ਇਸ
ਪਉੜੀ ਵਿਚ ਪ੍ਰਭੂ ਦੀ ਭਗਤੀ ਕਰਨ ਵਾਲੇ ਵਿਅਕਤੀਆਂ ਦੀ ਜੀਵਨ-ਜਾਚ ਬਿਆਨ ਕੀਤੀ ਗਈ ਹੈ। ਸੰਸਾਰੀ ਵਿਅਕਤੀ ਤ੍ਰਿਸ਼ਨਾ, ਲੋਭ, ਹੰਕਾਰ ਆਦਿ ਵਿਚ ਖਚਤ ਹੋਏ ਰਹਿੰਦੇ ਹਨ, ਜਦਕਿ ਭਗਤ ਇਨ੍ਹਾਂ ਵਿਕਾਰਾਂ ਤੋਂ ਦੂਰ ਰਹਿੰਦੇ ਹਨ। ਪਰ ਇਸ ਮਾਰਗ ’ਤੇ ਤੁਰਨਾ ਕਠਨ ਹੁੰਦਾ ਹੈ।
ਗੁਰੂ ਕਿਰਪਾ ਦੁਆਰਾ ਹੀ ਇਸ ਮਾਰਗ ’ਤੇ ਚੱਲਿਆ ਜਾ ਸਕਦਾ ਹੈ। ਇਸ ਮਾਰਗ ’ਤੇ ਚੱਲਣ ਵਿਚ ਹੀ ਅਨੰਦ ਹੈ।
ਭਗਤਾ ਕੀ ਚਾਲ ਨਿਰਾਲੀ ॥
ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ ॥
ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ ॥
ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ ॥
ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ ॥
ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ ॥੧੪॥
-ਗੁਰੂ ਗ੍ਰੰਥ ਸਾਹਿਬ ੯੧੮-੯੧੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਉੜੀ ਵਿਚ ਪਾਤਸ਼ਾਹ ਸੱਚ ਸਰੂਪ ਪ੍ਰਭੂ ਦੀ ਭਗਤੀ ਕਰਨ ਵਾਲੇ ਭਗਤ-ਜਨਾਂ ਦੀ ਨਿਸ਼ਾਨੀ ਦੱਸਦੇ ਹਨ ਕਿ ਬੇਸ਼ੱਕ ਉਹ ਨੈਣ-ਨਕਸ਼ ਤੇ ਰੰਗ-ਰੂਪ ਪਖੋਂ, ਬਾਕੀ ਲੋਕਾਂ ਵਰਗੇ ਹੀ ਹੁੰਦੇ ਹਨ, ਪਰ ਉਨ੍ਹਾਂ ਦੀ ਚਾਲ, ਅਰਥਾਤ ਜੀਵਨ-ਜਾਚ ਬਾਕੀ ਸਭ ਨਾਲੋਂ ਵਖਰੀ ਹੁੰਦੀ ਹੈ।
ਭਗਤ-ਜਨਾਂ ਦੀ ਚਾਲ, ਅਰਥਾਤ ਜੀਣ-ਥੀਣ ਦੇ ਅੰਦਾਜ ਦਾ ਵਖਰਾਪਣ ਸਹਿਜਮਈ ਹੁੰਦਾ ਹੈ। ਉਨ੍ਹਾਂ ਦਾ ਹਰ ਕਦਮ ਅਤੇ ਕਰਮ ਆਤਮ ਵਿਸ਼ਵਾਸ ਨਾਲ ਭਰਿਆ ਹੋਇਆ ਅਡੋਲ ਚਿੱਤ ਅਤੇ ਟਿਕਾਉ ਵਾਲਾ ਹੁੰਦਾ ਹੈ। ਪੰਚਮ ਪਾਤਸ਼ਾਹ ਦਾ ਫੁਰਮਾਨ ਹੈ: ਪੂਰਨ ਪੁਰਖ ਨਹੀ ਡੋਲਾਨੇ॥
ਇਸ ਦੇ ਨਾਲ ਹੀ ਪਾਤਸ਼ਾਹ ਇਹ ਵੀ ਦੱਸਦੇ ਹਨ ਕਿ ਭਗਤ-ਜਨਾਂ ਦੇ ਸਿਰਫ ਜੀਵਨ-ਢੰਗ ਵਿਚ ਹੀ ਨਿਆਰਾਪਣ ਨਹੀਂ ਹੁੰਦਾ, ਬਲਕਿ ਜਿਸ ਮਾਰਗ ਉੱਤੇ ਉਹ ਚੱਲਦੇ ਹਨ, ਉਹ ਵੀ ਆਮ ਲੋਕਾਂ ਵਾਲੇ ਸੁਖੈਨ ਮਾਰਗ ਤੋਂ ਨਿਆਰਾ, ਭਾਵ ਉਹ ਮੁਸ਼ਕਲ ਹੁੰਦਾ ਹੈ।
ਸਧਾਰਨ ਲੋਕ ਮਨ ਦੀ ਮਤ (ਮਨਮਤਿ) ਦੇ ਮਗਰ ਲੱਗਦੇ ਹਨ ਤੇ ਇਹੀ ਉਨ੍ਹਾਂ ਨੂੰ ਸਹੀ ਅਤੇ ਸੌਖਾ ਮਾਰਗ ਪ੍ਰਤੀਤ ਹੁੰਦਾ ਹੈ। ਪਰ ਭਗਤ ਜਨ ਮਨ-ਮਤ ਦੀ ਬਜਾਏ, ਗੁਰੂ ਦੀ ਮਤ (ਗੁਰਮਤਿ) ਅਨੁਸਾਰ ਜੀਵਨ ਬਸਰ ਕਰਦੇ ਹਨ। ਗੁਰਮਤਿ ਦਾ ਮਾਰਗ ਸੰਸਾਰੀ ਲੋਕਾਂ ਦੀ ਦ੍ਰਿਸ਼ਟੀ ਵਿਚ ਮੁਸ਼ਕਲ ਹੁੰਦਾ ਹੈ, ਪਰ ਭਗਤ-ਜਨਾਂ ਦੇ ਮਨ ਨੂੰ ਉਹ ਬਿਖਮ ਮਾਰਗ ਹੀ ਅਨੰਦਦਾਇਕ ਮਹਿਸੂਸ ਹੁੰਦਾ ਹੈ।
ਅਗਲੀ ਤੁਕ ਵਿਚ ਪਾਤਸ਼ਾਹ ਭਗਤ-ਜਨਾਂ ਦੀ ਹੋਰ ਨਿਸ਼ਾਨੀ ਦੱਸਦੇ ਹਨ ਕਿ ਆਮ ਲੋਕ ਛੋਟੀ-ਮੋਟੀ ਮੁਸ਼ਕਲ ਆਉਣ ’ਤੇ ਹੀ ਹਾਲ ਪਾਹਰਿਆ ਮਚਾਉਣ ਲੱਗ ਪੈਂਦੇ ਹਨ। ਪਰ ਭਗਤ-ਜਨ ਬਿਖਮ ਮਾਰਗ ਉੱਤੇ ਨਿਰਾਲੀ ਚਾਲ ਚੱਲਦੇ ਹੋਏ ਅਤੇ ਕਿਸੇ ਵੀ ਉਪਲਭਦੀ ਦੇ ਲਾਲਚ ਤੋਂ ਨਿਰਲੇਪ ਰਹਿੰਦੇ ਹੋਏ, ਹਰ ਤਰ੍ਹਾਂ ਦੀ ਤ੍ਰਿਸ਼ਨਾ ਦਾ ਤਿਆਗ ਕਰਦੇ ਹਨ। ਇਸ ਦੇ ਬਾਵਜੂਦ ਉਹ ਕਿਸੇ ਤਰ੍ਹਾਂ ਦੀ ਸ਼ਿਕਾਇਤੀ ਹਾਲ ਪਾਹਰਿਆ ਮਚਾਉਣ ਦੀ ਬਜਾਏ ਲੋੜ ਮੁਤਾਬਕ ਹੀ ਬੋਲਦੇ ਹਨ।
ਭਗਤ-ਜਨਾਂ ਦੇ ਜੀਣ-ਥੀਣ ਦੀ ਬਿਖਮਤਾ ਨੂੰ ਪਾਤਸ਼ਾਹ ਖੰਡੇ ਦੀ ਧਾਰ ਨਾਲ ਤਸ਼ਬੀਹ ਦਿੰਦੇ ਹਨ, ਜਿਸ ਉੱਤੇ ਚੱਲਣਾ ਕਠਨ ਹੋਣ ਦੇ ਨਾਲ-ਨਾਲ ਖਤਰਨਾਕ ਵੀ ਹੁੰਦਾ ਹੈ। ਇਹ ਪਥ ਵਾਲ ਜਿੰਨਾ ਬਰੀਕ ਤੇ ਖੰਡੇ ਦੀ ਧਾਰ ਜਿੰਨਾ ਤਿੱਖਾ ਹੁੰਦਾ ਹੈ, ਜਿਸ ਉੱਤੇ ਤੁਰਦਿਆਂ ਹਰ ਪਲ ਸੱਜੇ-ਖੱਬੇ ਡਿਗਣ ਦਾ ਖਤਰਾ ਤਾਂ ਹੁੰਦਾ ਹੀ ਹੈ, ਨਾਲ ਹੀ ਖੰਡੇ ਦੀ ਧਾਰ ਦਾ ਤਿੱਖਾਪਨ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਕਿਸੇ ਵੀ ਪਲ ਇਖਲਾਕ ਡੋਲ ਸਕਦਾ ਹੈ, ਲੋਭ-ਲਾਲਚ ਭਟਕਾ ਸਕਦੇ ਹਨ ਤੇ ਹਉਮੈ ਡੇਗ ਸਕਦੀ ਹੈ।
ਜਿਨ੍ਹਾਂ ਨੇ ਗੁਰ-ਸ਼ਬਦ ਦੀ ਬਰਕਤ ਸਦਕਾ ਪਰਮ ਸੱਚ ਅੱਗੇ ਪੂਰਨ ਸਮਰਪਣ ਕੀਤਾ ਹੋਵੇ, ਉਨ੍ਹਾਂ ਉੱਤੇ ਸੱਚੇ ਪ੍ਰਭੂ ਦੀ ਰਹਿਮਤ ਹੁੰਦੀ ਹੈ, ਜਿਸ ਸਦਕਾ ਉਨ੍ਹਾਂ ਨੇ ਆਪਣੇ ਨਿਜਤਵ ਦਾ ਤਿਆਗ ਕੀਤਾ ਹੁੰਦਾ ਹੈ ਤੇ ਉਨ੍ਹਾਂ ਦੇ ਹਿਰਦੇ ਅੰਦਰ ਸੱਚ-ਸਰੂਪ ਪ੍ਰਭੂ ਦਾ ਪ੍ਰਕਾਸ਼ ਹੁੰਦਾ ਹੈ।
ਅਖੀਰ ਵਿਚ ਪਾਤਸ਼ਾਹ ਫਿਰ ਦੱਸਦੇ ਹਨ ਕਿ ਅਜਿਹੇ ਭਗਤ-ਜਨਾਂ ਦਾ ਜੀਣ-ਥੀਣ ਅਤੇ ਵਿਉਹਾਰ ਏਨਾ ਪਰਪੱਕ ਹੋ ਜਾਂਦਾ ਹੈ ਕਿ ਉਸ ਵਿਚ ਸਮੇਂ ਨਾਲ ਕੋਈ ਤਬਦੀਲੀ ਨਹੀਂ ਵਾਪਰਦੀ, ਜਿਸ ਕਰਕੇ ਉਨ੍ਹਾਂ ਦੀ ਜੀਵਨ-ਜਾਚ ਸਦਾ ਹੀ ਨਿਆਰੀ ਰਹਿੰਦੀ ਹੈ।