ਇਸ ਸ਼ਬਦ ਵਿਚ
ਗੁਰੂ ਦੀ ਬਖਸ਼ਿਸ਼ ਦਾ ਭਾਵਪੂਰਤ ਵਰਨਣ ਹੈ। ਅਜਿਹੀ ਬਖਸ਼ਿਸ਼ ਜਿਸ ਸਦਕਾ ਹਿਰਦੇ ਵਿਚ ਠੰਡ ਵਰਤ ਜਾਂਦੀ ਹੈ। ਸਾਰੇ ਦੁਖ-ਰੋਗ ਮਿਟ ਜਾਣ ਅਤੇ ਸਾਰੇ ਸੁਖ ਪ੍ਰਾਪਤ ਹੋ ਜਾਣ ਸਦਕਾ ਅਨੰਦ ਤੇ ਖੇੜੇ ਦੀ ਪ੍ਰਾਪਤੀ ਹੋ ਜਾਂਦੀ ਹੈ।
ਬਿਲਾਵਲੁ ਮਹਲਾ ੫ ॥
ਸਾਂਤਿ ਪਾਈ ਗੁਰਿ ਸਤਿਗੁਰਿ ਪੂਰੇ ॥
ਸੁਖ ਉਪਜੇ ਬਾਜੇ ਅਨਹਦ ਤੂਰੇ ॥੧॥ ਰਹਾਉ ॥
ਤਾਪ ਪਾਪ ਸੰਤਾਪ ਬਿਨਾਸੇ ॥
ਹਰਿ ਸਿਮਰਤ ਕਿਲਵਿਖ ਸਭਿ ਨਾਸੇ ॥੧॥
ਅਨਦੁ ਕਰਹੁ ਮਿਲਿ ਸੁੰਦਰ ਨਾਰੀ ॥
ਗੁਰਿ ਨਾਨਕਿ ਮੇਰੀ ਪੈਜ ਸਵਾਰੀ ॥੨॥੩॥੨੧॥
-ਗੁਰੂ ਗ੍ਰੰਥ ਸਾਹਿਬ ੮੦੬
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਅਧਿਆਤਮ ਦੇ ਅਲੌਕਿਕ ਸੁਮੇਲ ਜਾਂ ਪ੍ਰਭੂ-ਮਿਲਾਪ ਉਪਰੰਤ ਹਿਰਦੇ ਵਿਚ ਮਹਿਸੂਸ ਹੋ ਰਿਹਾ ਅਪਾਰ ਅਨੰਦ ਪ੍ਰਗਟ ਕਰਦੇ ਹੋਏ ਦੱਸਦੇ ਹਨ ਕਿ ਸੱਚ-ਸਰੂਪ ਸੰਪੂਰਨ ਗੁਰੂ ਨੇ ਆਪਣੇ ਸ਼ਬਦ ਰਾਹੀਂ ਹਿਰਦੇ ਅੰਦਰ ਸ਼ਾਂਤੀ ਵਰਤਾ ਦਿੱਤੀ ਹੈ।
ਮਨ ਵਿਚ ਹੁਣ ਇਸ ਤਰ੍ਹਾਂ ਸੁਖ ਦਾ ਅਹਿਸਾਸ ਹੋ ਰਿਹਾ ਹੈ, ਜਿਵੇਂ ਲਗਾਤਾਰ ਸੰਗੀਤਕ ਧੁਨਾਂ ਗੂੰਜ ਰਹੀਆਂ ਹੋਣ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਮਾਜਕ ਵਿਆਹ ਸਮੇਂ ਵੱਜਣ ਵਾਲਾ ਸੰਗੀਤ ਇਕ ਦੋ ਦਿਨ ਵੱਜ ਕੇ ਰੁਕ ਜਾਂਦਾ ਹੈ, ਪਰ ਇਹ ਰੂਹਾਨੀ ਸੁਮੇਲ ਜਾਂ ਪ੍ਰਭੂ-ਮਿਲਾਪ ਵਾਲਾ ਸੰਗੀਤ ਸਦੀਵੀ ਤੌਰ ਪਰ ਲਗਾਤਾਰ ਜਾਰੀ ਰਹਿੰਦਾ ਹੈ।
ਇਹ ਕਾਰਜ ਸੰਪੰਨ ਹੋਣ ਕਾਰਣ ਮਨ ਵਿਚੋਂ ਫਿਕਰ ਦੂਰ ਹੋ ਗਏ ਹਨ, ਜਿਸ ਕਰਕੇ ਫਿਕਰ ਵਾਲੇ ਤਮਾਮ ਉਤੇਜਤ ਭਾਵ ਵੀ ਖਤਮ ਹੋ ਗਏ ਹਨ। ਇਥੋਂ ਤਕ ਕਿ ਪਿਛਲੇ ਦੁਸ਼-ਪ੍ਰਭਾਵ ਵੀ ਬੇਅਸਰ ਹੋ ਗਏ ਹਨ। ਹਰੀ-ਪ੍ਰਭੂ ਦੇ ਸਿਮਰਨ ਦੀ ਬਰਕਤ ਨਾਲ ਵਡੇ-ਵਡੇ ਮਹਾਂ ਦੋਸ਼ ਵੀ ਟਲ ਗਏ ਹਨ।
ਸ਼ਬਦ ਦੇ ਅੰਤ ਵਿਚ ਪਾਤਸ਼ਾਹ ਦੱਸਦੇ ਹਨ ਕਿ ਗੁਰੂ ਨਾਨਕ ਸਾਹਿਬ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਸਦਕਾ ਮੈਨੂੰ ਵਡਿਆਈ ਮਿਲ ਰਹੀ ਹੈ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮੇਰਾ ਮਾਣ-ਸਨਮਾਨ ਦੂਣਾ-ਚੌਣਾ ਹੋ ਗਿਆ ਹੈ। ਇਸ ਲਈ ਪਾਤਸ਼ਾਹ ਅਖੀਰ ਵਿਚ ਸਭ ਜਗਿਆਸੂ ਆਤਮਾਵਾਂ ਨੂੰ ਵਿਲੱਖਣ ਅੰਦਾਜ਼ ਵਿਚ ਉਤਸ਼ਾਹਤ ਕਰਦੇ ਹੋਏ ਕਹਿੰਦੇ ਹਨ ਕਿ ਹੇ ਸੋਹਣੇ ਜਗਿਆਸੂਓ! ਤੁਸੀਂ ਵੀ ਪੂਰਨ ਤੇ ਸੱਚੇ ਗੁਰ-ਸ਼ਬਦ ਨਾਲ ਜੁੜ ਕੇ ਪ੍ਰਭੂ-ਮਿਲਾਪ ਦਾ ਅਨੰਦ ਪ੍ਰਾਪਤ ਕਰੋ।