ਇਸ ਸ਼ਬਦ ਵਿਚ ਪ੍ਰਭੂ-ਮਿਲਾਪ ਤੋਂ ਪ੍ਰਾਪਤ ਹੋਣ ਵਾਲੀ ਖੁਸ਼ੀ ਤੇ ਅਨੰਦ ਦਾ ਭਾਵਪੂਰਤ ਵਰਣਨ ਹੈ। ਸ਼ਬਦ ਦੇ ਪਹਿਲੇ ਪਦੇ ਵਿਚ ਦੱਸਿਆ ਹੈ ਕਿ ਗੁਰ-ਸ਼ਬਦ ਦੀ ਬਰਕਤ ਨਾਲ ਪਿਆਰੇ ਪ੍ਰਭੂ ਦੀ ਸੋਝੀ ਪ੍ਰਾਪਤ ਹੋ ਗਈ ਹੈ, ਜਿਸ ਸਦਕਾ ਮਨ ਆਤਮਕ ਅਨੰਦ ਮਾਣ ਰਿਹਾ ਹੈ। ਦੂਜੇ ਪਦੇ ਵਿਚ ਗੁਰ-ਸ਼ਬਦ ਦੀ ਮਹਿਮਾ ਨੂੰ ਬਿਆਨ ਕੀਤਾ ਗਿਆ ਹੈ। ਤੀਜੇ ਪਦੇ ਵਿਚ ਗੁਰ-ਸ਼ਬਦ ਰਾਹੀਂ ਪ੍ਰਾਪਤ ਹੋਏ ਪ੍ਰਭੂ ਦੇ
ਨਾਮ ਰੂਪੀ ਖਜਾਨੇ ਦੀਆਂ ਬਰਕਤਾਂ ਦਾ ਜਿਕਰ ਹੈ। ਅਖੀਰਲੇ ਪਦੇ ਵਿਚ ਪ੍ਰਭੂ ਦੇ ਗੁਣਾਂ ਦਾ ਵਰਣਨ ਕਰਦਿਆਂ ਉਸ ਦੇ ਨਾਮ ਦੀ ਮਹਿਮਾ ਨੂੰ ਰੂਪਮਾਨ ਕੀਤਾ ਗਿਆ ਹੈ।
ਰਾਗੁ ਵਡਹੰਸੁ ਮਹਲਾ ੫ ਛੰਤ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਗੁਰ ਮਿਲਿ ਲਧਾ ਜੀ ਰਾਮੁ ਪਿਆਰਾ ਰਾਮ ॥
ਇਹੁ ਤਨੁ ਮਨੁ ਦਿਤੜਾ ਵਾਰੋ ਵਾਰਾ ਰਾਮ ॥
ਤਨੁ ਮਨੁ ਦਿਤਾ ਭਵਜਲੁ ਜਿਤਾ ਚੂਕੀ ਕਾਂਣਿ ਜਮਾਣੀ ॥
ਅਸਥਿਰੁ ਥੀਆ ਅੰਮ੍ਰਿਤੁ ਪੀਆ ਰਹਿਆ ਆਵਣ ਜਾਣੀ ॥
ਸੋ ਘਰੁ ਲਧਾ ਸਹਜਿ ਸਮਧਾ ਹਰਿ ਕਾ ਨਾਮੁ ਅਧਾਰਾ ॥
ਕਹੁ ਨਾਨਕ ਸੁਖਿ ਮਾਣੇ ਰਲੀਆਂ ਗੁਰ ਪੂਰੇ ਕੰਉ ਨਮਸਕਾਰਾ ॥੧॥
-ਗੁਰੂ ਗ੍ਰੰਥ ਸਾਹਿਬ ੫੭੬
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਪਾਤਸ਼ਾਹ ਦੱਸਦੇ ਹਨ ਕਿ ਗੁਰੂ ਦੇ ਮਿਲਾਪ ਸਦਕਾ ਪਿਆਰੇ ਪ੍ਰਭੂ ਦੀ ਸੋਝੀ ਪ੍ਰਾਪਤ ਹੋ ਗਈ ਹੈ। ਇਸ ਤੋਂ ਪ੍ਰਭੂ-ਮਿਲਾਪ ਲਈ ਗੁਰੂ ਦੀ ਅਹਿਮੀਅਤ ਦਾ ਪਤਾ ਲੱਗਦਾ ਹੈ, ਕਿਉਂਕਿ ਗੁਰੂ, ਭਾਵ ਗੁਰ-ਸ਼ਬਦ ਰੂਪੀ ਗਿਆਨ ਹੀ ਪ੍ਰਭੂ ਦੀ ਦੱਸ ਪਾਉਂਦਾ ਹੈ।
ਇਸ ਲਈ ਪਾਤਸ਼ਾਹ ਗੁਰੂ ਦੇ ਮਿਲਾਪ ਦਾ ਭੇਤ ਦੱਸਦੇ ਹਨ ਕਿ ਇਸ ਪ੍ਰਭੂ-ਮਿਲਾਪ ਲਈ ਆਪਣੇ ਗੁਰੂ ਅੱਗੇ ਆਪਣਾ ਤਨ ਅਤੇ ਮਨ ਸਮਰਪਣ ਕੀਤਾ ਹੈ। ਇਹ ਸਮਰਪਣ ਕੋਈ ਕਸਮ ਨਹੀਂ ਹੈ, ਜੋ ਇਕ ਵਾਰੀ ਪਾ ਲਈ ਤੇ ਬਸ। ਬਲਕਿ ਇਹ ਮਨ ਦਾ ਅਜਿਹਾ ਅਹਿਸਾਸ ਹੈ, ਜਿਸ ਵਿਚ ਲਗਾਤਾਰ ਰਹਿਣ ਦੀ ਲੋੜ ਹੁੰਦੀ ਹੈ, ਤਦ ਜਾ ਕੇ ਪ੍ਰਭੂ-ਮਿਲਾਪ ਸੰਭਵ ਹੁੰਦਾ ਹੈ।
ਪਾਤਸ਼ਾਹ ਦੱਸਦੇ ਹਨ ਕਿ ਪ੍ਰਭੂ-ਮਿਲਾਪ ਲਈ ਗੁਰੂ ਅੱਗੇ ਆਪਣਾ ਤਨ ਅਤੇ ਮਨ ਸਮਰਪਣ ਕੀਤਿਆਂ ਸਮੁੰਦਰ ਜਿਹੇ ਡਰਾਉਣੇ, ਮੁਸ਼ਕਲ ਅਤੇ ਅੜਚਣ ਭਰਪੂਰ ਜੀਵਨ ਨੂੰ ਨਿਸਚਿੰਤ ਅਤੇ ਨਿਡਰ ਹੋ ਕੇ ਜਿਊਣ ਨਾਲ ਹੀ ਮੌਤ ਦੀ ਦਹਿਸ਼ਤ ਤੋਂ ਛੁਟਕਾਰਾ ਮਿਲਿਆ ਹੈ।
ਪ੍ਰਭੂ ਦੇ ਪਿਆਰ ਰੂਪੀ ਨਾਮ-ਅੰਮ੍ਰਿਤ ਦੀ ਬਰਕਤ ਨਾਲ ਭਟਕਣ ਰੁਕ ਗਈ ਹੈ ਤੇ ਮਨ ਬਿਲਕੁਲ ਅਡੋਲ ਹੋ ਗਿਆ ਹੈ ਤੇ ਆਉਣ-ਜਾਣ ਜਾਂ ਜਿਊਣ-ਮਰਨ ਦਾ ਮਸਲਾ ਹੀ ਨਹੀਂ ਰਿਹਾ।
ਮਨ ਨੂੰ ਅਜਿਹਾ ਘਰ ਲੱਭ ਪਿਆ ਹੈ ਜਾਂ ਚਿੱਤ ਹੁਣ ਅਜਿਹੀ ਅਵਸਥਾ ਵਿਚ ਪੁੱਜ ਗਿਆ ਹੈ, ਜਿਥੇ ਅਜਿਹਾ ਸਹਿਜ ਅਤੇ ਟਿਕਾਉ ਮਹਿਸੂਸ ਹੁੰਦਾ ਹੈ, ਜਿਵੇਂ ਹਰ ਤਰ੍ਹਾਂ ਦੀ ਸੁਖ-ਸਹੂਲਤ ਪ੍ਰਾਪਤ ਹੋ ਗਈ ਹੋਵੇ। ਅਸਲ ਵਿਚ ਹੁਣ ਪ੍ਰਭੂ ਦਾ ਨਾਮ ਹੀ ਜੀਵਨ ਦਾ ਅਧਾਰ ਬਣ ਗਿਆ ਹੈ ਤੇ ਇਸੇ ਵਿਚ ਜੀਵਨ ਦੀ ਹਰ ਸੁਖ-ਸਹੂਲਤ ਮਹਿਸੂਸ ਹੁੰਦੀ ਹੈ।
ਪਾਤਸ਼ਾਹ ਅਖੀਰ ਵਿਚ ਦੱਸਦੇ ਹਨ ਕਿ ਹੁਣ ਮਨ ਇਸ ਤਰ੍ਹਾਂ ਮਹਿਸੂਸ ਕਰਦਾ ਹੈ, ਜਿਵੇਂ ਇਹ ਜੀਵਨ ਵਿਚ ਅਨੰਤ ਖੁਸ਼ੀਆਂ ਮਾਣ ਰਿਹਾ ਹੋਵੇ। ਇਸ ਲਈ ਉਸ ਸਮਰੱਥ ਅਤੇ ਸੰਪੂਰਨ ਗੁਰੂ ਅੱਗੇ ਸਿਰ ਝੁਕ ਗਿਆ ਹੈ, ਜਿਸ ਕਰਕੇ ਉਕਤ ਕਿਸਮ ਦੀ ਉੱਚ ਅਵਸਥਾ ਪ੍ਰਾਪਤ ਹੋਈ ਹੈ।