ਇਸ
ਪਉੜੀ ਵਿਚ ਅਜਿਹੇ ਕਰਮ-ਕਾਂਡੀ ਮਨੁਖਾਂ ਦਾ ਜੀਵਨ ਚਿਤਰਿਆ ਹੋਇਆ ਹੈ, ਜੋ ਸਦੀਵੀ
ਨਾਮ ਨੂੰ ਨਹੀਂ ਸੁਣਦੇ ਅਤੇ ਨਾਸ਼ਮਾਨ ਪਦਾਰਥਾਂ ਵਿਚ ਪਰਵਿਰਤ ਹੋਏ ਰਹਿੰਦੇ ਹਨ। ਅਜਿਹੇ ਮਨੁਖ ਬਾਹਰੋਂ ਵੇਖਣ ਨੂੰ ਭਾਵੇਂ ਸਾਫ-ਸੁਥਰੇ ਦਿਸਦੇ ਹਨ, ਪਰ ਉਨ੍ਹਾਂ ਦਾ ਮਨ ਤ੍ਰਿਸ਼ਨਾ ਦੀ ਮੈਲ ਨਾਲ ਭਰਿਆ ਰਹਿੰਦਾ ਹੈ। ਜਦਕਿ ਅਨੰਦ ਦੀ ਪ੍ਰਾਪਤੀ ਕੂੜ ਤਿਆਗਣ ਅਤੇ ਸੱਚ ਗ੍ਰਹਿਣ ਕਰਨ ਵਿਚ ਹੈ।
ਜੀਅਹੁ ਮੈਲੇ ਬਾਹਰਹੁ ਨਿਰਮਲ ॥
ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ ਜੂਐ ਹਾਰਿਆ ॥
ਏਹ ਤਿਸਨਾ ਵਡਾ ਰੋਗੁ ਲਗਾ ਮਰਣੁ ਮਨਹੁ ਵਿਸਾਰਿਆ ॥
ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ॥
ਕਹੈ ਨਾਨਕੁ ਜਿਨ ਸਚੁ ਤਜਿਆ ਕੂੜੇ ਲਾਗੇ ਤਿਨੀ ਜਨਮੁ ਜੂਐ ਹਾਰਿਆ ॥੧੯॥
-ਗੁਰੂ ਗ੍ਰੰਥ ਸਾਹਿਬ ੯੧੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਉੜੀ ਵਿਚ ਪਾਤਸ਼ਾਹ ਉਨ੍ਹਾਂ ਲੋਕਾਂ ਦੀ ਗੱਲ ਕਰਦੇ ਹਨ, ਜਿਨ੍ਹਾਂ ਦੇ ਮਨ ਅੰਦਰ ਮੈਲ ਭਰੀ ਹੁੰਦੀ ਹੈ ਅਤੇ ਉਹ ਆਪਣੇ ਅੰਦਰਲੀ ਮੈਲ ਨੂੰ ਲੁਕਾਉਂਦੇ ਹੋਏ ਆਪਣੇ ਤਨ ਨੂੰ ਇਸ ਕਦਰ ਸਜਾਉਂਦੇ ਹਨ ਕਿ ਬਿਲਕੁਲ ਹੀ ਨਿਰਮਲ ਪ੍ਰਤੀਤ ਹੁੰਦੇ ਹਨ।
ਅਗਲੀ ਤੁਕ ਵਿਚ ਫਿਰ ਇਸੇ ਗੱਲ ਨੂੰ ਦੁਬਾਰਾ ਕਹਿੰਦੇ ਹਨ ਕਿ ਜਿਹੜੇ ਲੋਕ ਬਾਹਰੋਂ ਬੜੇ ਸਾਫ ਅਤੇ ਉਜਲੇ ਨਜ਼ਰ ਆਉਂਦੇ ਹਨ ਤੇ ਅੰਦਰੋਂ ਮੈਲ, ਅਰਥਾਤ ਹਰ ਤਰ੍ਹਾਂ ਦੇ ਵਿਕਾਰਾਂ ਨਾਲ ਭਰੇ ਹੁੰਦੇ ਹਨ। ਉਹ ਮਨੁਖ ਅਸਲ ਵਿਚ ਆਪਣੇ ਪੂਰੇ ਜੀਵਨ ਨੂੰ ਹੀ ਜੂਏ ਵਾਂਗ ਹਾਰ ਜਾਂਦੇ ਹਨ।
ਕਹਿੰਦੇ ਹਨ ਕਿ ਕਾਦਰ ਦੀ ਇਸ ਵਿਸ਼ਾਲ ਕੁਦਰਤ ਵਿਚ ਮਨੁਖਾ ਜਨਮ ਇਕ ਅਜਿਹੀ ਸੰਭਾਵਨਾ ਹੈ, ਜਿਸ ਦੇ ਰਾਹੀਂ ਕੁਦਰਤ ਫਿਰ ਕਾਦਰ ਵਿਚ ਸਮਾ ਜਾਂਦੀ ਹੈ। ਮਨੁਖ ਨੇ ਇਹ ਪ੍ਰਾਕਰਮ ਆਪਣੇ ਅੰਦਰ ਉਸ ਪਰਮ ਸੱਚ, ਅਰਥਾਤ ਪਵਿੱਤਰਤਾ ਦਾ ਅਹਿਸਾਸ ਜਗਾ ਕੇ ਮੁਕੰਮਲ ਕਰਨਾ ਹੁੰਦਾ ਹੈ। ਇਸ ਵਿਚਾਰ ਨੂੰ ਪੰਚਮ ਪਾਤਸ਼ਾਹ ਦੀਆਂ ਇਨ੍ਹਾਂ ਤੁਕਾਂ ਦੇ ਹਵਾਲੇ ਨਾਲ ਸਮਝਿਆ ਜਾ ਸਕਦਾ ਹੈ: (੧) ਚਿਰੰਕਾਲ ਇਹ ਦੇਹ ਸੰਜਰੀਆ ॥ (੨) ਮਿਲੁ ਜਗਦੀਸ ਮਿਲਨ ਕੀ ਬਰੀਆ ॥ (੩) ਅਵਰਿ ਕਾਜ ਤੇਰੈ ਕਿਤੈ ਨ ਕਾਮ ॥
ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਹਨ ਕਿ ਜਿਹੜੇ ਲੋਕ ਆਪਣੇ ਅੰਦਰ ਪਵਿੱਤਰਤਾ ਦੀ ਬਜਾਏ ਮੈਲ ਭਰੀ ਰਖਦੇ ਹਨ ਅਤੇ ਬਾਹਰੀ ਸਾਫ-ਸਫਾਈ ਤੇ ਸੁੰਦਰਤਾ ’ਤੇ ਬਲ ਦਿੰਦੇ ਰਹਿੰਦੇ ਹਨ, ਉਹ ਆਪਣੇ ਜੀਵਨ ਦੇ ਸਹੀ ਉਪਯੋਗ ਤੋਂ ਖੁੰਝ ਜਾਂਦੇ ਹਨ ਤੇ ਜੂਏ ਵਾਂਗ ਜਨਮ ਹਾਰ ਜਾਂਦੇ ਹਨ।
ਅਸਲ ਵਿਚ ਅਜਿਹੇ ਲੋਕ ਤ੍ਰਿਸ਼ਨਾ, ਅਰਥਾਤ ਮਨ ਦੀ ਅੰਨ੍ਹੀ ਅਤੇ ਅਨੰਤ ਚਾਹਤ ਅਧੀਨ ਤਮਾਮ ਉਮਰ ਬਤੀਤ ਕਰ ਲੈਂਦੇ ਹਨ। ਉਨ੍ਹਾਂ ਨੂੰ ਯਾਦ ਹੀ ਨਹੀਂ ਰਹਿੰਦਾ ਕਿ ਉਨ੍ਹਾਂ ਦਾ ਕੁਦਰਤ ਤੋਂ ਮੁੜ ਕਾਦਰ ਹੋਣ ਦੇ ਅਵਸਰ ਦਾ ਸਮਾਂ ਮੁੱਕਦਾ ਜਾ ਰਿਹਾ ਹੈ। ਮਨ ਦੀ ਚਾਹਤ ਰੋਗ ਦੀ ਤਰ੍ਹਾਂ ਉਨ੍ਹਾਂ ਦੀ ਤਮਾਮ ਉਮਰ ਖਾ ਜਾਂਦੀ ਹੈ।
ਪਾਤਸ਼ਾਹ ਦੱਸਦੇ ਹਨ ਕਿ ਧਾਰਮਕ ਗ੍ਰੰਥਾਂ ਵਿਚ ਪ੍ਰਭੂ ਦਾ ਨਾਮ ਸਭ ਤੋਂ ਉੱਤਮ ਗਿਆਨ ਹੈ, ਪਰ ਤ੍ਰਿਸ਼ਨਾ ਮਗਰ ਲੱਗੇ ਹੋਏ ਮਨੁਖ ਦਾ ਇਸ ਨਾਮ ਵੱਲ ਧਿਆਨ ਹੀ ਨਹੀਂ ਜਾਂਦਾ। ਅਜਿਹਾ ਮਨੁਖ ਭਟਕਣਾ ਵਿਚ ਹੀ ਉਮਰ ਬਤੀਤ ਕਰ ਲੈਂਦਾ ਹੈ, ਜਿਵੇਂ ਕੋਈ ਬੇਸੁਰਾ ਸਾਜਿੰਦਾ ਉਮਰ ਭਰ ਸੁਰ ਦੇ ਨਾਲ ਤਾਲ ਮਿਲਾਉਣ ਤੋਂ ਖੁੰਝਿਆ ਰਹਿੰਦਾ ਹੈ।
ਪਾਤਸ਼ਾਹ ਅਖੀਰ ਵਿਚ ਫਿਰ ਦੁਹਰਾਉਂਦੇ ਹਨ ਕਿ ਜਿਨ੍ਹਾਂ ਨੇ ਸੱਚ ਦਾ ਮਾਰਗ ਛੱਡ ਦਿੱਤਾ ਜਾਂ ਸੱਚੇ ਮਾਰਗ ’ਤੇ ਚੱਲਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਉਹ ਲੋਕ ਤਾ-ਉਮਰ ਝੂਠ ਵਿਚ ਵਿਅਸਤ ਰਹਿੰਦੇ ਹੋਏ ਜੂਏ ਦੀ ਤਰ੍ਹਾਂ ਜੀਵਨ ਹਾਰ ਜਾਂਦੇ ਹਨ।