ਇਸ ਸ਼ਬਦ ਵਿਚ ਭਗਤ ਕਬੀਰ ਜੀ ਨੇ ਜਗਿਆਸੂ ਦੇ ਪ੍ਰਭੂ ਨਾਲ ਆਤਮਕ ਮੇਲ ਨੂੰ ਵਿਆਹ ਦੇ ਪ੍ਰਤੀਕ ਰਾਹੀਂ ਪੇਸ਼ ਕੀਤਾ ਹੈ। ਭਗਤ ਕਬੀਰ ਜੀ ਆਖਦੇ ਹਨ ਕਿ ਉਨ੍ਹਾਂ ਨੇ ਆਪਣੇ ਮਨ ਨੂੰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗ ਲਿਆ ਹੈ। ਪ੍ਰਭੂ ਜੀ ਲਾੜੇ ਦੇ ਰੂਪ ਵਿਚ ਉਨ੍ਹਾਂ ਦੇ ਹਿਰਦੇ-ਘਰ ਵਿਚ ਸੁਸ਼ੋਭਿਤ ਹੋ ਗਏ ਹਨ। ਪਿਆਰੇ ਪ੍ਰਭੂ ਨਾਲ ਇਹ ਆਤਮਕ ਮੇਲ ਗੁਰ-ਸ਼ਬਦ ਦੀ ਬਰਕਤ ਨਾਲ ਹੋਇਆ ਹੈ।
ਆਸਾ ॥
ਤਨੁ ਰੈਨੀ ਮਨੁ ਪੁਨ ਰਪਿ ਕਰਿਹਉ ਪਾਚਉ ਤਤ ਬਰਾਤੀ ॥
ਰਾਮ ਰਾਇ ਸਿਉ ਭਾਵਰਿ ਲੈਹਉ ਆਤਮ ਤਿਹ ਰੰਗਿ ਰਾਤੀ ॥੧॥
ਗਾਉ ਗਾਉ ਰੀ ਦੁਲਹਨੀ ਮੰਗਲਚਾਰਾ ॥
ਮੇਰੇ ਗ੍ਰਿਹ ਆਏ ਰਾਜਾ ਰਾਮ ਭਤਾਰਾ ॥੧॥ ਰਹਾਉ ॥
ਨਾਭਿ ਕਮਲ ਮਹਿ ਬੇਦੀ ਰਚਿ ਲੇ ਬ੍ਰਹਮ ਗਿਆਨ ਉਚਾਰਾ ॥
ਰਾਮ ਰਾਇ ਸੋ ਦੂਲਹੁ ਪਾਇਓ ਅਸ ਬਡਭਾਗ ਹਮਾਰਾ ॥੨॥
ਸੁਰਿ ਨਰ ਮੁਨਿ ਜਨ ਕਉਤਕ ਆਏ ਕੋਟਿ ਤੇਤੀਸ ਉਜਾਨਾਂ ॥
ਕਹਿ ਕਬੀਰ ਮੋਹਿ ਬਿਆਹਿ ਚਲੇ ਹੈ ਪੁਰਖ ਏਕ ਭਗਵਾਨਾ ॥੩॥੨॥੨੪॥
-ਗੁਰੂ ਗ੍ਰੰਥ ਸਾਹਿਬ ੪੮੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਹ ਸਮੇਂ ਲੜਕੀਆਂ ਚਮਕ-ਦਮਕ ਵਾਲੇ ਵਸਤਰ ਪਹਿਨਦੀਆਂ ਹਨ ਅਤੇ ਸ਼ਿੰਗਾਰ ਵਜੋਂ ਆਪਣੇ ਅੰਗਾਂ ’ਤੇ ਵੀ ਮਹਿੰਦੀ ਆਦਿਕ ਕਈ ਤਰ੍ਹਾਂ ਦੇ ਰੰਗ ਲਾਉਂਦੀਆਂ ਹਨ ਤਾਂ ਕਿ ਉਹ ਆਪਣੇ ਪਤੀ ਦੇ ਮਨ ਨੂੰ ਮੋਹ ਸਕਣ ਤੇ ਸਹੁਰੇ ਘਰ ਜਾ ਕੇ ਪਿਆਰ ਅਤੇ ਮਾਣ-ਇੱਜਤ ਹਾਸਲ ਕਰ ਸਕਣ।
ਪਰ ਇਹ ਰੰਗ-ਰੰਗਾਈ ਤੇ ਚਮਕ-ਦਮਕ ਵਕਤੀ ਹੁੰਦੀ ਹੈ ਤੇ ਅਸਲੀਅਤ ਝੱਟ ਸਾਹਮਣੇ ਆ ਜਾਂਦੀ ਹੈ। ਫਿਰ ਕੋਈ ਰੰਗ-ਰੰਗਾਈ ਤੇ ਚਮਕ-ਦਮਕ ਵੱਲ ਤਵੱਜੋ ਨਹੀਂ ਦਿੰਦਾ ਤੇ ਆਪਣੇ ਵਿਵਹਾਰ ਵਿਚ ਉਤਾਰੇ ਹੋਏ ਸ਼ੁਭ ਗੁਣਾਂ ਕਾਰਣ ਹੀ ਸਹੁਰੇ ਘਰ ਵਿਚ ਪਿਆਰ ਅਤੇ ਇੱਜ਼ਤ ਮਾਣ ਮਿਲਦਾ ਹੈ। ਇਸ ਕਰਕੇ ਸੂਝਵਾਨ ਲੜਕੀਆਂ ਤੇ ਉਨ੍ਹਾਂ ਦੇ ਮਾਪੇ ਰੰਗ-ਰੰਗਾਈ ਤੇ ਸੱਜ-ਧੱਜ ਦੀ ਬਜਾਏ ਅੰਤ੍ਰੀਵ ਗੁਣਾਂ ਵੱਲ ਵਧੇਰੇ ਤਵੱਜੋ ਦਿੰਦੇ ਹਨ।
ਭਗਤ ਕਬੀਰ ਜੀ ਇਸ ਸ਼ਬਦ ਵਿਚ ਅਧਿਆਤਮ ਦੇ ਪਰਥਾਏ ਸਮਾਜਕ ਵਿਆਹ ਦਾ ਸੁੰਦਰ ਦ੍ਰਿਸ਼ ਸਿਰਜਦੇ ਹਨ, ਜਿਸ ਵਿਚ ਜਗਿਆਸੂ ਦੇ ਮਨ ਦੀ ਹਾਲਤ ਦੱਸਦੇ ਹੋਏ ਕਬੀਰ ਜੀ ਕਹਿੰਦੇ ਹਨ ਕਿ ਮੈਂ ਆਪਣੇ ਤਨ ਨੂੰ ਰੰਗਣ ਵਾਲੀ ਮੱਟੀ ਬਣਾ ਲਿਆ ਹੈ, ਜਿਸ ਵਿਚ ਆਪਣੇ ਮਨ ਨੂੰ ਵਾਰ-ਵਾਰ ਪ੍ਰਭੂ ਦੇ ਰੰਗ ਨਾਲ ਰੰਗਦਾ ਹਾਂ। ਤਨ ਇਕ ਬਰਤਨ ਹੈ, ਜਿਸ ਨੂੰ ਰੰਗ ਕਰਨ ਦਾ ਕੋਈ ਲਾਭ ਨਹੀਂ। ਪਰ ਤਨ ਦਾ ਬਰਤਨ ਵਜੋਂ ਲਾਭ ਲਿਆ ਜਾ ਸਕਦਾ ਹੈ, ਜਿਸ ਵਿਚ ਮਨ ਰੰਗਿਆ ਜਾ ਸਕੇ। ਮਨ ਦੀ ਸਾਧਨਾ ਕਰਮ ਰਾਹੀਂ ਹੁੰਦੀ ਹੈ ਤੇ ਕਰਮ ਦੇਹੀ ਨਾਲ ਸੰਭਵ ਹੈ।
ਇਸ ਦੇਹੀ ਨੂੰ ਪੰਜ ਤੱਤਾਂ ਦਾ ਪੁਤਲਾ ਕਿਹਾ ਜਾਂਦਾ ਹੈ। ਇਸ ਲਈ ਭਗਤ ਜੀ ਦੱਸਦੇ ਹਨ ਕਿ ਉਨ੍ਹਾਂ ਨੇ ਦੇਹੀ ਦੇ ਪੰਜ ਤੱਤਾਂ ਨੂੰ ਬਰਾਤ ਵਜੋਂ ਅਨੁਮਾਨ ਲਿਆ ਹੈ। ਭਾਵ, ਇਨ੍ਹਾਂ ਪੰਜਾਂ ਤੱਤਾਂ ਦੇ ਅੰਤ੍ਰੀਵ ਗੁਣ ਨਿਰਲੇਪਤਾ, ਨਿਰਦੋਸ਼ਤਾ, ਇਕਸਾਰ ਵਰਤਾਰਾ, ਧੀਰਜ, ਸਹਿਜਤਾ ਮਾਨੋ ਬਰਾਤੀ ਬਣ ਕੇ ਮੈਨੂੰ ਵਿਆਹੁਣ ਲਈ ਆਏ ਹਨ। ਤਨ ਦੀ ਬਾਹਰੀ ਸਜ-ਧਜ ਦੀ ਥਾਂ ਦੇਹੀ ਦਾ ਨਿਰਮਾਣ ਕਰਨ ਵਾਲੇ ਤੱਤਾਂ ਦੀ ਬਰਾਤ ਵਜੋਂ ਸੇਵਾ ਸੰਭਾਲ ਨਾਲ ਦੇਹੀ ਦਾ ਅੰਦਰੂਨੀ ਤੌਰ ’ਤੇ ਦਰੁਸਤ ਰਹਿਣਾ ਵਧੇਰੇ ਜਰੂਰੀ ਹੈ, ਤਾਂ ਕਿ ਦੇਹੀ ਦੇ ਇਸ ਮਹਿਲ ਅੰਦਰ ਆਤਮ ਤੇ ਪਰਮਾਤਮ ਦਾ ਸੁਮੇਲ ਸੰਭਵ ਹੋ ਸਕੇ।
ਭਗਤ ਕਬੀਰ ਜੀ ਕਹਿੰਦੇ ਹਨ ਕਿ ਮੈਂ ਹੁਣ ਇਸ ਦੇਹੀ ਅੰਦਰ ਰਾਜੇ ਰਾਮ, ਭਾਵ ਪ੍ਰਭੂ-ਪਾਤਸ਼ਾਹ ਨਾਲ ਫੇਰੇ ਲੇ ਕੇ ਆਪਣੀ ਆਤਮਾ ਨੂੰ ਉਸੇ ਦੇ ਰੰਗ ਵਿਚ ਰੰਗ ਰਿਹਾ ਹਾਂ। ਭਗਤ ਜੀ ਨਵੀਂ ਦੁਲਹਨ ਰੂਪ ਜਗਿਆਸੂ ਦੀ ਪ੍ਰਭੂ-ਮਿਲਾਪ ਦੀ ਇਸ ਰਸਮ ਵਿਚ, ਸੰਗਤ ਵਜੋਂ ਸ਼ਾਮਲ ਪਹਿਲਾਂ ਵਿਆਹੀਆਂ ਹੋਈਆਂ ਦੁਲਹਨਾਂ ਜਾਂ ਮਿਲਾਪ ਵਾਲੀਆਂ ਰੂਹਾਂ ਨੂੰ ਮੰਗਲਮਈ ਗੀਤ ਗਾਉਣ ਲਈ ਆਖਦੇ ਹਨ, ਕਿਉਂਕਿ ਜਗਿਆਸੂ ਦੇ ਮਨ ਵਿਚ ਪ੍ਰਭੂ-ਪਾਤਸ਼ਾਹ ਦਾ ਪ੍ਰਵੇਸ਼ ਹੋਇਆ ਹੈ।
ਨਾਭੀ ਦੇਹੀ ਦਾ ਕੇਂਦਰ ਹੈ ਤੇ ਜੋਗ ਮੁਤਾਬਕ ਇਥੇ ਕਮਲ ਦਾ ਫੁੱਲ ਸਥਿਤ ਹੈ, ਜਿਸ ਦਾ ਖਿੜਨਾ ਹੀ ਜੋਗ ਦਾ ਮਕਸਦ ਹੈ। ਪਰ ਇਥੇ ਭਗਤ ਕਬੀਰ ਜੀ ਨਾਭਿ-ਕਮਲ ਦੀ ਹਿਰਦੇ ਦੇ ਅਰਥਾਂ ਵਿਚ ਵਰਤੋਂ ਕਰਦੇ ਹੋਏ ਦੱਸਦੇ ਹਨ ਕਿ ਜਗਿਆਸੂ ਨੇ ਆਪਣੇ ਹਿਰਦੇ ਅੰਦਰ ਵਿਆਹ ਦਾ ਅਨੁਮਾਨਤ ਮੰਡਪ ਉਸਾਰ ਕੇ ਉਸ ਵਿਚ ਗੁਰ-ਸ਼ਬਦ ਰਾਹੀਂ ਬ੍ਰਹਮ-ਗਿਆਨ ਰੂਪੀ ਮੰਤਰ ਉਚਾਰਿਆ ਹੈ।
ਇਸ ਤਰ੍ਹਾਂ ਜਗਿਆਸੂ ਦੇ ਹਿਰਦੇ ਅੰਦਰ ਰਾਜੇ ਰਾਮ, ਭਾਵ ਪ੍ਰਭੂ-ਪਾਤਸ਼ਾਹ ਨਾਲ ਮੇਲ ਹੋ ਗਿਆ ਹੈ ਤੇ ਇਹ ਉਸ ਦੇ ਵਡੇ ਭਾਗ ਹਨ।
ਭਗਤ ਜੀ ਇਸ ਅਧਿਆਤਮਕ ਵਿਆਹ ਨੂੰ ਕਰਾਮਾਤ ਜਿਹਾ ਕੌਤਕ ਆਖਦੇ ਹਨ, ਜਿਸ ਵਿਚ ਦੈਵੀ ਗੁਣਾਂ ਦੇ ਧਾਰਨੀ, ਸਾਧਨਾ ਕਰਨ ਵਾਲੇ ਸ੍ਰੇਸ਼ਟ ਮਨੁਖ ਰੂਪੀ ਤੇਤੀ ਕਰੋੜ ਦੇਵਤੇ ਆਪਣੇ ਸੰਕਲਪਕ ਹਵਾਈ ਵਾਹਨ ’ਤੇ ਸਵਾਰ ਹੋ ਕੇ ਇਸ ਕਾਰਜ ਵਿਚ ਸ਼ਾਮਲ ਹੋਏ ਹਨ। ਅਖੀਰ ਵਿਚ ਕਬੀਰ ਜੀ ਦੱਸਦੇ ਹਨ ਕਿ ਇਕ ਭਗਵਾਨ ਪੁਰਖ, ਵਿਆਪਕ ਪ੍ਰਭੂ ਜੀ ਨਾਲ ਮੇਰਾ ਮੇਲ ਹੋ ਗਿਆ ਹੈ, ਉਹ ਮੈਨੂੰ ਵਿਆਹ ਕੇ ਲੈ ਚੱਲੇ ਹਨ।
ਕੀ ਅਸੀਂ ਵੀ ਕਦੇ ਭਗਤ ਕਬੀਰ ਜੀ ਵੱਲੋਂ ਦਰਸਾਏ ਇਸ ਅਲੌਲਿਕ ਵਿਆਹ ਬਾਰੇ ਸੋਚਿਆ ਹੈ? ਕੀ ਸਾਡੇ ਮਨ ਵਿਚ ਵੀ ਕਦੇ ਪ੍ਰਭੂ-ਪਾਤਸ਼ਾਹ ਨਾਲ ਮਿਲਾਪ ਦੀ ਤਾਂਘ ਪੈਦਾ ਹੋਈ ਹੈ?