ਪਹਿਲੀ
ਪਉੜੀ ਵਿਚ ਗੁਰੂ ਅਮਰਦਾਸ ਸਾਹਿਬ ਗੁਰ-ਸ਼ਬਦ ਰਾਹੀਂ ਆਤਮਕ ਗਿਆਨ ਪ੍ਰਾਪਤ ਹੋ ਜਾਣ ਸਦਕਾ, ਆਪਣੇ ਮਨ ਵਿਚ ਉਪਜੇ ਚਾਉ ਅਤੇ ਖਿੜਾਉ ਦੀ ਅਨੰਦਮਈ ਅਵਸਥਾ ਦਾ ਜਿਕਰ ਕਰ ਰਹੇ ਹਨ। ਇਸ ਅਵਸਥਾ ਵਿਚ ਇਵੇਂ ਪ੍ਰਤੀਤ ਹੁੰਦਾ ਹੈ, ਜਿਵੇਂ ਸਭ ਪਾਸੇ ਹੀ ਵਧਾਈਆਂ ਦੇ ਵਾਜੇ ਵੱਜ ਰਹੇ ਹੋਣ ਅਤੇ ਸਾਰੇ ਰਾਗ-ਰਾਗਣੀਆਂ ਪਰਵਾਰਾਂ ਸਹਿਤ ਇਸ ਵਿਸਮਾਦੀ ਅਵਸਥਾ ਵਿਚ ਸ਼ਾਮਲ ਹੋ ਗਏ ਹੋਣ।
ਰਾਮਕਲੀ ਮਹਲਾ ੩ ਅਨੰਦੁ
ੴ ਸਤਿਗੁਰ ਪ੍ਰਸਾਦਿ ॥
ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥
ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥
ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ ॥
ਸਬਦੋ ਤ ਗਾਵਹੁ ਹਰੀ ਕੇਰਾ ਮਨਿ ਜਿਨੀ ਵਸਾਇਆ ॥
ਕਹੈ ਨਾਨਕੁ ਅਨੰਦੁ ਹੋਆ ਸਤਿਗੁਰੂ ਮੈ ਪਾਇਆ ॥੧॥
-ਗੁਰੂ ਗ੍ਰੰਥ ਸਾਹਿਬ ੯੧੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਸੰਸਕ੍ਰਿਤ ਵਿਚ ‘ਨੰਦ’ ਦਾ ਅਰਥ ਹੈ, ਖੁਸ਼ੀ। ਇਸ ਨਾਲ ‘ਆ’ ਲਾ ਕੇ ‘ਆਨੰਦ’ ਸ਼ਬਦ ਦੀ ਵਿਉਤਪਤੀ ਉਲੀਕੀ ਜਾਂਦੀ ਹੈ। ਅਗੇਤਰ ਵਜੋਂ ‘ਆ’ ਧੁਨੀ ਆਉਣ ਨਾਲ ਬਣੇ ਆਨੰਦ ਦਾ ਅਰਥ ਖੁਸ਼ੀ ਦੇਣ ਵਾਲਾ ਸਥਾਨ ਹੋ ਜਾਂਦਾ ਹੈ, ਭਾਵ ਜਿਥੇ ਜਾਂ ਜਿਥੋਂ ਖੁਸ਼ੀ ਨਸੀਬ ਹੁੰਦੀ ਹੈ। ਪੰਜਾਬੀ ਵਿਚ ਇਹ ਸ਼ਬਦ ਆਨੰਦ ਦੀ ਬਜਾਏ ਅਨੰਦ ਪ੍ਰਚਲਤ ਹੋ ਗਿਆ ਹੈ।
ਕਥਾ ਪ੍ਰਚਲਤ ਹੈ ਕਿ ਜਦ ਤੀਜੇ ਪਾਤਸ਼ਾਹ ਦੇ ਘਰ ਪੋਤਰੇ ਨੇ ਜਨਮ ਲਿਆ ਤਾਂ ਪਰਵਾਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਬੱਚੇ ਦਾ ਨਾਂ ਅਨੰਦ ਰਖਿਆ ਗਿਆ। ਲੋਕ ਪਾਤਸ਼ਾਹ ਨੂੰ ਵਧਾਈਆਂ ਦੇਣ ਲੱਗੇ। ਬੇਸ਼ੱਕ ਦੁਨਿਆਵੀ ਤੌਰ ’ਤੇ ਬੱਚੇ ਦੀ ਆਮਦ ਖੁਸ਼ੀ ਵਾਲੀ ਗੱਲ ਹੈ, ਪਰ ਪਾਤਸ਼ਾਹ ਨੇ ਇਸ ਮਾਨਵੀ ਖੁਸ਼ੀ ਦੇ ਬਰਾਬਰ ਰੁਹਾਨੀ ਖੁਸ਼ੀ ਦੇ ਸੋਮੇ ਜਾਂ ਟਿਕਾਣੇ ਦੀ ਦੱਸ ਪਾਉਣ ਵਾਲੀ ‘ਅਨੰਦ’ ਬਾਣੀ ਦਾ ਉਚਾਰਣ ਕੀਤਾ। ਕਿਉਂਕਿ ਜਦ ਕੋਈ ਦੁਨਿਆਵੀ ਖੁਸ਼ੀ ਵਾਲੇ ਮਾਹੌਲ ਵਿਚ ਵਿਅਸਤ ਹੁੰਦਾ ਹੈ, ਉਦੋਂ ਇਕ ਖਤਰਾ ਬਣਿਆ ਰਹਿੰਦਾ ਹੈ ਕਿ ਮਨੁਖ ਆਪਣੀ ਹੋਂਦ ਦੇ ਅਨੰਤ ਪਸਾਰ ਨੂੰ ਉਸ ਦੁਨਿਆਵੀ ਖੁਸ਼ੀ ਤਕ ਹੀ ਸੀਮਤ ਨਾ ਕਰ ਲਵੇ।
‘ਅਨੰਦ’ ਸਿਰਲੇਖ ਵਾਲੀ ਇਸ ਬਾਣੀ ਦੇ ਅਰੰਭ ਵਿਚ ਗੁਰੂ ਅਮਰਦਾਸ ਸਾਹਿਬ ਐਲਾਨ ਕਰਦੇ ਹਨ ਕਿ ਉਨ੍ਹਾਂ ਨੇ ਅਨੰਦ ਪ੍ਰਾਪਤ ਕਰ ਲਿਆ ਹੈ। ਇਥੇ ਪਾਤਸ਼ਾਹ ਨੇ ਮਾਇ (ਮਾਂ) ਸੰਬੋਧਨੀ ਸ਼ਬਦ ਦੀ ਵਰਤੋਂ ਕੀਤੀ ਹੈ। ਦੁਖ ਜਾਂ ਖੁਸ਼ੀ ਦਾ ਇਜ਼ਹਾਰ ਅਕਸਰ ਆਪਣੇ ਕਰੀਬੀ ਰਿਸ਼ਤਿਆਂ ਵਿਚ ਕਰਨ ਦੀ ਪ੍ਰਾਚੀਨ ਸਾਹਿਤਕ ਪਰਿਪਾਟੀ ਹੈ, ਜਿਸ ਦੀ ਵਰਤੋਂ ਗੁਰਬਾਣੀ ਵਿਚ ਅਨੇਕ ਥਾਵਾਂ ’ਤੇ ਦ੍ਰਿਸ਼ਟੀਗੋਚਰ ਹੁੰਦੀ ਹੈ।
ਇਥੇ ਪਾਤਸ਼ਾਹ ਜਿਸ ਅਨੰਦ ਦੀ ਗੱਲ ਕਰ ਰਹੇ ਹਨ, ਉਹ ਅਨੰਦ ਦੁਨਿਆਵੀ ਨਹੀਂ, ਬਲਕਿ ਰੁਹਾਨੀ ਹੈ, ਜਿਹੜਾ ਸਤਿਗੁਰੂ, ਅਰਥਾਤ ਸੱਚੇ ਗੁਰੂ ਦੇ ਮਿਲਣ ਨਾਲ ਨਸੀਬ ਹੋਇਆ ਹੈ। ਗੁਰਬਾਣੀ ਵਿਚ ਜਿਥੇ ਵੀ ਗੁਰੂ ਜਾਂ ਸਤਿਗੁਰੂ ਸ਼ਬਦ ਦੀ ਵਰਤੋਂ ਹੋਈ ਹੈ, ਉਥੇ ਇਸ ਦਾ ਅਰਥ ਉਸ ਗਿਆਨ ਤੋਂ ਹੈ, ਜਿਹੜਾ ਸੰਪੂਰਨ ਸੱਚ ਹੈ।
ਫਿਰ ਦੱਸਿਆ ਗਿਆ ਹੈ ਕਿ ਇਸ ਸੱਚ ਦੀ ਪ੍ਰਾਪਤੀ ਉਪਰੰਤ ਮਨ ਵਿਚ ਇਸ ਤਰ੍ਹਾਂ ਦਾ ਵਾਤਾਵਰਣ ਬਣ ਗਿਆ ਹੈ, ਜਿਵੇਂ ਕਿਤੋਂ ਵਧਾਈਆਂ ਮਿਲ ਰਹੀਆਂ ਹੋਣ। ਜਿਵੇਂ ਘਰ ਵਿਚ ਸਵਰਗ ਤੋਂ ਪਰੀਆਂ ਆ ਗਈਆਂ ਹੋਣ ਅਤੇ ਅਨੰਦਦਾਇਕ ਰਾਗ ਤੇ ਰਾਗਾਂ ਦੇ ਪਰਵਾਰ (ਸ਼ਾਖਾਵਾਂ) ਬਾਣੀ ਦਾ ਗਾਇਨ ਕਰਨ ਆ ਗਏ ਹੋਣ।
ਇਥੇ ਪਾਤਸ਼ਾਹ ਨੇ ਰੁਹਾਨੀ ਅਨੰਦ ਦੀ ਪ੍ਰਾਪਤੀ ਨੂੰ ਦੁਨਿਆਵੀ ਖੁਸ਼ੀ ਦੇ ਦ੍ਰਿਸ਼ ਵਿਚ ਦਰਸਾਇਆ ਹੈ, ਜਿਵੇਂ ਅਕਸਰ ਸਾਡੇ ਘਰਾਂ ਵਿਚ ਕਿਸੇ ਖੁਸ਼ੀ ਦੇ ਸਮਾਗਮ ਵਿਚ ਮਿੱਤਰ, ਸੱਜਣ ਤੇ ਰਿਸ਼ਤੇਦਾਰ ਵਧਾਈ ਦੇਣ ਆਉਂਦੇ ਹਨ ਤੇ ਗਾਇਨ ਕਲਾ ਦੇ ਸਿਰ ’ਤੇ ਗੁਜ਼ਾਰਾ ਕਰਨ ਵਾਲੇ ਆਸ-ਪਾਸ ਦੇ ਲੋਕ ਗਾਉਣ-ਵਜਾਉਣ ਆ ਜਾਂਦੇ ਹਨ ਤੇ ਖੂਬ ਮਨ-ਪਰਚਾਵਾ ਕਰਦੇ ਹਨ। ਪਰ ਇਥੇ ਜਿਹੜਾ ਗਾਇਨ ਦਰਸਾਇਆ ਗਿਆ ਹੈ, ਉਹ ਸ਼ਬਦ ਦਾ ਗਾਇਨ ਹੈ। ਸ਼ਬਦ, ਵਿਅਕਤੀਗਤ ਸੀਮਤ ਗਿਆਨ ਦੇ ਮੁਕਾਬਲੇ ਮੁਕੰਮਲ ਗਿਆਨ ਹੈ, ਜਿਹੜਾ ਗੁਰਮਤਿ ਅਨੁਸਾਰ ਪ੍ਰਭੂ ਦਾ ਹੀ ਸਮਾਨ-ਅਰਥਕ ਹੈ।
ਅਗਲੀ ਤੁਕ ਵਿਚ ਪਾਤਸ਼ਾਹ ਉਪਦੇਸ਼ ਕਰਦੇ ਹਨ ਕਿ ਪ੍ਰਭੂ ਨੂੰ ਹਿਰਦੇ ਵਿਚ ਵਸਾਉਣ ਵਾਲੇ ਸ਼ਬਦ ਦਾ ਗਾਇਨ ਕਰੋ, ਕਿਉਂਕਿ ਉਨ੍ਹਾਂ ਨੇ ਖੁਦ ਉਸ ਸੰਪੂਰਨ ਸੱਚ ਨੂੰ ਪ੍ਰਾਪਤ ਕਰ ਕੇ ਹੀ ਰੁਹਾਨੀ ਖੁਸ਼ੀ, ਅਰਥਾਤ ਅਨੰਦ ਦੀ ਪ੍ਰਾਪਤੀ ਕੀਤੀ ਹੈ।
ਇਥੇ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਅਸੀਂ ਸੱਚੇ ਗੁਰ-ਸ਼ਬਦ ਦੀ ਬਰਕਤ ਸਦਕਾ ਪ੍ਰਾਪਤ ਹੋਣ ਵਾਲੇ ਅਜਿਹੇ ਆਤਮਕ ਅਨੰਦ ਦੀ ਪ੍ਰਾਪਤੀ ਲਈ ਜਤਨਸ਼ੀਲ ਹਾਂ?