Guru Granth Sahib Logo
  
ਪਿਛਲੀ ਪਉੜੀ ਵਿਚ ਅਨੰਦ ਦੇ ਮੂਲ ਸੋਮੇ ਗੁਰ-ਸ਼ਬਦ ਦਾ ਜਿਕਰ ਸੀ। ਇਸ ਪਉੜੀ ਵਿਚ ਕਥਨ ਕੀਤਾ ਗਿਆ ਹੈ ਕਿ ਜਿਹੜੇ ਮਨੁਖ ਗੁਰ-ਸ਼ਬਦ ਰਾਹੀਂ ਪ੍ਰਭੂ ਦਾ ਨਾਮ ਧਿਆਉਂਦੇ ਹਨ, ਉਹ ਕੇਵਲ ਆਪ ਹੀ ਉੱਚੇ-ਸੁੱਚੇ ਜੀਵਨ ਵਾਲੇ (ਪਵਿੱਤਰ) ਨਹੀਂ ਹੁੰਦੇ, ਸਗੋਂ ਉਨ੍ਹਾਂ ਦੀ ਸੰਗਤ ਕਰਨ ਵਾਲੇ ਹੋਰ ਮਨੁਖ ਵੀ ਉੱਚੇ-ਸੁੱਚੇ ਜੀਵਨ ਵਾਲੇ ਹੋ ਜਾਂਦੇ ਹਨ। ਆਚਰਣ ਦੀ ਅਜਿਹੀ ਪਵਿੱਤਰਤਾ ਵਿਚ ਹੀ ਅਨੰਦ ਹੈ।
ਪਵਿਤੁ ਹੋਏ ਸੇ ਜਨਾ   ਜਿਨੀ ਹਰਿ ਧਿਆਇਆ
ਹਰਿ ਧਿਆਇਆ  ਪਵਿਤੁ ਹੋਏ   ਗੁਰਮੁਖਿ ਜਿਨੀ ਧਿਆਇਆ
ਪਵਿਤੁ ਮਾਤਾ ਪਿਤਾ ਕੁਟੰਬ ਸਹਿਤ ਸਿਉ   ਪਵਿਤੁ ਸੰਗਤਿ ਸਬਾਈਆ
ਕਹਦੇ ਪਵਿਤੁ  ਸੁਣਦੇ ਪਵਿਤੁ   ਸੇ ਪਵਿਤੁ ਜਿਨੀ ਮੰਨਿ ਵਸਾਇਆ
ਕਹੈ ਨਾਨਕੁ  ਸੇ ਪਵਿਤੁ   ਜਿਨੀ ਗੁਰਮੁਖਿ ਹਰਿ ਹਰਿ ਧਿਆਇਆ ॥੧੭॥
-ਗੁਰੂ ਗ੍ਰੰਥ ਸਾਹਿਬ ੯੧੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਸ੍ਰਿਸ਼ਟੀ ਵਿਚ ਸਭ ਤੋਂ ਸ੍ਰੇਸ਼ਟ, ਖੋਟ-ਰਹਿਤ ਅਤੇ ਦੋਸ਼-ਮੁਕਤ ਹੋਣ ਕਾਰਣ ਪ੍ਰਭੂ ਦੀ ਹਸਤੀ ਨੂੰ ਮਨੁਖ ਨੇ ਪਾਵਨ ਅਤੇ ਪਵਿੱਤਰ ਕਿਹਾ ਤੇ ਜਿਹੜੀ ਵੀ ਸ਼ੈਅ ਉਸ ਹਸਤੀ ਨਾਲ ਸੰਬੰਧਤ ਹੋ ਗਈ, ਉਸ ਨੂੰ ਵੀ ਪਵਿੱਤਰ ਸਮਝ ਲਿਆ ਗਿਆ। ਗੁਰਮਤਿ ਅਨੁਸਾਰ ਸੱਚ ਨੂੰ ਵੀ ਪਰਮ ਅਤੇ ਪਵਿੱਤਰ ਕਿਹਾ ਗਿਆ ਹੈ, ਜਿਸ ਕਰਕੇ ਪ੍ਰਭੂ ਪਿਆਰੇ ਦੀ ਹਸਤੀ ਅਤੇ ਸੱਚ ਨੂੰ ਸਮਾਨਾਰਥੀ ਜਾਂ ਪਰਿਆਇ ਮੰਨਿਆ ਗਿਆ ਹੈ। 

ਉਪਰੋਕਤ ਸੰਦਰਭ ਅਨੁਸਾਰ ਇਸ ਪਉੜੀ ਵਿਚ ਪਾਤਸ਼ਾਹ ਦੱਸਦੇ ਹਨ ਕਿ ਉਹੀ ਲੋਕ ਪਵਿੱਤਰ ਹੁੰਦੇ ਹਨ, ਜਿਨ੍ਹਾਂ ਨੇ ਸੱਚ-ਸਰੂਪ ਪ੍ਰਭੂ ਨੂੰ ਹਮੇਸ਼ਾ ਆਪਣੇ ਧਿਆਨ, ਸਿਮਰਤੀ ਜਾਂ ਯਾਦ ਵਿਚ ਰਖਿਆ ਹੈ।

ਇਸੇ ਗੱਲ ਨੂੰ ਫਿਰ ਕਿਹਾ ਗਿਆ ਹੈ ਕਿ ਉਹੀ ਲੋਕ ਪਵਿੱਤਰ ਹੋਏ ਹਨ, ਜਿਨ੍ਹਾਂ ਨੇ ਆਪਣਾ ਮੁਖ ਹਮੇਸ਼ਾ ਸੱਚ ਸਰੂਪ ਗੁਰੂ, ਅਰਥਾਤ ਗੁਰ ਉਪਦੇਸ਼ ਵੱਲ ਰਖਿਆ ਅਤੇ ਇਸ ਰਾਹੀਂ ਸੱਚ ਦੇ ਸੋਮੇ ਪ੍ਰਭੂ ਨੂੰ ਹਮੇਸ਼ਾ ਧਿਆਨ ਵਿਚ ਰਖਿਆ।

ਪਾਤਸ਼ਾਹ ਦੱਸਦੇ ਹਨ ਕਿ ਅਜਿਹੀ ਪਾਵਨ-ਪਵਿੱਤਰ ਹਸਤੀ ਦੇ ਮਾਤਾ-ਪਿਤਾ ਤੇ ਬਾਲ-ਬੱਚਿਆਂ ਸਮੇਤ ਸਭ ਪਵਿੱਤਰ ਹੋ ਜਾਂਦੇ ਹਨ। ਇਥੋਂ ਤਕ ਕਿ ਪਵਿੱਤਰ ਹਸਤੀ ਦੀ ਸੰਗਤ ਕਰਨ ਵਾਲੇ ਸੱਜਣ-ਮਿੱਤਰ ਵੀ ਪਵਿੱਤਰ ਹੋ ਜਾਂਦੇ ਹਨ। ਪੰਚਮ ਪਾਤਸ਼ਾਹ ਦਾ ਕਥਨ ਹੈ: ਨਾਨਕ ਜਨ ਸੰਗਿ ਕੇਤੇ ਤਰੇ ॥

ਕਹਿੰਦੇ ਹਨ ਕਿ ਧਰਮ ਪਵਿੱਤਰਤਾ ਦਾ ਅਹਿਸਾਸ ਹੈ, ਜਿਸ ਨੂੰ ਇਤਿਹਾਸ ਅਤੇ ਹਿਸਾਬ ਦੀ ਤਰ੍ਹਾਂ ਸਿਖਾਇਆ ਨਹੀਂ ਜਾ ਸਕਦਾ, ਬਲਕਿ ਇਹ ਤਾਂ ਤਾਪ ਅਤੇ ਪ੍ਰਕਾਸ਼ ਦੀ ਤਰ੍ਹਾਂ ਚੁੱਪ-ਚੁਪੀਤੇ ਪ੍ਰਵਾਹਤ ਅਤੇ ਪ੍ਰਸਾਰਤ ਹੁੰਦਾ ਹੈ। 

ਇਸੇ ਕਰਕੇ ਅੱਗੇ ਕਿਹਾ ਗਿਆ ਹੈ ਕਿ ਜਿਨ੍ਹਾਂ ਨੇ ਵੀ ਉਸ ਪਾਵਨ-ਪਵਿੱਤਰ ਪ੍ਰਭੂ ਨੂੰ ਹਿਰਦੇ ਵਿਚ ਵਸਾਇਆ, ਉਹ ਵੀ ਪਵਿੱਤਰ ਹੋ ਗਏ, ਉਸ ਦਾ ਜਿਕਰ ਕਰਨ ਵਾਲੇ ਵੀ ਪਵਿੱਤਰ ਹੋ ਗਏ, ਉਸ ਨੂੰ ਸੁਣਨ ਵਾਲੇ ਵੀ ਪਵਿੱਤਰ ਹੋ ਗਏ। 

ਪਾਤਸ਼ਾਹ ਅਖੀਰ ਵਿਚ ਫਿਰ ਦੁਹਰਾਉਂਦੇ ਹਨ ਕਿ ਜਿਨ੍ਹਾਂ ਨੇ ਵੀ ਗੁਰ-ਸ਼ਬਦ ਦੇ ਰਾਹੀਂ ਸੱਚ ਸਰੂਪ ਪ੍ਰਭੂ ਵੱਲ ਧਿਆਨ ਰਖਿਆ ਤੇ ਹਿਰਦੇ ਵਿਚ ਉਸ ਨੂੰ ਸਦਾ ਯਾਦ ਕੀਤਾ ਉਹ ਸਾਰੇ ਪਵਿੱਤਰ ਹੋ ਗਏ।
Tags