Guru Granth Sahib Logo
  
ਅਨੰਦ ਸੰਸਕਾਰ ਸਮੇਂ ਇਸ ਸ਼ਬਦ ਦੇ ਦੂਜੇ ਪਦੇ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਲਾਵਾਂ ਦੀ ਸੰਪੂਰਨਤਾ ਤੋਂ ਬਾਅਦ ਅਨੰਦ ਸਾਹਿਬ ਦੀਆਂ ਛੇ (ਪਹਿਲੀਆਂ ਪੰਜ ਅਤੇ ਅਖੀਰਲੀ) ਪਉੜੀਆਂ ਦਾ ਗਾਇਨ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਇਸ ਸ਼ਬਦ ਦਾ ਦੂਜਾ ਪਦਾ ਪੜ੍ਹਿਆ ਜਾਂ ਗਾਇਆ ਜਾਂਦਾ ਹੈ। ਗੁਰੂ ਸਾਹਿਬ ਨੇ ਇਸ ਸ਼ਬਦ ਵਿਚ ਦੁਨਿਆਵੀ ਵਿਆਹ ਦਾ ਰੂਪਕ ਵਰਤ ਕੇ ਪਰਮਾਰਥਕ ਜੀਵਨ ਲਈ ਸੇਧ ਦਿੱਤੀ ਹੈ। ਸ਼ਬਦ ਦੇ ਪਹਿਲੇ ਪਦੇ ਵਿਚ ਪ੍ਰਸ਼ਨ ਹੈ ਕਿ ਜੀਵ ਕਿਸ ਜੁਗਤੀ ਨਾਲ ਪ੍ਰਭੂ ਦਾ ਅਨੁਭਵ ਕਰ ਸਕਦਾ ਹੈ? ਫਿਰ ਉੱਤਰ ਦਿੱਤਾ ਹੈ ਕਿ ਜੇਕਰ ਇਸ ਲੋਕ ਵਿਚ ਰਹਿੰਦਿਆਂ ਹੋਇਆਂ ਗੁਰ-ਸ਼ਬਦ ਦੁਆਰਾ ਉਹ ਕੁਝ ਪ੍ਰਾਪਤ ਕਰ ਲਿਆ ਜਾਵੇ ਜੋ ਪ੍ਰਭੂ ਦੀ ਦਰਗਾਹ ਵਿਚ ਕੰਮ ਆਉਂਦਾ ਹੈ ਤਾਂ ਪ੍ਰਭੂ ਦਾ ਅਨੁਭਵ ਹੋ ਸਕਦਾ ਹੈ। ਦੂਜੇ ਪਦੇ ਵਿਚ ਪ੍ਰਭੂ ਨੂੰ ਅਨੁਭਵ ਕਰ ਲੈਣ ਦੀ ਖੁਸ਼ੀ ਨੂੰ ਬਿਆਨ ਕੀਤਾ ਹੈ। ਤੀਜੇ ਪਦੇ ਵਿਚ ਪ੍ਰਭੂ ਦੇ ਸੇਵਕਾਂ ਨੂੰ ਮਿਲ ਕੇ ਪ੍ਰਭੂ ਨਾਲ ਮਿਲਾਪ ਅਤੇ ਉਸ ਮਿਲਾਪ ਸਦਕਾ ਪ੍ਰਾਪਤ ਹੋਣ ਵਾਲੇ ਆਤਮਕ-ਅਨੰਦ ਦਾ ਜਿਕਰ ਹੈ। ਚੌਥੇ ਪਦੇ ਵਿਚ ਪ੍ਰਭੂ ਅਤੇ ਉਸ ਦਾ ਨਾਮ ਦਾਜ ਵਜੋਂ ਮੰਗਿਆ ਹੈ, ਜਿਸ ਸਦਕਾ ਪ੍ਰਭੂ-ਪ੍ਰਾਪਤੀ ਦਾ ਕਾਰਜ ਸੋਭਾ ਸਹਿਤ ਨੇਪਰੇ ਚੜ੍ਹ ਜਾਵੇ। ਅਖੀਰਲੇ ਪਦੇ ਵਿਚ ਦੱਸਿਆ ਹੈ ਕਿ ਵਿਆਪਕ ਪ੍ਰਭੂ ਦੇ ਮਿਲਾਪ ਸਦਕਾ ਜਗਿਆਸੂ ਦੀ ਪੀੜ੍ਹੀ ਅੱਗੇ ਵਧਦੀ ਰਹਿੰਦੀ ਹੈ।
ਹਰਿ ਰਾਮ ਰਾਮ  ਮੇਰੇ ਬਾਬੋਲਾ   ਪਿਰ ਮਿਲਿ ਧਨ ਵੇਲ ਵਧੰਦੀ
ਹਰਿ ਜੁਗਹ ਜੁਗੋ  ਜੁਗ ਜੁਗਹ ਜੁਗੋ   ਸਦ ਪੀੜੀ ਗੁਰੂ ਚਲੰਦੀ
ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ   ਜਿਨੀ ਗੁਰਮੁਖਿ ਨਾਮੁ ਧਿਆਇਆ
ਹਰਿ ਪੁਰਖੁ ਕਬ ਹੀ ਬਿਨਸੈ ਜਾਵੈ   ਨਿਤ ਦੇਵੈ ਚੜੈ ਸਵਾਇਆ
ਨਾਨਕ  ਸੰਤ ਸੰਤ ਹਰਿ ਏਕੋ   ਜਪਿ ਹਰਿ ਹਰਿ ਨਾਮੁ ਸੋਹੰਦੀ
ਹਰਿ ਰਾਮ ਰਾਮ  ਮੇਰੇ ਬਾਬੁਲਾ   ਪਿਰ ਮਿਲਿ ਧਨ ਵੇਲ ਵਧੰਦੀ ॥੫॥੧॥ 
-ਗੁਰੂ ਗ੍ਰੰਥ ਸਾਹਿਬ ੭੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਜਗਿਆਸੂ ਸਾਧਕ ਦੀ ਆਤਮਾ ਆਪਣੇ ਬਾਬਲ, ਅਰਥਾਤ ਗੁਰੂ ਨੂੰ ਹਰੀ-ਪ੍ਰਭੂ ਦੇ ਮਿਲਾਪ ਦੀ ਖੁਸ਼ੀ ਵਿਚ ਉਸ ਦਾ ਨਾਮ ਜਪਦੀ ਹੋਈ ਦੱਸਦੀ ਹੈ ਕਿ ਜਿਵੇਂ ਪਤਨੀ ਆਪਣੇ ਪਤੀ ਨੂੰ ਮਿਲਣ ਉਪਰੰਤ ਸਾਕ-ਸਕੀਰੀਆਂ ਸਮੇਤ ਆਪਣੇ ਪਰਵਾਰ ਵਿਚ ਵਾਧਾ ਕਰਦੀ ਹੈ, ਉਸੇ ਤਰ੍ਹਾਂ ਆਤਮਾ, ਪਰਮਾਤਮਾ ਨੂੰ ਮਿਲ ਕੇ ਆਪਣਾ ਪਰਵਾਰ ਵਡਾ ਹੋਇਆ ਮਹਿਸੂਸ ਕਰਦੀ ਹੈ। 

ਅਸਲ ਵਿਚ ਇਹ ਗੁਰੂ ਦਾ ਪਰਵਾਰ ਹੁੰਦਾ ਹੈ ਤੇ ਇਸ ਵਿਚ ਹਰੇਕ ਜੁਗ, ਅਰਥਾਤ ਜੁਗਾਂ-ਜੁਗਾਂਤਰਾਂ ਤਕ ਨਿਰੰਤਰ ਵਾਧਾ ਜਾਰੀ ਰਹਿੰਦਾ ਹੈ।

ਜੁਗਾਂ-ਜੁਗਾਂਤਰਾਂ ਤਕ ਜਾਰੀ ਰਹਿਣ ਵਾਲੇ ਗੁਰੂ ਦੇ ਇਸ ਪਰਵਾਰ ਵਿਚ ਉਹੀ ਸ਼ਾਮਲ ਹੁੰਦੇ ਹਨ, ਜਿਹੜੇ ਗੁਰ-ਉਪਦੇਸ਼ ਅਨੁਸਾਰ ਪ੍ਰਭੂ ਦਾ ਸਿਮਰਨ ਕਰਦਿਆਂ ਜੀਵਨ ਬਸਰ ਕਰਦੇ ਹਨ।

ਕੋਈ ਸੋਚ ਸਕਦਾ ਹੈ ਕਿ ਨਿੱਤ ਵਡੇ ਹੋ ਰਹੇ ਪਰਵਾਰ ਦਾ ਖਰਚਪਾਣੀ ਕਿਵੇਂ ਚੱਲਦਾ ਹੈ? ਇਸ ਕਾਲਪਨਕ ਸਵਾਲ ਦੇ ਜਵਾਬ ਵਿਚ ਪਾਤਸ਼ਾਹ ਦੱਸਦੇ ਹਨ ਕਿ ਹਰੀ-ਪ੍ਰਭੂ ਅਮਰ ਹੈ, ਜੋ ਹਮੇਸ਼ਾ ਹਾਜ਼ਰ ਰਹਿੰਦਾ ਹੈ ਤੇ ਨਿੱਤ ਵਧ-ਚੜ੍ਹ ਕੇ ਦਾਤਾਂ ਵੰਡਦਾ ਹੈ। ਇਸ ਕਰਕੇ ਗੁਰੂ ਦੇ ਨਿੱਤ ਵਡੇ ਹੋ ਰਹੇ ਪਰਵਾਰ ਨੂੰ ਕਦੇ ਕੋਈ ਕਮੀ ਮਹਿਸੂਸ ਨਹੀਂ ਹੁੰਦੀ।

ਫਿਰ ਪਾਤਸ਼ਾਹ ਨੇ ਗੁਰੂ ਦੇ ਅਰਥ ਵਿਚ ਸੰਤ ਅਤੇ ਹਰੀ ਦੀ ਸਮਰੂਪਤਾ ਦਰਸਾਈ ਹੈ, ਜਿਸ ਕਰਕੇ ਜਗਿਆਸੂ ਸਾਧਕ ਦੀ ਆਤਮਾ ਹਰੀ-ਪ੍ਰਭੂ ਦੇ ਨਾਮ-ਸਿਮਰਨ ਨਾਲ ਸੋਭਾ ਪਾਉਂਦੀ ਹੈ। 

ਅਖੀਰ ਵਿਚ ਪਾਤਸ਼ਾਹ ਨੇ ਫਿਰ ਇਸ ਸ਼ਬਦ ਦੀ ਪਹਿਲੀ ਤੁਕ ਦੁਹਰਾਈ ਹੈ ਕਿ ਜਿਵੇਂ ਪਤਨੀ ਆਪਣੇ ਪਤੀ ਨੂੰ ਮਿਲਣ ਉਪਰੰਤ ਸਾਕ-ਸਕੀਰੀਆਂ ਸਮੇਤ ਆਪਣੇ ਪਰਵਾਰ ਵਿਚ ਵਾਧਾ ਕਰਦੀ ਹੈ, ਇਸੇ ਤਰ੍ਹਾਂ ਆਤਮਾ-ਪਰਮਾਤਮਾ ਨੂੰ ਮਿਲ ਕੇ ਆਪਣਾ ਪਰਵਾਰ ਵਡਾ ਹੋਇਆ ਮਹਿਸੂਸ ਕਰਦੀ ਹੈ। 
Tags