Guru Granth Sahib Logo
  
ਇਸ ਪਉੜੀ ਵਿਚ ਉਪਦੇਸ਼ ਹੈ ਕਿ ਕਰਮ-ਕਾਂਡਾਂ ਨਾਲ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ, ਸਗੋਂ ਭਰਮ ਪੈਦਾ ਹੁੰਦਾ ਹੈ। ਇਹ ਭਰਮ ਮਨ ਨੂੰ ਮੈਲਾ ਕਰਦਾ ਹੈ। ਗੁਰ-ਸ਼ਬਦ ਹੀ ਇਸ ਭਰਮ ਨੂੰ ਦੂਰ ਕਰ ਕੇ ਮਨ ਨੂੰ ਨਿਰਮਲ ਕਰ ਸਕਦਾ ਹੈ। ਗੁਰ-ਸ਼ਬਦ ਨਾਲ ਚਿਤ ਜੋੜਨ ਵਿਚ ਹੀ ਅਸਲ ਅਨੰਦ ਹੈ।
ਕਰਮੀ ਸਹਜੁ ਊਪਜੈ   ਵਿਣੁ ਸਹਜੈ ਸਹਸਾ ਜਾਇ
ਨਹ ਜਾਇ ਸਹਸਾ ਕਿਤੈ ਸੰਜਮਿ   ਰਹੇ ਕਰਮ ਕਮਾਏ
ਸਹਸੈ ਜੀਉ ਮਲੀਣੁ ਹੈ   ਕਿਤੁ ਸੰਜਮਿ ਧੋਤਾ ਜਾਏ
ਮੰਨੁ ਧੋਵਹੁ  ਸਬਦਿ ਲਾਗਹੁ   ਹਰਿ ਸਿਉ ਰਹਹੁ ਚਿਤੁ ਲਾਇ
ਕਹੈ ਨਾਨਕੁ  ਗੁਰ ਪਰਸਾਦੀ ਸਹਜੁ ਉਪਜੈ   ਇਹੁ ਸਹਸਾ ਇਵ ਜਾਇ ॥੧੮॥
-ਗੁਰੂ ਗ੍ਰੰਥ ਸਾਹਿਬ ੯੧੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਉੜੀ ਵਿਚ ਦੱਸਿਆ ਗਿਆ ਹੈ ਕਿ ਸਹਿਜ, ਅਰਥਾਤ ਪੂਰਨ ਗਿਆਨ ਅਤੇ ਸੱਚ ਦੀ ਅਵਸਥਾ ਕਿਸੇ ਕਰਮ ਜਾਂ ਯਤਨ ਦਾ ਪਰਿਣਾਮ ਨਹੀਂ ਹੈ ਤੇ ਸਹਿਜ ਦੇ ਬਗੈਰ ਮਨ ਦਾ ਸਹਿਸਾ, ਅਰਥਾਤ ਸ਼ੰਕਾ ਦੂਰ ਨਹੀਂ ਹੁੰਦਾ। ਹੰਕਾਰ ਅਧੀਨ ਕੀਤੇ ਗਏ ਕਰਮ-ਕਾਂਡਾਂ ਨਾਲ ਸਹਿਜ, ਅਰਥਾਤ ਪੂਰਨ ਗਿਆਨ ਨਹੀਂ ਮਿਲ ਸਕਦਾ ਅਤੇ ਗਿਆਨ ਤੋਂ ਬਿਨਾਂ ਅਗਿਆਨਤਾ ਦਾ ਭਰਮ ਦੂਰ ਨਹੀਂ ਹੋ ਸਕਦਾ। ਅਗਿਆਨਤਾ ਦਾ ਇਹ ਭਰਮ ਕਿਸੇ ਵੀ ਯਤਨ ਜਾਂ ਢੰਗ ਤਰੀਕੇ ਨਾਲ ਦੂਰ ਨਹੀਂ ਹੋ ਸਕਦਾ, ਅਣਗਿਣਤ ਲੋਕ ਕਰਮ-ਕਾਂਡ ਕਰਦਿਆਂ ਥਕ-ਹਾਰ ਗਏ ਹਨ। ਭਾਵ, ਅਣਗਿਣਤ ਲੋਕ ਕਰਮ-ਕਾਂਡ ਕਰਦੇ ਰਹੇ ਹਨ, ਪਰ ਕਿਸੇ ਨੂੰ ਇਨ੍ਹਾਂ ਯਤਨਾਂ ਨਾਲ ਗਿਆਨ ਅਧਾਰਤ ਪੂਰਨ ਟਿਕਾਉ ਜਾਂ ਅਡੋਲ ਅਵਸਥਾ ਹਾਸਲ ਨਹੀਂ ਹੋਈ।

ਅਸੀਂ ਅਕਸਰ ਸ਼ਰਧਾ ਅਤੇ ਵਿਸ਼ਵਾਸ ਨੂੰ ਗਿਆਨ ਦੇ ਵਿਰੋਧ ਵਿਚ ਚਿਤਵ ਲੈਂਦੇ ਹਾਂ, ਜਦਕਿ ਸ਼ਰਧਾ ਅਤੇ ਵਿਸ਼ਵਾਸ ਗਿਆਨ ਦੀ ਸੰਪੰਨਤਾ ਜਾਂ ਮੁਕੰਮਲਤਾ ਦੀ ਅਵਸਥਾ ਦਾ ਅਹਿਸਾਸ ਹੈ। ਸ਼ੰਕਾ ਤੇ ਸੰਦੇਹ ਅਲਪ, ਅਰਥਾਤ ਸੀਮਤ ਗਿਆਨ ਵਿਚੋਂ ਉਪਜਦੇ ਹਨ, ਜਦਕਿ ਵਿਸ਼ਵਾਸ ਮੁਕੰਮਲ ਸੱਚ ਦਾ ਮਾਰਗ ਹੈ।

ਇਸ ਲਈ ਪਾਤਸਾਹ ਫਿਰ ਦ੍ਰਿੜ ਕਰਾਉਂਦੇ ਹਨ ਹੋਏ ਦੱਸਦੇ ਹਨ ਕਿ ਮਨ ਦਾ ਸ਼ੰਕਾ ਕਿਸੇ ਵੀ ਸੰਜਮ, ਅਰਥਾਤ ਉਪਚਾਰ, ਪ੍ਰਹੇਜ ਜਾਂ ਢੰਗ ਤਰੀਕੇ ਨਾਲ ਦੂਰ ਨਹੀਂ ਹੋ ਸਕਦਾ। ਇਸ ਪਉੜੀ ਵਿਚ ਸੰਜਮ ਦਾ ਅਰਥ ਸੰਕੋਚ ਦੀ ਬਜਾਏ ਨਿਸ਼ੇਧਮਈ ਉਪਚਾਰਕ ਕਰਮ ਦਾ ਲਖਾਇਕ ਹੈ।

ਅਗਲੀ ਤੁਕ ਵਿਚ ਪਾਤਸ਼ਾਹ ਬੜੇ ਹੀ ਫਿਕਰ ਵਾਲੀ ਗੱਲ ਦੱਸਦੇ ਹਨ ਕਿ ਸ਼ੰਕੇ ਕਾਰਣ ਮਨੁਖ ਦਾ ਹਿਰਦਾ ਮਲੀਨ, ਭਾਵ ਅਪਵਿੱਤਰ ਹੋ ਜਾਂਦਾ ਹੈ। ਫਿਰ ਇਸ ਮਲੀਨਤਾ ਨੂੰ ਕਿਸ ਸੰਜਮ, ਪਰਹੇਜ਼ ਜਾਂ ਉਪਾਅ ਨਾਲ ਸਾਫ ਕੀਤਾ ਜਾਵੇ?

ਜਪੁਜੀ ਸਾਹਿਬ ਵਿਚ ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ ਹੈ: ਮੂਤ ਪਲੀਤੀ ਕਪੜੁ ਹੋਇ ॥ ਦੇ ਸਾਬੂਣੁ ਲਈਐ ਓਹੁ ਧੋਇ ॥ ਗੰਦੇ ਕੱਪੜੇ ਹੋਣ ਤਾਂ ਸਾਬਣ ਦੀ ਵਰਤੋਂ ਨਾਲ ਧੋ ਲਈਦੇ ਹਨ, ਪਰ ਹਿਰਦੇ ਦੀ ਮੈਲ ਕਿਵੇਂ ਧੋਤੀ ਜਾਵੇ? ਗੁਰੂ ਨਾਨਕ ਪਾਤਸ਼ਾਹ ਜਵਾਬ ਦਿੰਦੇ ਹਨ: ਭਰੀਐ ਮਤਿ ਪਾਪਾ ਕੈ ਸੰਗਿ ॥ ਓਹੁ ਧੋਪੈ ਨਾਵੈ ਕੈ ਰੰਗ ॥

ਇਸ ਪਉੜੀ ਵਿਚ ਵੀ ਪਾਤਸ਼ਾਹ ਉਹੀ ਜੁਗਤ ਦੱਸਦੇ ਹਨ ਕਿ ਗੁਰ-ਸ਼ਬਦ ਦੇ ਗਿਆਨ ਨਾਲ ਜੁੜਿਆਂ ਤੇ ਪਰਮ ਸੱਚ ਦੇ ਮੁਜੱਸਮੇ ਪ੍ਰਭੂ ਨਾਲ ਲਿਵ ਲਾਇਆਂ ਹੀ ਮਨ ਧੋਤਾ ਜਾ ਸਕਦਾ ਹੈ। ਇਸੇ ਤਰ੍ਹਾਂ ਗੁਰੂ ਦੀ ਕਿਰਪਾ ਦੇ ਪਾਤਰ ਬਣਿਆਂ ਸਹਿਜ, ਅਰਥਾਤ ਪੂਰਨ ਗਿਆਨ ਉਪਜਦਾ ਹੈ ਤੇ ਮਨ ਦਾ ਸ਼ੰਕਾ ਦੂਰ ਹੁੰਦਾ ਹੈ।

Tags