ਪਿਛਲੀ
ਪਉੜੀ ਵਿਚ ਭਗਤਾਂ ਦੀ ਜੀਵਨ-ਜਾਚ ਦਾ ਜਿਕਰ ਕੀਤਾ ਸੀ। ਇਸ ਪਉੜੀ ਵਿਚ ਸਮਝਾਇਆ ਗਿਆ ਹੈ ਕਿ ਪ੍ਰਭੂ ਨੂੰ ਜਿਵੇਂ ਭਾਉਂਦਾ ਹੈ, ਤਿਵੇਂ ਹੀ ਉਹ ਜੀਵਾਂ ਨੂੰ ਚਲਾਉਂਦਾ ਹੈ। ਪ੍ਰਭੂ ਕਿਰਪਾ ਕਰ ਕੇ ਜਿਨ੍ਹਾਂ ਜੀਵਾਂ ਨੂੰ ਗੁਰ-ਸ਼ਬਦ ਰਾਹੀਂ ਆਪਣੇ
ਨਾਮ ਨਾਲ ਜੋੜ ਲੈਂਦਾ ਹੈ, ਉਹ ਜੀਵ ਸਦਾ ਸੁਖ ਪਾਉਂਦੇ ਅਤੇ ਅਨੰਦ ਵਿਚ ਰਹਿੰਦੇ ਹਨ।
ਜਿਉ ਤੂ ਚਲਾਇਹਿ ਤਿਵ ਚਲਹ ਸੁਆਮੀ ਹੋਰੁ ਕਿਆ ਜਾਣਾ ਗੁਣ ਤੇਰੇ ॥
ਜਿਵ ਤੂ ਚਲਾਇਹਿ ਤਿਵੈ ਚਲਹ ਜਿਨਾ ਮਾਰਗਿ ਪਾਵਹੇ ॥
ਕਰਿ ਕਿਰਪਾ ਜਿਨ ਨਾਮਿ ਲਾਇਹਿ ਸਿ ਹਰਿ ਹਰਿ ਸਦਾ ਧਿਆਵਹੇ ॥
ਜਿਸ ਨੋ ਕਥਾ ਸੁਣਾਇਹਿ ਆਪਣੀ ਸਿ ਗੁਰਦੁਆਰੈ ਸੁਖੁ ਪਾਵਹੇ ॥
ਕਹੈ ਨਾਨਕੁ ਸਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ ॥੧੫॥
-ਗੁਰੂ ਗ੍ਰੰਥ ਸਾਹਿਬ ੯੧੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਉੜੀ ਵਿਚ ਪਾਤਸ਼ਾਹ ਨਿਰਾਲੇ ਅਤੇ ਬਿਖਮ ਜੀਵਨ ਜਿਉਣ ਵਾਲੇ ਭਗਤ-ਜਨਾਂ ਦੇ ਵਰਤੋਂ ਵਿਹਾਰ ਉੱਤੇ ਹੋਰ ਚਾਨਣਾ ਪਾਉਂਦੇ ਹੋਏ ਮਾਲਕ ਪ੍ਰਭੂ ਨੂੰ ਮੁਖਾਤਬ ਹੁੰਦੇ ਹਨ ਕਿ ਉਹ ਭਗਤ-ਜਨ ਉਸੇ ਤਰ੍ਹਾਂ ਜੀਵਨ ਬਸਰ ਕਰਦੇ ਹਨ, ਜਿਸ ਤਰ੍ਹਾਂ ਤੇਰਾ ਹੁਕਮ ਹੁੰਦਾ ਹੈ। ਪ੍ਰਭੂ ਦੇ ਗੁਣਾ ਨੂੰ ਮੁਕੰਮਲ ਰੂਪ ਵਿਚ ਜਾਣਿਆਂ ਨਹੀਂ ਜਾ ਸਕਦਾ।
ਅਧਿਆਤਮਕ ਜਿਗਿਆਸਾ ਵਾਲਿਆਂ ਨੂੰ ਅਕਸਰ ਪ੍ਰਭੂ ਦੇ ਗੁਣ ਗਾਇਨ ਦੀ ਸਿਖਿਆ ਦਿੱਤੀ ਜਾਂਦੀ ਹੈ। ਪਰ ਇਥੇ ਪਾਤਸ਼ਾਹ ਦਾ ਵਿਚਾਰ ਹੈ ਪ੍ਰਭੂ ਦੇ ਹੁਕਮ ਵਿਚ ਰਹਿਣਾ ਹੀ ਉਸ ਦਾ ਅਸਲ ਗੁਣ ਗਾਇਨ ਹੈ, ਜਿਸ ਦੇ ਇਲਾਵਾ ਉਸ ਦਾ ਹੋਰ ਕੋਈ ਗੁਣ ਜਾਣਿਆਂ ਵੀ ਨਹੀਂ ਜਾ ਸਕਦਾ।
ਜਿਨ੍ਹਾਂ ਨੂੰ ਵੀ ਪ੍ਰਭੂ ਰਾਹੇ ਪਾ ਦਿੰਦਾ ਹੈ ਜਾਂ ਕਹਿ ਲਉ ਆਪਣੇ ਹੁਕਮ ਦੀ ਸੋਝੀ ਬਖਸ਼ ਦਿੰਦਾ ਹੈ, ਉਹ ਫਿਰ ਉਸੇ ਤਰ੍ਹਾਂ ਜੀਵਨ ਬਸਰ ਕਰਦੇ ਹਨ, ਜਿਸ ਤਰ੍ਹਾਂ ਉਨ੍ਹਾਂ ਨੂੰ ਪ੍ਰਭੂ ਦਾ ਆਦੇਸ਼ ਹੁੰਦਾ ਹੈ। ਭਗਤ-ਜਨ ਆਪਣਾ ਜੀਵਨ ਪ੍ਰਭੂ ਦੇ ਹੁਕਮ ਅਨੁਸਾਰ ਜਿਉਂਦੇ ਹਨ। ਪਰ ਪ੍ਰਭੂ ਦੇ ਹੁਕਮ ਅੰਦਰ ਬਸਰ ਕਰਦੀ ਜੀਵਨ-ਜਾਚ ਉਨ੍ਹਾਂ ਨੂੰ ਹੀ ਨਸੀਬ ਹੁੰਦੀ ਹੈ, ਜਿਨ੍ਹਾਂ ਉੱਤੇ ਪ੍ਰਭੂ ਆਪ ਕਿਰਪਾ ਕਰਦਾ ਅਤੇ ਉਨ੍ਹਾਂ ਦਾ ਮਾਰਗ-ਦਰਸ਼ਨ ਕਰਦਾ ਹੈ।
ਅਗਲੀ ਤੁਕ ਵਿਚ ਪਾਤਸ਼ਾਹ ਦੱਸਦੇ ਹਨ ਕਿ ਜਿਨ੍ਹਾਂ ਨੂੰ ਵੀ ਪ੍ਰਭੂ ਗੁਰ-ਸ਼ਬਦ ਰਾਹੀਂ ਆਪਣੇ ਨਾਮ ਦੀ ਲਿਵ ਅਤੇ ਆਪਣਾ ਪ੍ਰੇਮ-ਭਾਵ ਬਖਸ਼ ਦਿੰਦਾ ਹੈ, ਉਹ ਫਿਰ ਸਦਾ ਹੀ ਉਸ ਪ੍ਰਭੂ ਨੂੰ ਯਾਦ ਕਰਦੇ ਰਹਿੰਦੇ ਹਨ ਤੇ ਉਸ ਦੇ ਆਦੇਸ਼ ਨੂੰ ਸਦਾ ਧਿਆਨ ਵਿਚ ਰਖਦੇ ਹਨ।
ਇਥੋਂ ਸੰਕੇਤ ਮਿਲਦਾ ਹੈ ਕਿ ਪ੍ਰਭੂ ਦਾ ਹੁਕਮ ਉਸ ਦੇ ਨਾਮ ਬਿਨਾਂ ਨਹੀਂ ਮੰਨਿਆ ਜਾਂਦਾ। ਪ੍ਰਭੂ ਦਾ ਨਾਮ ਅਸਲ ਵਿਚ ਸੱਚ ਦਾ ਉਹ ਗਿਆਨ ਹੈ, ਜਿਸ ਵਿਚ ਪ੍ਰੇਮ ਅਤੇ ਸ਼ਰਧਾ-ਭਾਵ ਮਿਲਿਆ ਹੋਇਆ ਹੈ, ਜਿਸ ਤੋਂ ਬਿਨਾਂ ਗਿਆਨ ਨਿਰਾ ਖੁਸ਼ਕ ਆਦੇਸ਼ ਬਣ ਕੇ ਰਹਿ ਜਾਂਦਾ ਹੈ। ਪ੍ਰੇਮ-ਭਾਵ ਅਤੇ ਸ਼ਰਧਾ ਤੋਂ ਬਿਨਾਂ ਇਲਮ ਸਾਡੇ ਅਮਲ ਵਿਚ ਨਹੀਂ ਢਲਦਾ ਤੇ ਗੁਰਮਤਿ ਵਿਚ ਅਮਲ ਤੋਂ ਬਿਨਾਂ ਇਲਮ ਨਿਰਜਿੰਦ ਹੈ।
ਸ਼ਾਇਦ ਇਸੇ ਕਰਕੇ ਪਾਤਸ਼ਾਹ ਨੇ ਨਾਮ, ਅਰਥਾਤ ਪ੍ਰੇਮ-ਭਾਵ ਵਾਲੇ ਗਿਆਨ ਤੋਂ ਬਾਅਦ ਕਥਾ ਦੇ ਹਵਾਲੇ ਨਾਲ ਗੱਲ ਅੱਗੇ ਤੋਰੀ ਹੈ ਕਿ ਜਿਨ੍ਹਾਂ ਨੂੰ ਪ੍ਰਭੂ ਗੁਰ-ਸ਼ਬਦ ਰਾਹੀਂ ਆਪਣੀ ਕਥਾ ਸਰਵਣ ਕਰਾਉਂਦਾ ਹੈ, ਉਹੀ ਲੋਕ ਸੁਖ ਪਾਉਂਦੇ ਹਨ।
ਪ੍ਰਭੂ ਦੇ ਹੁਕਮ, ਨਾਮ, ਪ੍ਰੇਮ ਅਤੇ ਗਿਆਨ ਨੂੰ ਆਤਮਸਾਤ ਕਰਨ ਲਈ ਉਸ ਦੀ ਕਥਾ, ਅਰਥਾਤ ਵਿਆਖਿਆ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਕਰਕੇ ਕਥਾ ਨਾਲ ਹੀ ਪ੍ਰਭੂ ਦੇ ਹੁਕਮ ਤੇ ਨਾਮ ਦਾ ਕ੍ਰਿਸ਼ਮਾ ਵਾਪਰਦਾ ਹੈ। ਕਥਾ ਨਾਲ ਹੀ ਅਗੰਮ-ਅਗੋਚਰ ਪ੍ਰਭੂ ਦਾ ਦੁਆਰ ਲੱਭਦਾ ਹੈ ਤੇ ਕਥਾ ਨਾਲ ਹੀ ਜੀਵਨ ਦਾ ਸੁਖ ਪ੍ਰਾਪਤ ਹੁੰਦਾ ਹੈ।
ਅਖੀਰ ਵਿਚ ਪਾਤਸ਼ਾਹ ਉਸ ਮਾਲਕ ਪ੍ਰਭੂ ਦੀ ਵਡਿਆਈ ਦੱਸਦੇ ਹਨ ਕਿ ਉਹ ਜਿਵੇਂ ਚਾਹੁੰਦਾ ਹੈ ਜਾਂ ਉਸ ਨੂੰ ਜੋ ਭਾਉਂਦਾ ਹੈ, ਉਹ ਉਵੇਂ ਹੀ ਆਪਣੇ ਭਗਤ-ਜਨਾਂ ਅਤੇ ਪਿਆਰਿਆਂ ਨੂੰ ਚਲਾਉਂਦਾ ਹੈ।