ਪਿਛਲੀਆਂ ਦੋ
ਪਉੜੀਆਂ ਮਨ ਨੂੰ ਸੰਬੋਧਨ ਸਨ। ਇਸ ਪਉੜੀ ਵਿਚ ਪ੍ਰਭੂ ਨੂੰ ਸੰਬੋਧਿਤ ਹੁੰਦੇ ਹੋਏ ਵਰਨਣ ਕੀਤਾ ਗਿਆ ਹੈ ਕਿ ਪ੍ਰਭੂ ਮਨ ਅਤੇ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਉਸ ਦਾ ਅੰਤ ਕੋਈ ਨਹੀਂ ਪਾ ਸਕਿਆ। ਇਹ ਸਮੁੱਚਾ ਜਗਤ-ਪਸਾਰਾ ਉਸੇ ਦੀ ਹੀ ਖੇਡ ਹੈ। ਅਸਲ ਅਨੰਦ, ਪ੍ਰਭੂ ਦਾ ਅੰਤ ਪਾਉਣ ਵਿਚ ਨਹੀਂ, ਬਲਕਿ ਉਸ ਅੱਗੇ ਆਪਾ ਸਮਰਪਣ ਕਰਕੇ ਉਸ ਦੇ ਭਾਣੇ ਅਨੁਸਾਰ ਚੱਲਣ ਵਿਚ ਹੈ।
ਅਗਮ ਅਗੋਚਰਾ ਤੇਰਾ ਅੰਤੁ ਨ ਪਾਇਆ ॥
ਅੰਤੋ ਨ ਪਾਇਆ ਕਿਨੈ ਤੇਰਾ ਆਪਣਾ ਆਪੁ ਤੂ ਜਾਣਹੇ ॥
ਜੀਅ ਜੰਤ ਸਭਿ ਖੇਲੁ ਤੇਰਾ ਕਿਆ ਕੋ ਆਖਿ ਵਖਾਣਏ ॥
ਆਖਹਿ ਤ ਵੇਖਹਿ ਸਭੁ ਤੂਹੈ ਜਿਨਿ ਜਗਤੁ ਉਪਾਇਆ ॥
ਕਹੈ ਨਾਨਕੁ ਤੂ ਸਦਾ ਅਗੰਮੁ ਹੈ ਤੇਰਾ ਅੰਤੁ ਨ ਪਾਇਆ ॥੧੨॥
-ਗੁਰੂ ਗ੍ਰੰਥ ਸਾਹਿਬ ੯੧੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਉੜੀ ਵਿਚ ਪਾਤਸ਼ਾਹ ਪ੍ਰਭੂ ਦੇ ਜਿਹੜੇ ਰੂਪ ਨੂੰ ਮੁਖਾਤਬ ਹੁੰਦੇ ਹਨ, ਉਹ ਅਗੰਮ ਹੈ, ਕਿਉਂਕਿ ਉਸ ਤਕ ਪਹੁੰਚਿਆ ਨਹੀਂ ਜਾ ਸਕਦਾ। ਉਹ ਅਗੋਚਰ ਹੈ, ਕਿਉਂਕਿ ਉਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ, ਅਰਥਾਤ ਉਹ ਸਾਡੀ ਪਹੁੰਚ ਤੋਂ ਵੀ ਪਰੇ ਹੈ ਤੇ ਸਮਝ ਤੋਂ ਵੀ ਬਾਹਰ ਹੈ। ਉਸ ਬਾਰੇ ਕਿਸੇ ਨੂੰ ਪੂਰਨ ਗਿਆਨ ਨਹੀਂ ਹੈ। ਉਸ ਬਾਰੇ ਜਿੰਨੀ ਵੀ ਜਾਣਕਾਰੀ ਹਾਸਲ ਹੈ, ਉਹ ਨਾ-ਮਾਤਰ ਹੈ।
ਉਪਰੋਕਤ ਤੱਥ ਉੱਤੇ ਜੋਰ ਦੇਣ ਲਈ ਅਗਲੀ ਤੁਕ ਵਿਚ, ਪਾਤਸ਼ਾਹ ਫਿਰ ਦੁਹਰਾਉਂਦੇ ਹਨ ਕਿ ਉਸ ਪ੍ਰਭੂ ਬਾਰੇ ਮੁਕੰਮਲ ਰੂਪ ਵਿਚ ਅੱਜ ਤਕ ਕੋਈ ਨਹੀਂ ਜਾਣ ਸਕਿਆ। ਉਸ ਨੂੰ ਸਿਰਫ ਉਹ ਆਪ ਹੀ ਜਾਣਦਾ ਹੈ।
ਸ੍ਰਿਸ਼ਟੀ-ਰਚਨਾ ਵਿਚ ਜਿੰਨੇ ਵੀ ਜੀਅ-ਜੰਤ ਨਜ਼ਰ ਆ ਰਹੇ ਹਨ, ਇਹ ਸਭ ਉਸੇ ਪ੍ਰਭੂ ਦਾ ਹੀ ਖੇਲ ਹੈ। ਜਿਸ ਤਰ੍ਹਾਂ ਇਸ ਖੇਲ ਨੂੰ ਰਚਾਉਣ ਵਾਲੇ ਬਾਬਤ ਕੋਈ ਕੁਝ ਨਹੀਂ ਜਾਣਦਾ, ਇਸੇ ਤਰ੍ਹਾਂ ਇਸ ਰਚਨਾ ਦੇ ਰਹੱਸ ਬਾਬਤ ਵੀ ਕੋਈ ਕੁਝ ਨਹੀਂ ਕਹਿ ਸਕਦਾ।
ਜੇਕਰ ਕੋਈ ਕਹਿਣ ਦੀ ਕੋਸ਼ਿਸ਼ ਵੀ ਕਰੇ ਤਾਂ ਉਹ ਮਹਿਸੂਸ ਕਰਦਾ ਹੈ ਕਿ ਇਹ ਦਿਸਦਾ ਜਗਤ-ਪਸਾਰਾ ਅਸਲ ਵਿਚ ਪ੍ਰਭੂ ਦਾ ਆਪਣਾ ਹੀ ਹੈ, ਜਿਸ ਨੇ ਇਸ ਨੂੰ ਪੈਦਾ ਕੀਤਾ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਗੁਰਮਤਿ ਵਿਚ ਲੌਕਿਕ ਜਗਤ ਅਸਲ ਵਿਚ ਅਲੌਕਿਕ ਜਗਤ ਦਾ ਹੀ ਰੂਪ ਹੈ। ਗੁਰੂ ਨਾਨਕ ਪਾਤਸ਼ਾਹ ਦਾ ਕਥਨ ਹੈ: ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥
ਪਰ ਫਿਰ ਵੀ ਪਾਤਸ਼ਾਹ ਕਹਿੰਦੇ ਹਨ ਕਿ ਉਸ ਅਸੀਮ ਸੱਚ-ਸਰੂਪ ਪ੍ਰਭੂ ਨੂੰ ਅਸੀਂ ਆਪਣੀ ਸੀਮਤ ਸਮਝ ਨਾਲ ਜਾਨਣ ਜਾਂ ਪਛਾਨਣ ਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰੀਏ, ਉਹ ਹਮੇਸ਼ਾ ਅਗੰਮ, ਅਰਥਾਤ ਸਾਡੀ ਬੌਧਿਕ ਪਕੜ ਤੋਂ ਬਾਹਰ ਰਹਿੰਦਾ ਹੈ ਤੇ ਉਸ ਦਾ ਪੂਰਨ ਪਤਾ ਨਹੀਂ ਲਗਾਇਆ ਜਾ ਸਕਦਾ।