ਅਨੰਦ ਸੰਸਕਾਰ ਸਮੇਂ ਇਸ ਸ਼ਬਦ ਦੇ ਦੂਜੇ ਪਦੇ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਲਾਵਾਂ ਦੀ ਸੰਪੂਰਨਤਾ ਤੋਂ ਬਾਅਦ ਅਨੰਦ ਸਾਹਿਬ ਦੀਆਂ ਛੇ (ਪਹਿਲੀਆਂ ਪੰਜ ਅਤੇ ਅਖੀਰਲੀ) ਪਉੜੀਆਂ ਦਾ ਗਾਇਨ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਇਸ ਸ਼ਬਦ ਦਾ ਦੂਜਾ ਪਦਾ ਪੜ੍ਹਿਆ ਜਾਂ ਗਾਇਆ ਜਾਂਦਾ ਹੈ। ਗੁਰੂ ਸਾਹਿਬ ਨੇ ਇਸ ਸ਼ਬਦ ਵਿਚ ਦੁਨਿਆਵੀ ਵਿਆਹ ਦਾ ਰੂਪਕ ਵਰਤ ਕੇ ਪਰਮਾਰਥਕ ਜੀਵਨ ਲਈ ਸੇਧ ਦਿੱਤੀ ਹੈ। ਸ਼ਬਦ ਦੇ ਪਹਿਲੇ ਪਦੇ ਵਿਚ ਪ੍ਰਸ਼ਨ ਹੈ ਕਿ ਜੀਵ ਕਿਸ ਜੁਗਤੀ ਨਾਲ ਪ੍ਰਭੂ ਦਾ ਅਨੁਭਵ ਕਰ ਸਕਦਾ ਹੈ? ਫਿਰ ਉੱਤਰ ਦਿੱਤਾ ਹੈ ਕਿ ਜੇਕਰ ਇਸ ਲੋਕ ਵਿਚ ਰਹਿੰਦਿਆਂ ਹੋਇਆਂ ਗੁਰ-ਸ਼ਬਦ ਦੁਆਰਾ ਉਹ ਕੁਝ ਪ੍ਰਾਪਤ ਕਰ ਲਿਆ ਜਾਵੇ ਜੋ ਪ੍ਰਭੂ ਦੀ ਦਰਗਾਹ ਵਿਚ ਕੰਮ ਆਉਂਦਾ ਹੈ ਤਾਂ ਪ੍ਰਭੂ ਦਾ ਅਨੁਭਵ ਹੋ ਸਕਦਾ ਹੈ। ਦੂਜੇ ਪਦੇ ਵਿਚ ਪ੍ਰਭੂ ਨੂੰ ਅਨੁਭਵ ਕਰ ਲੈਣ ਦੀ ਖੁਸ਼ੀ ਨੂੰ ਬਿਆਨ ਕੀਤਾ ਹੈ। ਤੀਜੇ ਪਦੇ ਵਿਚ ਪ੍ਰਭੂ ਦੇ ਸੇਵਕਾਂ ਨੂੰ ਮਿਲ ਕੇ ਪ੍ਰਭੂ ਨਾਲ ਮਿਲਾਪ ਅਤੇ ਉਸ ਮਿਲਾਪ ਸਦਕਾ ਪ੍ਰਾਪਤ ਹੋਣ ਵਾਲੇ ਆਤਮਕ-ਅਨੰਦ ਦਾ ਜਿਕਰ ਹੈ। ਚੌਥੇ ਪਦੇ ਵਿਚ ਪ੍ਰਭੂ ਅਤੇ ਉਸ ਦਾ
ਨਾਮ ਦਾਜ ਵਜੋਂ ਮੰਗਿਆ ਹੈ, ਜਿਸ ਸਦਕਾ ਪ੍ਰਭੂ-ਪ੍ਰਾਪਤੀ ਦਾ ਕਾਰਜ ਸੋਭਾ ਸਹਿਤ ਨੇਪਰੇ ਚੜ੍ਹ ਜਾਵੇ। ਅਖੀਰਲੇ ਪਦੇ ਵਿਚ ਦੱਸਿਆ ਹੈ ਕਿ ਵਿਆਪਕ ਪ੍ਰਭੂ ਦੇ ਮਿਲਾਪ ਸਦਕਾ ਜਗਿਆਸੂ ਦੀ ਪੀੜ੍ਹੀ ਅੱਗੇ ਵਧਦੀ ਰਹਿੰਦੀ ਹੈ।
ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ ॥
ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ ॥
ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ ॥
ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ ਰਲੈ ਰਲਾਇਆ ॥
ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ ॥
ਹਰਿ ਪ੍ਰਭ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ ॥੪॥
-ਗੁਰੂ ਗ੍ਰੰਥ ਸਾਹਿਬ ੭੮-੭੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਸਾਡੇ ਸਮਾਜ ਵਿਚ ਲੜਕੀਆਂ ਆਪਣੇ ਪੇਕੇ ਘਰ ਦੀ ਜਾਇਦਾਦ ਦੀਆਂ ਹੱਕਦਾਰ ਨਹੀਂ ਸਮਝੀਆਂ ਜਾਂਦੀਆਂ। ਇਸ ਦੇ ਇਵਜ਼ ਵਿਚ ਵਿਆਹ ਹੋਣ ਉਪਰੰਤ ਡੋਲੀ ਤੋਰਨ ਸਮੇਂ ਲੜਕੀ ਨੂੰ ਸਹੁਰੇ ਘਰ ਲਿਜਾਣ ਲਈ ਦਾਜ ਦਿੱਤਾ ਜਾਂਦਾ ਹੈ। ਕਈ ਵਾਰੀ ਲੜਕੀਆਂ ਆਪਣੇ ਬਾਪ ਤੋਂ ਲਾਡ ਪਿਆਰ ਵਿਚ ਆਪਣੇ ਮਨਪਸੰਦ ਦਹੇਜ ਦੀ ਮੰਗ ਕਰਦੀਆਂ ਹਨ। ਦਾਜ-ਦਹੇਜ ਦੇ ਇਸ ਸਮਾਜਕ ਮੁਹਾਵਰੇ ਵਿਚ ਜਗਿਆਸੂ ਦੀ ਆਤਮਾ ਗੁਰੂ ਦੀ ਸਿੱਖਿਆ ਦੇ ਰੂਪ ਵਿਚ ਅਜਿਹੇ ਦਹੇਜ ਦੀ ਮੰਗ ਕਰਦੀ ਹੈ, ਜਿਹੜਾ ਹਰੀ-ਪ੍ਰਭੂ ਦੇ ਮੇਲ-ਮਿਲਾਪ ਵਿਚ ਸਹਾਈ ਹੋਵੇ।
ਜਿਵੇਂ ਵਿਆਹੀ ਜਾਣ ਵਾਲੀ ਲੜਕੀ ਦਹੇਜ ਵਜੋਂ ਆਪਣੇ ਪੇਕਿਆਂ ਤੋਂ ਅਜਿਹੇ ਵਸਤਰਾਂ ਦੀ ਮੰਗ ਕਰਦੀ ਹੈ, ਜਿਹੜੇ ਪਹਿਨਣ ਨਾਲ ਉਸ ਦੇ ਪਤੀ ਦੇ ਮਨ ਵਿਚ ਉਸ ਲਈ ਪਿਆਰ ਆ ਜਾਵੇ, ਐਨ੍ਹ ਉਸੇ ਤਰ੍ਹਾਂ ਜਗਿਆਸੂ ਦਾ ਮਨ ਗੁਰੂ ਤੋਂ ਮੰਗ ਕਰਦਾ ਹੈ ਕਿ ਦਹੇਜ ਵਜੋਂ ਉਸ ਨੂੰ ਹਰੀ-ਪ੍ਰਭੂ ਦੀ ਸਿਫਤਿ-ਸ਼ਲਾਘਾ ਦੇ ਰੂਪ ਵਿਚ ਅਜਿਹੇ ਵਸਤਰ ਦਿੱਤੇ ਜਾਣ ਜਿਸ ਦੇ ਨਾਲ ਉਹ ਪ੍ਰਭੂ ਨੂੰ ਭਾਅ ਜਾਵੇ ਤੇ ਉਸ ਨਾਲ ਮਿਲਾਪ ਦਾ ਕਾਰਜ ਸੁਖੈਨ ਰੂਪ ਵਿਚ ਸੰਪੰਨ ਹੋ ਸਕੇ।
ਪਾਤਸ਼ਾਹ ਦੱਸਦੇ ਹਨ ਕਿ ਸੱਚ ਦੇ ਮੁਜੱਸਮੇ ਪ੍ਰਭੂ ਨੇ ਗੁਰ-ਸ਼ਬਦ ਰਾਹੀਂ ਜਗਿਆਸੂ ਨੂੰ ਸੱਚ-ਸਰੂਪ ਗਿਆਨ ਦਾ ਅਜਿਹਾ ਦਾਜ ਦਿੱਤਾ ਹੈ, ਜਿਸ ਦੇ ਨਾਲ ਉਸ ਦਾ ਪ੍ਰਭੂ-ਪ੍ਰਾਪਤੀ ਦਾ ਕਾਰਜ ਸੋਹਣਾ ਨੇਪਰੇ ਚੜ੍ਹ ਗਿਆ ਹੈ।
ਅਧਿਆਤਮ ਦੇ ਜਗਿਆਸੂ ਨੂੰ ਹਰੀ-ਪ੍ਰਭੂ ਦੇ ਰੂਪ ਵਿਚ ਪ੍ਰਾਪਤ ਹੋਏ ਵਰ ਦੀ ਸ੍ਰਿਸ਼ਟੀ ਦੇ ਕੋਨੇ ਕੋਨੇ ਵਿਚ ਸਿਫਤ ਹੋਣ ’ਤੇ ਪਾਤਸ਼ਾਹ ਬਚਨ ਕਰਦੇ ਹਨ ਕਿ ਜਿਹੋ-ਜਿਹਾ ਦਾਜ ਇਸ ਜਗਿਆਸੂ ਸਾਧਕ ਦੀ ਆਤਮਾ ਨੂੰ ਪ੍ਰਾਪਤ ਹੋਇਆ ਹੈ, ਅਜਿਹਾ ਦਾਜ ਹੈ ਜੋ ਕਿਸੇ ਹੋਰ ਦਾਜ ਨਾਲ ਨਹੀਂ ਮੇਲਿਆ ਜਾ ਸਕਦਾ।
ਇਸ ਲਈ ਪਾਤਸ਼ਾਹ ਬਚਨ ਕਰਦੇ ਹਨ ਕਿ ਜਿਹੜਾ ਦਾਜ ਲੋਕ ਆਪਣੀਆਂ ਬੇਟੀਆਂ ਨੂੰ ਸਹੁਰੇ ਤੋਰਨ ਲੱਗੇ ਦਿੰਦੇ ਅਤੇ ਦਿਖਾਉਂਦੇ ਹਨ, ਉਹ ਦਾਜ ਅਸਲ ਵਿਚ ਕਿਸੇ ਕੰਮ ਨਹੀਂ ਆਉਂਦਾ। ਉਹ ਨਿਰਾ ਝੂਠਾ ਦਾਜ ਹੈ ਤੇ ਐਵੇਂ ਹੰਕਾਰ ਦਾ ਬਹਾਨਾ ਬਣਦਾ ਹੈ।
ਅਖੀਰ ਵਿਚ ਜਗਿਆਸੂ ਸਾਧਕ ਦੀ ਆਤਮਾ ਫਿਰ ਸਮਾਜਕ ਮੁਹਾਵਰੇ ਵਿਚ ਗੁਰੂ ਦੀ ਸਿੱਖਿਆ ਦੇ ਰੂਪ ਵਿਚ ਅਜਿਹੇ ਦਹੇਜ ਦੀ ਮੰਗ ਕਰਦੀ ਹੈ, ਜਿਹੜਾ ਹਰੀ-ਪ੍ਰਭੂ ਦੇ ਮੇਲ-ਮਿਲਾਪ ਵਿਚ ਸਹਾਈ ਹੋਵੇ।