Guru Granth Sahib Logo
  
ਇਸ ਪਉੜੀ ਵਿਚ ਦੱਸਿਆ ਗਿਆ ਹੈ ਕਿ ਚੁਸਤੀ-ਚਲਾਕੀ ਨਾਲ ਮਾਇਆ-ਮੋਹ ਤੇ ਭਰਮ ਤੋਂ ਛੁਟਕਾਰਾ ਨਹੀਂ ਹੋ ਸਕਦਾ। ਮਨੁਖ ਨੂੰ ਭਰਮ ਵਿਚ ਪਾਉਣ ਵਾਲੀ ਮਾਇਆ ਦਾ ਕਰਤਾ ਵੀ ਪ੍ਰਭੂ ਆਪ ਹੀ ਹੈ। ਮਾਇਆ ਦਾ ਮੋਹ ਵੀ ਉਹ ਆਪ ਹੀ ਲਾਉਂਦਾ ਹੈ। ਸੋ, ਪ੍ਰਭੂ ਦੀ ਕਿਰਪਾ ਸਦਕਾ ਹੀ ਮਨੁਖ ਮਾਇਆ-ਮੋਹ ਤੋਂ ਬਚ ਸਕਦਾ ਹੈ।
ਮਨ ਚੰਚਲਾ   ਚਤੁਰਾਈ ਕਿਨੈ ਪਾਇਆ
ਚਤੁਰਾਈ ਪਾਇਆ ਕਿਨੈ   ਤੂ ਸੁਣਿ ਮੰਨ ਮੇਰਿਆ
ਏਹ ਮਾਇਆ ਮੋਹਣੀ   ਜਿਨਿ ਏਤੁ ਭਰਮਿ ਭੁਲਾਇਆ
ਮਾਇਆ ਮੋਹਣੀ ਤਿਨੈ ਕੀਤੀ   ਜਿਨਿ ਠਗਉਲੀ ਪਾਈਆ
ਕੁਰਬਾਣੁ ਕੀਤਾ ਤਿਸੈ ਵਿਟਹੁ   ਜਿਨਿ ਮੋਹੁ ਮੀਠਾ ਲਾਇਆ
ਕਹੈ ਨਾਨਕੁ  ਮਨ ਚੰਚਲ   ਚਤੁਰਾਈ ਕਿਨੈ ਪਾਇਆ ॥੧੦॥
-ਗੁਰੂ ਗ੍ਰੰਥ ਸਾਹਿਬ ੯੧੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਉੜੀ ਵਿਚ ਪਾਤਸ਼ਾਹ ਮਨ ਨੂੰ ਸਮਝਾਉਂਦੇ ਹਨ ਕਿ ਅਕਲ ਦੇ ਜੋਰ ਅਤੇ ਮਨ ਦੀ ਹੱਠ ਉੱਪਰ ਚਲਦੀਆਂ ਤੇ ਪਲਦੀਆਂ ਚਤੁਰਾਈਆਂ ਨਾਲ, ਨਾ ਲਿਵ ਲੱਗਦੀ ਹੈ, ਨਾ ਅਨੰਦ ਆਉਂਦਾ ਹੈ, ਨਾ ਉਹ ਗਾਇਆ ਜਾਂਦਾ ਹੈ ਤੇ ਨਾ ਉਸ ਨੂੰ ਪਾਇਆ ਜਾ ਸਕਦਾ ਹੈ। ਕਿਉਂਕਿ ਮਨ ਦਾ ਚਲਣ ਗੰਭੀਰਤਾ ਪਸੰਦ ਨਹੀਂ ਹੈ ਤੇ ਮਨ ਕਿਸੇ ਲਗਨ ਅਤੇ ਲਗਾਤਾਰਤਾ ਵਿਚ ਬੱਝ ਕੇ ਵੀ ਨਹੀਂ ਰਹਿੰਦਾ। ਮਨ ਚੰਚਲ ਹੈ, ਪਲ-ਪਲ ਬਦਲਦਾ ਹੈ, ਟਿਕਾਉ ਜਾਂ ਸਹਿਜ ਪਸੰਦ ਬਿਲਕੁਲ ਨਹੀਂ ਹੈ। ਇਸੇ ਕਰ ਕੇ ਮਨ ਨੂੰ ਕਦੇ ਵੀ ਟਿਕ ਕੇ ਨਾ ਖਲੋਣ ਵਾਲੇ ਅੱਥਰੇ ਘੋੜੇ ਦੀ ਤਸ਼ਬੀਹ ਦਿੱਤੀ ਜਾਂਦੀ ਹੈ। ਸੰਸਕ੍ਰਿਤ ਵਿਚ ‘ਚੰਚ’ ਦਾ ਅਰਥ ‘ਕੁੱਦਣਾ’ ਹੈ ਤੇ ‘ਚੰਚਲ’ ਦਾ ਅਰਥ ਹੋਇਆ, ਹਮੇਸ਼ਾ ਕੁੱਦਦੇ ਰਹਿਣ ਵਾਲਾ।

ਪਾਤਸ਼ਾਹ ਇਸ ਗੱਲ ਉੱਤੇ ਬਲ ਦਿੰਦੇ ਹਨ ਕਿ ਪ੍ਰਭੂ ਨੂੰ ਕਿਸੇ ਵੀ ਤਰ੍ਹਾਂ ਦੀ ਚਤਰਾਈ, ਤਦਬੀਰ ਜਾਂ ਤਰਕੀਬ ਨਾਲ ਨਹੀਂ ਪਾਇਆ ਜਾ ਸਕਦਾ। ਪਾਤਸ਼ਾਹ ਮਨ ਨੂੰ ਇਸ ਤਰ੍ਹਾਂ ਸਮਝਾ ਰਹੇ ਹਨ, ਜਿਵੇਂ ਵਿਸ਼ੇਸ਼ ਰਿਸ਼ਤੇ, ਅਧਿਕਾਰ ਅਤੇ ਵਿਸ਼ਵਾਸ ਦੇ ਜ਼ੋਰ ਉੱਤੇ, ਕਿਸੇ ਆਪਣੇ ਨੂੰ ਗੱਲ ਸਮਝਾਈ ਜਾਂਦੀ ਹੈ।

ਅਗਲੀ ਤੁਕ ਵਿਚ ਮਨ ਨੂੰ ਚੰਚਲ ਬਣਾਉਣ ਵਾਲੀ ਮਾਇਆ ਦਾ ਜਿਕਰ ਹੈ। ਮਾਇਆ ਨੇ ਹੀ ਮਨ ਨੂੰ ਮੋਹਿਆ ਹੋਇਆ ਅਤੇ ਆਪਣੇ ਮਗਰ ਲਗਾਇਆ ਹੋਇਆ ਹੈ। ਮਾਇਆ ਵਿਚ ਏਨੀ ਵਚਿੱਤਰਤਾ ਅਤੇ ਤੇਜ-ਤਰਾਰ ਤਬਦੀਲੀ ਹੈ ਕਿ ਮਨ ਇਸ ਵਿਚ ਉਲਝ ਜਾਂਦਾ ਹੈ, ਭਟਕਣ ਵਿਚ ਪਿਆ ਰਹਿੰਦਾ ਹੈ ਤੇ ਕਦੇ ਵੀ ਟਿਕਾਉ ਵਿਚ ਨਹੀਂ ਆਉਂਦਾ। ਮਾਇਆ ਦੇ ਚਲਚਿੱਤਰ, ਤੱਥ ਅਤੇ ਸੱਤ ਦਾ ਅਜਿਹਾ ਭਰਮਜਾਲ ਸਿਰਜਦੇ ਹਨ ਕਿ ਮਨ ਵਿਚ ਮ੍ਰਿਗ-ਤ੍ਰਿਸ਼ਨਾ ਜਿਹੀ ਚਾਹਤ ਉਪਜਾ ਦਿੰਦੇ ਹਨ, ਜਿਸ ਕਰਕੇ ਮਨ ਵਿਚਾਰੇ ਦੇ ਕੁਝ ਵੱਸ ਵਿਚ ਹੀ ਨਹੀਂ ਰਹਿੰਦਾ।

ਮਨ ਨੂੰ ਹੋਰ ਨੇੜਿਓਂ ਸਮਝਣ ਲਈ ਇਸ ਦੇ ਅੰਗਰੇਜ਼ੀ ਦੇ ਸਮਾਨ-ਅਰਥਕ ਸ਼ਬਦ ਇੰਨਸਟਿੰਕਟ (instinct) ਦਾ ਸਹਾਰਾ ਲਿਆ ਜਾ ਸਕਦਾ ਹੈ। ਇੰਨਸਟਿੰਕਟ ਦਾ ਭਾਵ ਹੈ, ਕਿਸੇ ਉਤੇਜਨਾ ਦੇ ਫਲਸਰੂਪ ਜਾਨਵਰਾਂ ਵਿਚ ਵਿਵਹਾਰ ਦਾ ਇਕ ਕੁਦਰਤੀ ਅਤੇ ਖਾਸ ਸਥਿਰ ਪੈਟਰਨ। ਪਰ ਇਸ ਦਾ ਮੂਲ ਅਰਥ ਪਸ਼ੂ ਹੱਕਣ ਵਾਲੀ ਸੋਟੀ ਅੱਗੇ ਲੱਗੀ ‘ਆਰ’ ਹੈ। ਜਦ ਕਿਸੇ ਪਸ਼ੂ ਦੇ ਪਿੰਡੇ ’ਤੇ ਆਰ ਚੁਭਦੀ ਹੈ ਤਾਂ ਉਹ ਇਕਦਮ ਅੱਗੇ ਵੱਲ ਲਪਕ ਕੇ ਵੱਧਦਾ ਹੈ। ਬਸ ਇਹ ਲਪਕ ਅਤੇ ਝਪਟ ਹੀ ਮਨ ਦੀ ਮੂਲ ਪ੍ਰਵਿਰਤੀ ਅਤੇ ਪ੍ਰਕਿਰਤੀ ਹੈ। ਜਦੋਂ ਮਨੁਖ ਦੇ ਲੋਭ ਦੀ ਆਰ ਲੱਗਦੀ ਹੈ ਤਾਂ ਇਹ ਲਾਲਚ ਵਸ ਅੱਗੇ ਵੱਲ ਵਧਦਾ ਪੈਂਦਾ ਹੈ ਤੇ ਡਰ ਦੀ ਆਰ ਵੱਜਣ ਕਾਰਣ ਇਕਦਮ ਪਿੱਛੇ ਹਟਦਾ ਹੈ। ਦੋਹਾਂ ਹਾਲਤਾਂ ਵਿਚ ਹੀ ਸਹਿਜ ਅਤੇ ਸੋਚ ਵਿਚਾਰ ਤੋਂ ਕੰਮ ਨਹੀਂ ਲੈਂਦਾ।

ਦੇਹ ਦਾ ਹਰ ਅਮਲ ਮਨ ਦੇ ਅਧੀਨ ਹੈ। ਮਨ ਜੇਕਰ ਮੱਤ ਦੇ ਅਧੀਨ ਨਾ ਰਹੇ ਤਾਂ ਸਾਡੇ ਅਮਲ ਅਸਹਿਜ ਹੋ ਜਾਂਦੇ ਹਨ। ਇਸੇ ਕਰ ਕੇ ਮਨ ਨੂੰ ਅਸਹਿਜ ਅਤੇ ਅਸੰਜਮ ਤੋਂ ਮੁਕਤ ਕਰਨ ਹਿਤ ਉਕਤ ਕਿਸਮ ਦੀ ਲਪਕ-ਝਪਟ ਤੋਂ ਹਟਾਉਣ ਅਤੇ ਬਚਾਉਣ ਲਈ ਮਨ ਨੀਵਾਂ ਅਤੇ ਮੱਤ ਉੱਚੀ ਦੀ ਅਰਦਾਸ ਕੀਤੀ ਜਾਂਦੀ ਹੈ।

ਪਾਤਸ਼ਾਹ ਅੱਗੇ ਦੱਸਦੇ ਹਨ ਕਿ ਇਸ ਮਾਇਆ ਨੂੰ ਵਚਿੱਤਰ ਅਤੇ ਮਨਮੋਹਕ ਬਣਾਉਣ ਵਾਲਾ ਉਹੀ ਪ੍ਰਭੂ ਹੈ, ਜਿਸ ਨੇ ਇਹ ਪੈਦਾ ਕੀਤੀ ਹੈ। ਪੁਰਾਣੇ ਸਮਿਆਂ ਵਿਚ ਠੱਗ ਲੋਕ ਅਕਸਰ ਰਾਹਗੀਰਾਂ ਨੂੰ ਕੋਈ ਨਸ਼ੀਲੀ ਬੂਟੀ ਸੁੰਘਾ ਕੇ ਬੇਹੋਸ਼ ਕਰ ਲੈਂਦੇ ਸਨ ਤੇ ਫਿਰ ਲੁੱਟ ਲੈਂਦੇ ਸਨ। ਇਸੇ ਉਦਾਰਹਣ ਰਾਹੀਂ ਇਥੇ ਕਿਹਾ ਗਿਆ ਹੈ ਕਿ ਪ੍ਰਭੂ ਨੇ ਵੀ ਮਾਇਆ ਦਾ ਇਕ ਖੇਲ ਰਚਾਇਆ ਹੋਇਆ ਹੈ। ਉਸ ਨੇ ਮਾਇਆ ਵਿਚ ਕੋਈ ਅਜਿਹੀ ਠੱਗ ਬੂਟੀ ਮਿਲਾਈ ਹੋਈ ਹੈ, ਜਿਹੜੀ ਮਾਇਆ ਦੇ ਉਪਾਸ਼ਕਾਂ ਨੂੰ ਬੇਹੋਸ਼ ਕਰ ਦਿੰਦੀ ਹੈ ਤੇ ਉਹ ਪ੍ਰਭੂ ਦੀ ਖੋਜ ਅਤੇ ਮਿਲਾਪ ਦੇ ਖਿਆਲ ਤੋਂ ਹੀ ਅਵੇਸਲੇ ਹੋ ਕੇ ਮਾਇਆ ਵਿਚ ਗਲਤਾਨ ਰਹਿੰਦੇ ਹਨ।

ਇਸ ਲਈ ਉਸ ਪ੍ਰਭੂ ਅੱਗੇ ਹੀ ਅਰਜੋਈ ਕਰਨੀ ਚਾਹੀਦੀ ਹੈ, ਜਿਸ ਨੇ ਸਾਰੇ ਜੀਵਾਂ ਨੂੰ ਮਾਇਆ ਦਾ ਇਹ ਮਿੱਠਾ ਮੋਹ ਲਾਇਆ ਹੋਇਆ ਹੈ। ਕਿਉਂਕਿ ਪ੍ਰਭੂ ਦੀ ਬਖਸ਼ਿਸ਼ ਨਾਲ ਹੀ ਮਨੁਖ ਮਾਇਆ ਦੇ ਮੋਹ ਤੋਂ ਛੁਟਕਾਰਾ ਪਾ ਸਕਦਾ ਹੈ।

ਅਖੀਰ ਵਿਚ ਪਾਤਸ਼ਾਹ ਫਿਰ ਦੁਹਰਾਉਂਦੇ ਹਨ ਕਿ ਚਤੁਰਾਈ ਤੇ ਚੰਚਲਤਾ ਨਾਲ ਪ੍ਰਭੂ ਨਹੀਂ ਮਿਲਦਾ। ਉਸ ਨੂੰ ਮਿਲਣ ਲਈ ਗੰਭੀਰਤਾ, ਲਗਾਤਾਰਤਾ ਤੇ ਲਗਨ ਹੋਣੀ ਜਰੂਰੀ ਹੈ।
Tags