ਪਿਛਲੀ
ਪਉੜੀ ਵਿਚ ਮਨ ਨੂੰ ‘ਏ ਮਨ ਚੰਚਲਾ’ ਕਹਿ ਕੇ ਸੰਬੋਧਨ ਕੀਤਾ ਗਿਆ ਸੀ। ਇਸ ਪਉੜੀ ਵਿਚ ਮਨ ਨੂੰ ‘ਏ ਮਨ ਪਿਆਰਿਆ’ ਨਾਲ ਸੰਬੋਧਨ ਕਰ ਕੇ ਪ੍ਰਭੂ ਦੇ ਸੱਚੇ
ਨਾਮ ਨੂੰ ਸੰਭਾਲਣ ਦੀ ਪ੍ਰੇਰਨਾ ਹੈ। ਜਦੋਂ ਮਨ ਵਿਚ ਸੱਚਾ ਨਾਮ ਵਸ ਜਾਂਦਾ ਹੈ ਤਾਂ ਮਨ ਪ੍ਰਭੂ ਦੇ ਰਾਹ ’ਤੇ ਪੈ ਜਾਂਦਾ ਹੈ। ਅੰਤ ਵੇਲੇ ਜਦੋਂ ਹੋਰ ਸਾਰੇ ਸਾਕ-ਸੰਬੰਧੀ ਸਾਥ ਛੱਡ ਜਾਂਦੇ ਹਨ, ਤਾਂ ਇਹ ਨਾਮ ਹੀ ਮਨੁਖ ਦਾ ਸਹਾਈ ਹੁੰਦਾ ਹੈ।
ਏ ਮਨ ਪਿਆਰਿਆ ਤੂ ਸਦਾ ਸਚੁ ਸਮਾਲੇ ॥
ਏਹੁ ਕੁਟੰਬੁ ਤੂ ਜਿ ਦੇਖਦਾ ਚਲੈ ਨਾਹੀ ਤੇਰੈ ਨਾਲੇ ॥
ਸਾਥਿ ਤੇਰੈ ਚਲੈ ਨਾਹੀ ਤਿਸੁ ਨਾਲਿ ਕਿਉ ਚਿਤੁ ਲਾਈਐ ॥
ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ ॥
ਸਤਿਗੁਰੂ ਕਾ ਉਪਦੇਸੁ ਸੁਣਿ ਤੂ ਹੋਵੈ ਤੇਰੈ ਨਾਲੇ ॥
ਕਹੈ ਨਾਨਕੁ ਮਨ ਪਿਆਰੇ ਤੂ ਸਦਾ ਸਚੁ ਸਮਾਲੇ ॥੧੧॥
-ਗੁਰੂ ਗ੍ਰੰਥ ਸਾਹਿਬ ੯੧੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪਿਛਲੀ ਪਉੜੀ ਵਿਚ ਮਨ ਦੀ ਚੰਚਲ ਪ੍ਰਕਿਰਤੀ ਬਿਆਨ ਕੀਤੀ ਗਈ ਸੀ। ਇਸ ਪਉੜੀ ਵਿਚ ਗੁਰੂ ਅਮਰਦਾਸ ਸਾਹਿਬ ਮਨ ਨੂੰ ਕਿਸੇ ਹਠੀਲੇ ਬਾਲ ਦੀ ਤਰ੍ਹਾਂ ਲਾਡ-ਪਿਆਰ ਨਾਲ ਸਮਝਾਉਂਦੇ ਹਨ ਕਿ ਉਸ ਨੂੰ ਹਮੇਸ਼ਾ ਸੱਚ ਦੀ ਸੰਭਾਲ ਕਰਨੀ ਚਾਹੀਦੀ ਹੈ, ਭਾਵ ਉਸ ਸੱਚੇ ਅਤੇ ਸਦੀਵੀ ਪ੍ਰਭੂ ਦੇ ਸੱਚੇ ਨਾਮ ਨੂੰ ਆਪਣੇ ਅੰਦਰ ਵਸਾ ਕੇ ਰਖਣਾ ਚਾਹੀਦਾ ਹੈ। ਜਿਹੜੇ ਪਰਵਾਰਕ ਤੇ ਸਮਾਜਕ ਰਿਸ਼ਤਿਆਂ ਵੱਲ ਮਨ ਹਮੇਸ਼ਾ ਆਸਵੰਦ ਹੋ ਕੇ ਦੇਖਦਾ ਹੈ, ਇਹ ਰਿਸ਼ਤੇ ਅਸਥਾਈ ਅਤੇ ਛਿਣ-ਭੰਗਰ ਹਨ। ਇਹ ਅੰਤਲੇ ਸਮੇਂ ਸਹਾਈ ਨਹੀਂ ਹੁੰਦੇ, ਅਰਥਾਤ ਨਾਲ ਨਹੀਂ ਨਿਭਦੇ। ਅਜਿਹੀ ਹੀ ਸਮਝਾਵਣੀ ਦਿੰਦੇ ਹੋਏ ਭਗਤ ਕਬੀਰ ਜੀ ਕਹਿੰਦੇ ਹਨ: ਮਾਤ ਪਿਤਾ ਭਾਈ ਸੁਤ ਬਨਿਤਾ ਕਹਹੁ ਕੋਊ ਹੈ ਕਾ ਕਾ ॥
ਪਾਤਸ਼ਾਹ ਫਿਰ ਉਸੇ ਗੱਲ ਨੂੰ ਦੁਹਰਾ ਕੇ ਬੜੀ ਨਿੱਗਰ ਦਲੀਲ ਦਿੰਦੇ ਹਨ ਕਿ ਜਿਹੜੇ ਰਿਸ਼ਤਿਆਂ ਦਾ ਪੱਕਾ ਪਤਾ ਹੈ ਕਿ ਉਨ੍ਹਾਂ ਨੇ ਅੰਤ ਤਕ ਨਾਲ ਨਹੀਂ ਨਿਭਣਾ, ਫਿਰ ਉਨ੍ਹਾਂ ਨਾਲ ਇੰਨਾਂ ਮੋਹ ਪਿਆਰ ਰਖਣ ਦੀ ਕੀ ਜਰੂਰਤ ਹੈ?
ਇਸੇ ਲਈ ਪਾਤਸ਼ਾਹ ਉਪਦੇਸ਼ ਕਰਦੇ ਹਨ ਕਿ ਜਿਹੜਾ ਕੰਮ ਕਰਨ ਉਪਰੰਤ ਪਛਤਾਉਣਾ ਪਵੇ, ਉਹ ਕੀਤਾ ਹੀ ਕਿਉਂ ਜਾਵੇ? ਅਸਿੱਧੇ ਰੂਪ ਵਿਚ ਇਥੇ ਇਹੀ ਕਿਹਾ ਗਿਆ ਹੈ ਕਿ ਰਿਸ਼ਤਿਆਂ ਉੱਤੇ ਕਦੇ ਵੀ ਜਿੰਦਗੀ ਦੀ ਟੇਕ ਨਹੀਂ ਰਖਣੀ ਚਾਹੀਦੀ। ਇਨ੍ਹਾਂ ਵਿਚੋਂ ਵੀ ਬਹੁਤ ਥੋੜ੍ਹੇ ਹੀ ਹੁੰਦੇ ਹਨ, ਜੋ ਮੁਸ਼ਕਲ ਵਿਚ ਕੰਮ ਆਉਂਦੇ ਹਨ।
ਅਸਲ ਵਿਚ ਇਮਾਨਦਾਰੀ ਤੇ ਸੱਚ ਹੀ ਮਨੁਖ ਦੇ ਨਾਲ ਨਿਭਦੇ ਹਨ ਤੇ ਕਿਸੇ ਵੀ ਮੁਸ਼ਕਲ ਵਿਚੋਂ ਬਚਾਉਣ ਦੇ ਸਮਰੱਥ ਕੇਵਲ ਸੱਚ ਹੀ ਹੁੰਦਾ ਹੈ। ਇਸ ਲਈ ਪਾਤਸ਼ਾਹ ਮਨ ਨੂੰ ਸੱਚੇ ਗੁਰੂ, ਭਾਵ ਗੁਰ-ਸ਼ਬਦ ਦੀ ਸਿਖਿਆ ਸੁਣਨ ਲਈ ਪ੍ਰੇਰਦੇ ਹਨ, ਜਿਸ ਨੇ ਮਨੁਖ ਦਾ ਹਮੇਸ਼ਾ ਸਾਥ ਨਿਭਾਉਣਾ ਹੈ।
ਇਸੇ ਕਰਕੇ ਅਖੀਰ ਵਿਚ ਪਾਤਸ਼ਾਹ ਬੜੇ ਹੀ ਪਿਆਰ ਨਾਲ ਮਨ ਨੂੰ ਫਿਰ ਮੁਖਾਤਿਬ ਹੁੰਦੇ ਹਨ ਅਤੇ ਕਹਿੰਦੇ ਹਨ ਕਿ ਉਸ ਨੂੰ ਹਮੇਸ਼ਾ ਗੁਰ-ਸ਼ਬਦ ਦੀ ਬਰਕਤ ਨਾਲ ਪ੍ਰਾਪਤ ਹੋਏ ਪ੍ਰਭੂ ਦੇ ਸੱਚੇ ਨਾਮ ਨੂੰ ਆਪਣੇ ਅੰਦਰ ਵਸਾ ਕੇ ਰਖਣਾ ਚਾਹੀਦਾ ਹੈ। ਉਸ ਨੂੰ ਹਮੇਸ਼ਾ ਸੱਚ ਦਾ ਪਾਲਣ ਕਰਨਾ ਚਾਹੀਦਾ ਹੈ।