Guru Granth Sahib Logo
  
ਇਸ ਸ਼ਬਦ ਵਿਚ ਪ੍ਰਭੂ-ਮਿਲਾਪ ਤੋਂ ਪ੍ਰਾਪਤ ਹੋਣ ਵਾਲੀ ਖੁਸ਼ੀ ਤੇ ਅਨੰਦ ਦਾ ਭਾਵਪੂਰਤ ਵਰਣਨ ਹੈ। ਸ਼ਬਦ ਦੇ ਪਹਿਲੇ ਪਦੇ ਵਿਚ ਦੱਸਿਆ ਹੈ ਕਿ ਗੁਰ-ਸ਼ਬਦ ਦੀ ਬਰਕਤ ਨਾਲ ਪਿਆਰੇ ਪ੍ਰਭੂ ਦੀ ਸੋਝੀ ਪ੍ਰਾਪਤ ਹੋ ਗਈ ਹੈ, ਜਿਸ ਸਦਕਾ ਮਨ ਆਤਮਕ ਅਨੰਦ ਮਾਣ ਰਿਹਾ ਹੈ। ਦੂਜੇ ਪਦੇ ਵਿਚ ਗੁਰ-ਸ਼ਬਦ ਦੀ ਮਹਿਮਾ ਨੂੰ ਬਿਆਨ ਕੀਤਾ ਗਿਆ ਹੈ। ਤੀਜੇ ਪਦੇ ਵਿਚ ਗੁਰ-ਸ਼ਬਦ ਰਾਹੀਂ ਪ੍ਰਾਪਤ ਹੋਏ ਪ੍ਰਭੂ ਦੇ ਨਾਮ ਰੂਪੀ ਖਜਾਨੇ ਦੀਆਂ ਬਰਕਤਾਂ ਦਾ ਜਿਕਰ ਹੈ। ਅਖੀਰਲੇ ਪਦੇ ਵਿਚ ਪ੍ਰਭੂ ਦੇ ਗੁਣਾਂ ਦਾ ਵਰਣਨ ਕਰਦਿਆਂ ਉਸ ਦੇ ਨਾਮ ਦੀ ਮਹਿਮਾ ਨੂੰ ਰੂਪਮਾਨ ਕੀਤਾ ਗਿਆ ਹੈ।
ਪੂਰੀ ਆਸਾ ਜੀ  ਮਨਸਾ ਮੇਰੇ ਰਾਮ
ਮੋਹਿ ਨਿਰਗੁਣ ਜੀਉ  ਸਭਿ ਗੁਣ ਤੇਰੇ ਰਾਮ
ਸਭਿ ਗੁਣ ਤੇਰੇ  ਠਾਕੁਰ ਮੇਰੇ   ਕਿਤੁ ਮੁਖਿ ਤੁਧੁ ਸਾਲਾਹੀ
ਗੁਣੁ ਅਵਗੁਣੁ ਮੇਰਾ ਕਿਛੁ ਬੀਚਾਰਿਆ   ਬਖਸਿ ਲੀਆ ਖਿਨ ਮਾਹੀ
ਨਉਨਿਧਿ ਪਾਈ  ਵਜੀ ਵਾਧਾਈ   ਵਾਜੇ ਅਨਹਦ ਤੂਰੇ
ਕਹੁ ਨਾਨਕ  ਮੈ ਵਰੁ ਘਰਿ ਪਾਇਆ   ਮੇਰੇ ਲਾਥੇ ਜੀ ਸਗਲ ਵਿਸੂਰੇ ॥੪॥੧॥
-ਗੁਰੂ ਗ੍ਰੰਥ ਸਾਹਿਬ ੫੭੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਹ ਪਦਾ ਵੀ ਅਨੰਦ-ਕਾਰਜ ਦੀ ਰਸਮ ਸਮੇਂ ਚੌਥੀ ਲਾਂਵ ਮੁਕੰਮਲ ਹੋਣ ਉਪਰੰਤ ਪੜ੍ਹਿਆ ਜਾਂ ਗਾਇਆ ਜਾਂਦਾ ਹੈ। ਅਨੰਦ-ਕਾਰਜ ਤਨ ਅਤੇ ਮਨ ਦੀ ਲਗਨ ਦਾ ਵਿਹਾਰ ਹੈ। ਗੁਰਮਤਿ ਤਨ-ਮਨ ਨੂੰ ਨਕਾਰਨ ਦੀ ਬਜਾਏ ਸਵੀਕਾਰ ਕਰਦੀ ਹੈ ਤੇ ਤਨ-ਮਨ ਦੀ ਸੰਜਮੀ ਲਗਨ ਵਿਚੋਂ ਹੀ ਪ੍ਰਭੂ ਪ੍ਰਾਪਤੀ ਵੱਲ ਵਧਦੀ ਹੈ। ਗੁਰਮਤਿ ਵਿਚ ਤਨ ਅਤੇ ਮਨ ਪ੍ਰਭੂ ਪ੍ਰਾਪਤੀ ਵਿਚ ਰੁਕਾਵਟ ਬਣਨ ਦੀ ਬਜਾਏ ਸਹਾਇਕ ਸਿੱਧ ਹੁੰਦੇ ਹਨ।

ਮਨ ਦੇ ਵਿਸ਼ੇਸ਼ਗ ਦੱਸਦੇ ਹਨ ਕਿ ਮਨੁਖ ਲਈ ਸਾਥ ਅਤੇ ਸਹਿਵਾਸ ਦੀ ਚਾਹਤ ਏਨੀ ਤੀਬਰ ਅਤੇ ਬਲਵਾਨ ਹੈ ਕਿ ਜਿਸ ਦੀ ਪੂਰਤੀ ਲਈ ਮਨੁਖ ਕਿਸੇ ਹੱਦ ਤਕ ਵੀ ਜਾ ਸਕਦਾ ਹੈ। ਸ਼ਾਇਦ ਇਸੇ ਕਾਰਣ ਇਸ ਚਾਹਤ ਦੀ ਪੂਰਤੀ ਦੀ ਖੁਲੇਆਮ ਸਮਾਜਕ ਪ੍ਰਵਾਨਗੀ ਨਹੀਂ ਹੈ। ਇਸ ਪ੍ਰਤਿਰੋਧ ਕਾਰਣ ਇਹ ਚਾਹਤ ਮਨੁਖ ਦੇ ਮਨ ਅੰਦਰ ਏਨੀ ਡੂੰਘੀ ਦਫਨ ਹੋ ਜਾਂਦੀ ਹੈ ਕਿ ਲੱਗਦਾ ਹੈ, ਜਿਵੇਂ ਹੋਵੇ ਹੀ ਨਾ।

ਕੇਵਲ ਵਿਆਹ-ਸ਼ਾਦੀ ਦੇ ਰੂਪ ਵਿਚ ਇਸ ਚਾਹਤ ਨੂੰ ਸਮਾਜਕ ਪ੍ਰਵਾਨਗੀ ਮਿਲੀ ਹੋਈ ਹੈ। ਇਸੇ ਲਈ ਵਿਆਹ-ਸ਼ਾਦੀ ਦੀ ਰਸਮ ਮਨੁਖੀ ਜੀਵਨ ਦਾ ਸਭ ਤੋਂ ਹੁਸੀਨ ਸਮਾਂ ਗਿਣਿਆ ਜਾਂਦਾ ਹੈ। ਇਸ ਸਮੇਂ ਪ੍ਰਭੂ-ਮਿਲਾਪ ਦੀ ਗੁੰਜਾਇਸ਼ ਪ੍ਰਤੱਖ ਹੋ ਜਾਂਦੀ ਹੈ, ਜਿਸ ਕਰਕੇ ਵਿਆਹ-ਸ਼ਾਦੀ ਦੀ ਰਸਮ ਜਿਸਮਾਨੀ ਅਤੇ ਰੁਹਾਨੀ ਅਨੰਦ-ਕਾਰਜ ਹੋ ਜਾਂਦੀ ਹੈ।

ਇਸ ਪਦੇ ਵਿਚ ਜਗਿਆਸੂ ਦੀ ਆਤਮਾ ਪ੍ਰਭੂ ਨਾਲ ਬੜੇ ਉਮਾਹ ਵਿਚ ਵਾਰਤਾਲਾਪ ਰਚਾਉਂਦੀ ਹੋਈ ਦੱਸਦੀ ਹੈ ਕਿ ਉਸ ਦੇ ਤਨ, ਮਨ ਅਤੇ ਰੂਹ ਦੀ ਉਮੀਦ ਪੂਰੀ ਹੋ ਗਈ ਹੈ। 

ਉਹ ਅਤੀ ਨਿਮਰ-ਭਾਵ ਵਿਚ ਦੱਸਦੀ ਹੈ ਕਿ ਉਸ ਵਿਚ ਪ੍ਰਭੂ ਦੇ ਲਾਇਕ ਕੋਈ ਗੁਣ ਨਹੀਂ ਹੈ ਤੇ ਕੇਵਲ ਪ੍ਰਭੂ ਹੀ ਸਾਰੇ ਗੁਣਾ ਦਾ ਖਜਾਨਾ ਹੈ। 

ਹੋਰ ਨਿਮਰ-ਭਾਵ ਵਿਚ ਆਪਣੇ ਗੁਣ ਹੀਣ ਹੋਣ ਦੇ ਭਾਵ ਨੂੰ ਪ੍ਰਗਟ ਕਰਦੀ ਹੋਈ ਉਹ ਦੱਸਦੀ ਹੈ ਕਿ ਜਦ ਸਾਰੇ ਗੁਣ ਉਸ ਮਾਲਕ ਪ੍ਰਭੂ ਦੇ ਹੀ ਹਨ। ਫਿਰ ਉਹ ਕਿਹੜੇ ਮੂੰਹ ਨਾਲ ਉਸ ਪ੍ਰਭੂ ਦੀ ਤਰੀਫ ਕਰੇ, ਜਿਸ ਨੇ ਉਸ ਦਾ ਕੋਈ ਗੁਣ ਜਾਂ ਔਗੁਣ ਦੇਖਿਆ-ਸੋਚਿਆ ਹੀ ਨਹੀਂ, ਬਲਕਿ ਉਸ ਨੂੰ ਬਿਨਾਂ ਪੁੱਛ-ਗਿੱਛ ਕੀਤਿਆਂ ਇਕ ਪਲ ਵਿਚ ਹੀ ਮਿਲਾਪ ਬਖਸ਼ ਦਿੱਤਾ ਤੇ ਆਪਣੇ ਗਲੇ ਲਾ ਲਿਆ।

ਪਾਤਸ਼ਾਹ ਦੱਸਦੇ ਹਨ ਕਿ ਪ੍ਰਭੂ-ਪ੍ਰਾਪਤੀ ਜਾਂ ਸੁਮੇਲ ਦਾ ਅਨੁਭਵ ਅਜਿਹਾ ਹੈ ਜਿਵੇਂ ਸਾਰੀਆਂ ਸਿਧੀਆਂ ਤੇ ਨਿਧੀਆਂ ਹਾਸਲ ਹੋ ਗਈਆਂ ਹੋਣ। ਇਸ ਲਾਹੇ ਜਾਂ ਵਾਧੇ ਲਈ ਵਧਾਈ ਦਾ ਰਾਗ ਅਲਾਪਿਆ ਜਾ ਰਿਹਾ ਹੋਵੇ ਤੇ ਨਾਲ ਲਗਾਤਾਰ ਉੱਚੀਆਂ ਸੰਗੀਤਕ ਧੁਨੀਆਂ ਵਾਲੇ ਵਾਜੇ-ਗਾਜੇ ਵੱਜ ਰਹੇ ਹੋਣ।

ਅਖੀਰ ਵਿਚ ਪਾਤਸ਼ਾਹ ਜਗਿਆਸੂ ਮਨ ਦੀ ਅਥਾਹ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਦੱਸਦੇ ਹਨ ਕਿ ਉਸ ਨੇ ਪਿਆਰੇ ਪ੍ਰਭੂ ਨੂੰ ਕਿਤੇ ਬਾਹਰ ਦੀ ਬਜਾਏ, ਆਪਣੇ ਅੰਦਰੋਂ ਹੀ ਪ੍ਰਾਪਤ ਕਰ ਲਿਆ। ਉਹ ਹੁਣ ਉਸ ਨੂੰ ਆਪਣੇ ਅੰਦਰ ਰਮਿਆ ਹੋਇਆ ਮਹਿਸੂਸ ਹੋ ਰਿਹਾ ਹੈ, ਜਿਸ ਕਰਕੇ ਉਸ ਦੇ ਸਾਰੇ ਸ਼ੰਕੇ ਮਿਟ ਗਏ ਹਨ।
Tags