ਇਸ ਸ਼ਬਦ ਵਿਚ ਪ੍ਰਭੂ-ਮਿਲਾਪ ਤੋਂ ਪ੍ਰਾਪਤ ਹੋਣ ਵਾਲੀ ਖੁਸ਼ੀ ਤੇ ਅਨੰਦ ਦਾ ਭਾਵਪੂਰਤ ਵਰਣਨ ਹੈ। ਸ਼ਬਦ ਦੇ ਪਹਿਲੇ ਪਦੇ ਵਿਚ ਦੱਸਿਆ ਹੈ ਕਿ ਗੁਰ-ਸ਼ਬਦ ਦੀ ਬਰਕਤ ਨਾਲ ਪਿਆਰੇ ਪ੍ਰਭੂ ਦੀ ਸੋਝੀ ਪ੍ਰਾਪਤ ਹੋ ਗਈ ਹੈ, ਜਿਸ ਸਦਕਾ ਮਨ ਆਤਮਕ ਅਨੰਦ ਮਾਣ ਰਿਹਾ ਹੈ। ਦੂਜੇ ਪਦੇ ਵਿਚ ਗੁਰ-ਸ਼ਬਦ ਦੀ ਮਹਿਮਾ ਨੂੰ ਬਿਆਨ ਕੀਤਾ ਗਿਆ ਹੈ। ਤੀਜੇ ਪਦੇ ਵਿਚ ਗੁਰ-ਸ਼ਬਦ ਰਾਹੀਂ ਪ੍ਰਾਪਤ ਹੋਏ ਪ੍ਰਭੂ ਦੇ
ਨਾਮ ਰੂਪੀ ਖਜਾਨੇ ਦੀਆਂ ਬਰਕਤਾਂ ਦਾ ਜਿਕਰ ਹੈ। ਅਖੀਰਲੇ ਪਦੇ ਵਿਚ ਪ੍ਰਭੂ ਦੇ ਗੁਣਾਂ ਦਾ ਵਰਣਨ ਕਰਦਿਆਂ ਉਸ ਦੇ ਨਾਮ ਦੀ ਮਹਿਮਾ ਨੂੰ ਰੂਪਮਾਨ ਕੀਤਾ ਗਿਆ ਹੈ।
ਸੁਣਿ ਸਜਣ ਜੀ ਮੈਡੜੇ ਮੀਤਾ ਰਾਮ ॥
ਗੁਰਿ ਮੰਤ੍ਰੁ ਸਬਦੁ ਸਚੁ ਦੀਤਾ ਰਾਮ ॥
ਸਚੁ ਸਬਦੁ ਧਿਆਇਆ ਮੰਗਲੁ ਗਾਇਆ ਚੂਕੇ ਮਨਹੁ ਅਦੇਸਾ ॥
ਸੋ ਪ੍ਰਭੁ ਪਾਇਆ ਕਤਹਿ ਨ ਜਾਇਆ ਸਦਾ ਸਦਾ ਸੰਗਿ ਬੈਸਾ ॥
ਪ੍ਰਭ ਜੀ ਭਾਣਾ ਸਚਾ ਮਾਣਾ ਪ੍ਰਭਿ ਹਰਿ ਧਨੁ ਸਹਜੇ ਦੀਤਾ ॥
ਕਹੁ ਨਾਨਕ ਤਿਸੁ ਜਨ ਬਲਿਹਾਰੀ ਤੇਰਾ ਦਾਨੁ ਸਭਨੀ ਹੈ ਲੀਤਾ ॥੨॥
-ਗੁਰੂ ਗ੍ਰੰਥ ਸਾਹਿਬ ੫੭੬-੫੭੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਜਗਿਆਸੂ ਦੀ ਆਤਮਾ ਆਪਣੇ ਪਿਆਰੇ ਪ੍ਰਭੂ ਨੂੰ ਸੱਜਣ ਆਖ ਕੇ ਮੁਖਾਤਬ ਹੋਈ ਹੈ ਕਿ ਉਸ ਦਾ ਮਿੱਤਰ ਪ੍ਰਭੂ, ਉਸ ਵੱਲ ਤਵੱਜੋ ਦੇਵੇ। ਉਹ ਆਪਣੇ ਮਿੱਤਰ ਰੂਪ ਪ੍ਰਭੂ ਨੂੰ ਦੱਸਦੀ ਹੈ ਕਿ ਹੁਣ ਉਸ ਨੂੰ ਗੁਰੂ ਨੇ ਸ਼ਬਦ-ਰੂਪੀ ਸੱਚੇ ਗਿਆਨ ਦਾ ਸੂਤਰ ਜਾਂ ਮੰਤਰ ਬਖਸ਼ ਦਿੱਤਾ ਹੈ।
ਜਗਿਆਸੂ ਨੇ ਸ਼ਬਦ-ਰੂਪੀ ਸੱਚੇ ਗਿਆਨ ਦੇ ਇਸ ਸੂਤਰ ਜਾਂ ਮੰਤਰ ਨੂੰ ਆਪਣੇ ਧਿਆਨ ਵਿਚ ਰਖਿਆ ਹੈ ਤੇ ਆਪਣੇ ਮੁਖੋਂ ਸ਼ਬਦ ਦਾ ਮੰਗਲਮਈ ਗਾਇਨ ਕੀਤਾ ਹੈ। ਇਸ ਨਾਲ ਉਸ ਦੇ ਅੰਦਰਲੇ ਸਾਰੇ ਸ਼ੱਕ ਅਤੇ ਸ਼ੰਕੇ ਨਵਿਰਤ ਹੋ ਗਏ ਹਨ।
ਹੁਣ ਪਿਆਰੇ ਦੇ ਮਿਲਾਪ ਦੀ ਅਜਿਹੀ ਖੇਡ ਬਣ ਗਈ ਹੈ ਕਿ ਉਹ ਪ੍ਰਭੂ-ਪਿਆਰਾ ਆਪਣਾ ਹੋ ਗਿਆ ਹੈ। ਉਸ ਦਾ ਕਿਤੇ ਛੱਡ ਕੇ ਚਲੇ ਜਾਣ ਦਾ ਵੀ ਕੋਈ ਸ਼ੱਕ ਨਹੀਂ ਰਿਹਾ ਤੇ ਉਸ ਨੇ ਹੁਣ ਸਦਾ-ਸਦਾ ਲਈ ਸਾਥ ਨਿਭਾਉਣਾ ਹੈ।
ਜਿਹੜਾ ਵੀ ਕੋਈ ਪ੍ਰਭੂ ਨੂੰ ਪਿਆਰਾ ਲੱਗਦਾ ਹੈ, ਉਸ ਨੂੰ ਪ੍ਰਭੂ ਗੁਰ-ਸ਼ਬਦ ਰਾਹੀਂ ਆਪਣਾ ਨਾਮ-ਧਨ ਦੇ ਦਿੰਦਾ ਹੈ। ਉਸ ਨੂੰ ਹੀ ਅਸਲ ਅਤੇ ਸੱਚਾ ਇੱਜ਼ਤ-ਮਾਣ ਮਿਲਦਾ ਹੈ।
ਪਦੇ ਦੇ ਅਖੀਰ ਵਿਚ ਪਾਤਸ਼ਾਹ ਉਸ ਮਨੁਖ ਦੇ ਕੁਰਬਾਨ ਜਾਂਦੇ ਹਨ, ਜਿਸ ਦੀ ਸੰਗਤ ਸਦਕਾ ਉਕਤ ਕਿਸਮ ਦਾ ਦਾਨ ਹਰ ਕਿਸੇ ਨੂੰ ਮਿਲ ਰਿਹਾ ਹੈ। ਇਥੇ ਪਾਤਸ਼ਾਹ ਗੁਰੂ ਦੇ ਆਦੇਸ਼ ਰੂਪ ਗੁਰ-ਸ਼ਬਦ ਨੂੰ ਪ੍ਰਣਾਏ ਹੋਏ ਉਨ੍ਹਾਂ ਮਨੁਖਾਂ ਵੱਲ ਸੰਕੇਤ ਕਰਦੇ ਪ੍ਰਤੀਤ ਹੁੰਦੇ ਹਨ, ਜਿਨ੍ਹਾਂ ਕਾਰਣ ਨਾਮ ਧਨ ਦਾ ਖਜਾਨਾ ਸਾਰੀ ਲੋਕਾਈ ਲਈ ਖੁੱਲ੍ਹਾ ਹੈ।