਹੀ ਨਿਰਮਲ ਹੋ ਸਕੀਦਾ ਹੈ, ਜੇ ਸਾਡੇ ਮਨ ਅੰਦਰ ਨਿਰਮਲਤਾ ਦਾ ਵਾਸਾ ਹੋਵੇ। ਕਿਉਂਕਿ ਤਨ ਦੀ ਨਿਰਮਲਤਾ ਮਨ ਉੱਤੇ ਅਸਰ ਨਹੀਂ ਕਰਦੀ, ਬਲਕਿ ਮਨ ਦੀ ਨਿਰਮਲਤਾ ਤਨ ਉੱਤੇ ਵੀ ਅਸਰ ਪਾਉਂਦੀ ਹੈ। ਪਹਿਲੇ ਪਾਤਸ਼ਾਹ ਦਾ ਕਥਨ ਹੈ: ਜਿਨੑ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ ॥ ਚੌਥੇ ਪਾਤਸ਼ਾਹ ਵੀ ਕਹਿੰਦੇ ਹਨ: ਜੇ ਬਾਹਰਹੁ ਭੁਲਿ ਚੁਕਿ ਬੋਲਦੇ ਭੀ ਖਰੇ ਹਰਿ ਭਾਣੇ ॥
ਜੀਅ-ਜਾਨ, ਅਰਥਾਤ ਮਨ ਦੀ ਅੰਦਰੂਨੀ ਨਿਰਮਲਤਾ ਬਾਰੇ ਪਾਤਸ਼ਾਹ ਇਸ ਤੁਕ ਦੇ ਪਿਛਲੇ ਹਿੱਸੇ ਵਿਚ ਦੱਸਦੇ ਹਨ ਕਿ ਇਹ ਤਦ ਹੀ ਸੰਭਵ ਹੋ ਸਕਦੀ ਹੈ, ਜੇਕਰ ਅਸੀਂ ਸੱਚ ਦੇ ਮੁਜੱਸਮੇ ‘ਗੁਰ-ਸ਼ਬਦ’ ਵਿਚ ਦੱਸੀ ਹੋਈ ਕਰਣੀ ਨੂੰ ਕਮਾ ਲਿਆ ਹੋਵੇ, ਅਰਥਾਤ ਆਪਣੇ ਆਚਰਨ ਅਤੇ ਵਰਤੋਂ ਵਿਹਾਰ ਵਿਚ ਢਾਲ ਲਿਆ ਹੋਵੇ।
ਪਾਤਸ਼ਾਹ ਦੱਸਦੇ ਹਨ ਕਿ ਅਜਿਹੇ ਨਿਰਮਲ ਲੋਕਾਂ ਦਾ ਅੰਤਰੀਵ ਇਰਾਦਾ ਸੱਚ ਦੇ ਨਾਲ ਇਸ ਕਦਰ ਆਤਮਸਾਤ ਹੋ ਗਿਆ ਹੁੰਦਾ ਹੈ ਕਿ ਉਨ੍ਹਾਂ ਦੇ ਨਿਰਮਲ ਮਨ ਵਿਚ ਕੂੜ ਦੀ ਕੰਨਸੋ ਤਕ ਵੀ ਦਾਖਲ ਨਹੀਂ ਹੁੰਦੀ।
ਪਦਾਰਥਕ ਖਰੀਦੋ-ਫਰੋਖਤ ਜਾਂ ਵੇਚ-ਵੱਟ ਨੂੰ ਵਣਜ ਕਿਹਾ ਜਾਂਦਾ ਹੈ, ਜਿਸ ਉੱਤੇ ਸਾਡਾ ਦੁਨਿਆਵੀ ਦਾਰੋਮਦਾਰ ਨਿਰਭਰ ਕਰਦਾ ਹੈ। ਪਰ ਇਸ ਤੁਕ ਵਿਚ ਪਾਤਸ਼ਾਹ ਉਸ ਵਣਜ ਦੀ ਗੱਲ ਕਰਦੇ ਹਨ, ਜਿਸ ਦਾ ਸੰਬੰਧ ਮਨ ਦੀ ਨਿਰਮਲਤਾ ਨਾਲ ਹੈ ਅਤੇ ਜਿਸ ਉੱਤੇ ਮਨੁਖ ਦੀ ਅਧਿਆਤਮਕ ਉੱਚਤਾ ਦਾ ਦਾਰੋਮਦਾਰ ਟਿਕਿਆ ਹੋਇਆ ਹੈ।
ਕਿਹਾ ਜਾਂਦਾ ਹੈ ਕਿ ਮਨੁਖਾ ਜਨਮ ਹੀ ਸੱਚ ਸਰੂਪ ਪ੍ਰਭੂ ਨਾਲ ਮਿਲਾਪ ਦਾ ਇਕੋ-ਇਕ ਅਵਸਰ ਹੈ। ਸੋ, ਜੇਕਰ ਅਸੀਂ ਇਸ ਰਤਨ ਰੂਪ ਹੀਰੇ ਜਿਹੇ ਜਨਮ ਨੂੰ ਨਖਿੱਧ ਸਮਝੀਆਂ ਜਾਂਦੀਆਂ ਕਉਡੀਆਂ ਬਦਲੇ ਗੁਆ ਲਈਏ ਤਾਂ ਇਹ ਵਡੀ ਮੂਰਖਤਾ ਹੋਵੇਗੀ। ਪਹਿਲੇ ਪਾਤਸ਼ਾਹ ਦਾ ਕਥਨ ਹੈ: ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥
ਇਸ ਕਰਕੇ ਪਾਤਸ਼ਾਹ ਕਹਿੰਦੇ ਹਨ ਕਿ ਉਹੀ ਵਣਜਾਰੇ ਭਲੇ ਹਨ, ਜਿਨ੍ਹਾਂ ਨੇ ਇਸ ਰਤਨ ਰੂਪ ਜਨਮ ਵਿਚ ਸੱਚ ਸਰੂਪ ਪ੍ਰਭੂ ਦਾ ਸੱਚਾ-ਨਾਮ ਪ੍ਰਾਪਤ ਕੀਤਾ। ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਮਨੁਖ ਦੀ ਅਸਲ ਪ੍ਰਾਪਤੀ ਮਨ ਦੀ ਨਿਰਮਲਤਾ ਹੈ ਤੇ ਜਿਹੜੇ ਵੀ ਲੋਕ ਮਨ ਦੀ ਨਿਰਮਲਤਾ ਹਾਸਲ ਕਰ ਲੈਂਦੇ ਹਨ, ਉਹ ਫਿਰ ਸਦਾ ਹੀ ਗੁਰ-ਸ਼ਬਦ ਦੇ ਲੜ ਲੱਗੇ ਰਹਿੰਦੇ ਹਨ। ਕਿਉਂਕਿ ਗੁਰ-ਸ਼ਬਦ ਦੇ ਲੜ ਲੱਗਿਆਂ ਹੀ ਉਨ੍ਹਾਂ ਨੂੰ ਮਨ ਦੀ ਨਿਰਮਲਤਾ ਨਸੀਬ ਹੋਈ ਹੁੰਦੀ ਹੈ।