Guru Granth Sahib Logo
  
ਅਨੰਦ ਸੰਸਕਾਰ ਸਮੇਂ ਇਸ ਸ਼ਬਦ ਦੇ ਦੂਜੇ ਪਦੇ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਲਾਵਾਂ ਦੀ ਸੰਪੂਰਨਤਾ ਤੋਂ ਬਾਅਦ ਅਨੰਦ ਸਾਹਿਬ ਦੀਆਂ ਛੇ (ਪਹਿਲੀਆਂ ਪੰਜ ਅਤੇ ਅਖੀਰਲੀ) ਪਉੜੀਆਂ ਦਾ ਗਾਇਨ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਇਸ ਸ਼ਬਦ ਦਾ ਦੂਜਾ ਪਦਾ ਪੜ੍ਹਿਆ ਜਾਂ ਗਾਇਆ ਜਾਂਦਾ ਹੈ। ਗੁਰੂ ਸਾਹਿਬ ਨੇ ਇਸ ਸ਼ਬਦ ਵਿਚ ਦੁਨਿਆਵੀ ਵਿਆਹ ਦਾ ਰੂਪਕ ਵਰਤ ਕੇ ਪਰਮਾਰਥਕ ਜੀਵਨ ਲਈ ਸੇਧ ਦਿੱਤੀ ਹੈ। ਸ਼ਬਦ ਦੇ ਪਹਿਲੇ ਪਦੇ ਵਿਚ ਪ੍ਰਸ਼ਨ ਹੈ ਕਿ ਜੀਵ ਕਿਸ ਜੁਗਤੀ ਨਾਲ ਪ੍ਰਭੂ ਦਾ ਅਨੁਭਵ ਕਰ ਸਕਦਾ ਹੈ? ਫਿਰ ਉੱਤਰ ਦਿੱਤਾ ਹੈ ਕਿ ਜੇਕਰ ਇਸ ਲੋਕ ਵਿਚ ਰਹਿੰਦਿਆਂ ਹੋਇਆਂ ਗੁਰ-ਸ਼ਬਦ ਦੁਆਰਾ ਉਹ ਕੁਝ ਪ੍ਰਾਪਤ ਕਰ ਲਿਆ ਜਾਵੇ ਜੋ ਪ੍ਰਭੂ ਦੀ ਦਰਗਾਹ ਵਿਚ ਕੰਮ ਆਉਂਦਾ ਹੈ ਤਾਂ ਪ੍ਰਭੂ ਦਾ ਅਨੁਭਵ ਹੋ ਸਕਦਾ ਹੈ। ਦੂਜੇ ਪਦੇ ਵਿਚ ਪ੍ਰਭੂ ਨੂੰ ਅਨੁਭਵ ਕਰ ਲੈਣ ਦੀ ਖੁਸ਼ੀ ਨੂੰ ਬਿਆਨ ਕੀਤਾ ਹੈ। ਤੀਜੇ ਪਦੇ ਵਿਚ ਪ੍ਰਭੂ ਦੇ ਸੇਵਕਾਂ ਨੂੰ ਮਿਲ ਕੇ ਪ੍ਰਭੂ ਨਾਲ ਮਿਲਾਪ ਅਤੇ ਉਸ ਮਿਲਾਪ ਸਦਕਾ ਪ੍ਰਾਪਤ ਹੋਣ ਵਾਲੇ ਆਤਮਕ-ਅਨੰਦ ਦਾ ਜਿਕਰ ਹੈ। ਚੌਥੇ ਪਦੇ ਵਿਚ ਪ੍ਰਭੂ ਅਤੇ ਉਸ ਦਾ ਨਾਮ ਦਾਜ ਵਜੋਂ ਮੰਗਿਆ ਹੈ, ਜਿਸ ਸਦਕਾ ਪ੍ਰਭੂ-ਪ੍ਰਾਪਤੀ ਦਾ ਕਾਰਜ ਸੋਭਾ ਸਹਿਤ ਨੇਪਰੇ ਚੜ੍ਹ ਜਾਵੇ। ਅਖੀਰਲੇ ਪਦੇ ਵਿਚ ਦੱਸਿਆ ਹੈ ਕਿ ਵਿਆਪਕ ਪ੍ਰਭੂ ਦੇ ਮਿਲਾਪ ਸਦਕਾ ਜਗਿਆਸੂ ਦੀ ਪੀੜ੍ਹੀ ਅੱਗੇ ਵਧਦੀ ਰਹਿੰਦੀ ਹੈ।
ਸਿਰੀਰਾਗੁ  ਮਹਲਾ ੪  ਘਰੁ ੨  ਛੰਤ
ਸਤਿਗੁਰ ਪ੍ਰਸਾਦਿ

ਮੁੰਧ ਇਆਣੀ ਪੇਈਅੜੈ   ਕਿਉ ਕਰਿ ਹਰਿ ਦਰਸਨੁ ਪਿਖੈ
ਹਰਿ ਹਰਿ ਅਪਨੀ ਕਿਰਪਾ ਕਰੇ   ਗੁਰਮੁਖਿ ਸਾਹੁਰੜੈ ਕੰਮ ਸਿਖੈ
ਸਾਹੁਰੜੈ ਕੰਮ ਸਿਖੈ ਗੁਰਮੁਖਿ   ਹਰਿ ਹਰਿ ਸਦਾ ਧਿਆਏ
ਸਹੀਆ ਵਿਚਿ ਫਿਰੈ ਸੁਹੇਲੀ   ਹਰਿ ਦਰਗਹ ਬਾਹ ਲੁਡਾਏ
ਲੇਖਾ ਧਰਮਰਾਇ ਕੀ ਬਾਕੀ   ਜਪਿ ਹਰਿ ਹਰਿ ਨਾਮੁ ਕਿਰਖੈ
ਮੁੰਧ ਇਆਣੀ ਪੇਈਅੜੈ   ਗੁਰਮੁਖਿ ਹਰਿ ਦਰਸਨੁ ਦਿਖੈ ॥੧॥
-ਗੁਰੂ ਗ੍ਰੰਥ ਸਾਹਿਬ ੭੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਜਿਸ ਤਰ੍ਹਾਂ ਸਾਡੇ ਸਮਾਜ ਵਿਚ ਪੇਕੇ ਅਤੇ ਸਹੁਰੇ ਦੋ ਵਖਰੇ-ਵਖਰੇ ਘਰ ਅਤੇ ਸਥਾਨ ਹੁੰਦੇ ਹਨ, ਉਸ ਤਰ੍ਹਾਂ ਦੁਨੀਆ ਅਤੇ ਪ੍ਰਭੂ ਦੋ ਵਖਰੇ-ਵਖਰੇ ਘਰ ਜਾਂ ਸਥਾਨ ਨਹੀਂ ਹਨ। ਪ੍ਰਭੂ-ਮਿਲਾਪ ਤੋਂ ਪਹਿਲਾਂ ਵਾਲੇ ਅਤੇ ਪ੍ਰਭੂ-ਮਿਲਾਪ ਤੋਂ ਬਾਅਦ ਵਾਲੇ ਜੀਵਨ ਨੂੰ ਦੋ ਪੜਾਵਾਂ ਵਿਚ ਵੰਡਿਆ ਜਾ ਸਕਦਾ ਹੈ, ਪਰ ਇਹ ਦੋ ਵਖੋ-ਵਖਰੇ ਸਥਾਨ ਨਹੀਂ ਹਨ। 

ਇਸਤਰੀ ਲਈ ਪੇਕੇ ਅਤੇ ਸਹੁਰੇ ਦੋ ਅਲਹਿਦਾ ਸਥਾਨ ਅਤੇ ਸਥਿਤੀਆਂ ਹਨ, ਜਦਕਿ ਅਧਿਆਤਮਕ ਜਗਿਆਸੂ ਲਈ ਇਹ ਜੀਵਨ ਤੇ ਪ੍ਰਭੂ-ਮਿਲਾਪ ਵਾਲਾ ਜੀਵਨ ਦੋ ਸਥਿਤੀਆਂ ਹਨ, ਅਲਹਿਦਾ ਸਥਾਨ ਨਹੀਂ ਹਨ। ਇਸ ਲਈ ਪਾਤਸ਼ਾਹ ਅਧਿਆਤਮ ਲਈ ਪੇਕੇ-ਸਹੁਰੇ ਦੀ ਤਸ਼ਬੀਹ ਦੇਣ ਲੱਗੇ, ਉਕਤ ਵਿਚਾਰ ਨੂੰ ਧਿਆਨ ਵਿਚ ਰਖਦੇ ਹੋਏ, ਤੁਕ ਦੇ ਇਕ ਹਿੱਸੇ ਵਿਚ ਪੇਕੇ-ਸਹੁਰੇ ਦੇ ਪ੍ਰਤੀਕ ਵਿਚ ਗੱਲ ਕਰਕੇ ਹਨ ਅਤੇ ਦੂਜੇ ਹਿੱਸੇ ਵਿਚ ਪੇਕੇ-ਸਹੁਰੇ ਦੇ ਪ੍ਰਤੀਕ ਤੋਂ ਅਧਿਆਤਮ ਵਿਚ ਆ ਜਾਂਦੇ ਹਨ। ਬਾਣੀ ਦੀ ਇਹ ਜੁਗਤ ਬੜੀ ਹੀ ਸੂਖਮ ਅਤੇ ਦੂਰ ਅੰਦੇਸ਼ ਹੈ।

ਇਸ ਸ਼ਬਦ ਵਿਚ ਪਾਤਸ਼ਾਹ ਸਵਾਲ ਕਰਦੇ ਹਨ ਕਿ ਬਾਲਬੁੱਧ ਕੰਨਿਆ ਆਪਣੇ ਪੇਕੇ ਘਰ ਰਹਿੰਦੀ ਹੋਈ ਕਿਸ ਤਰ੍ਹਾਂ ਪ੍ਰਭੂ ਦਾ ਅਨੁਭਵ ਕਰ ਸਕਦੀ ਹੈ।

ਇਸ ਸਵਾਲ ਨੂੰ ਬਰੀਕੀ ਨਾਲ ਦੇਖਿਆਂ ਪਤਾ ਲੱਗਦਾ ਹੈ ਕਿ ਇਸ ਤੁਕ ਦੇ ਪਹਿਲੇ ਅੱਧ ਵਿਚ ਪੇਕੇ ਘਰ ਰਹਿਣ ਵਾਲੀ ਬਾਲਬੁੱਧ ਕੰਨਿਆ ਦਾ ਜਿਕਰ ਹੈ ਤੇ ਦੂਜੇ ਹਿੱਸੇ ਵਿਚ ਹਰੀ-ਪ੍ਰਭੂ ਦੇ ਦਰਸ਼ਨ ਦਾ ਜਿਕਰ ਹੈ। ਇਸ ਦਾ ਮਤਲਬ ਹੈ ਕਿ ਇਥੇ ਪਾਤਸ਼ਾਹ ਬਾਲਬੁਧ ਕੰਨਿਆ ਅਤੇ ਪੇਕੇ-ਸਹੁਰੇ ਦੇ ਪ੍ਰਤੀਕ ਵਿਚ ਜਗਿਆਸੂ ਦੇ ਪ੍ਰਭੂ-ਮਿਲਾਪ ਦਾ ਵਿਸ਼ਾ ਛੋਹ ਰਹੇ ਹਨ। ਬਾਲਬੁਧ ਕੰਨਿਆ ਆਪਣੇ ਪੇਕੇ ਰਹਿੰਦੀ ਹੋਈ ਆਪਣੇ ਹੋਣ ਵਾਲੇ ਪਤੀ ਦਾ ਮੁਖ ਨਹੀਂ ਦੇਖ ਸਕਦੀ, ਪਰ ਅਧਿਆਤਮਕ ਜਗਿਆਸਾ ਵਾਲੇ ਮਨੁਖ ਦੀ ਪ੍ਰਭੂ-ਮਿਲਾਪ ਦੀ ਇੱਛਾ ਇਸੇ ਜਹਾਨ ਵਿਚ ਪੂਰੀ ਹੋ ਸਕਦੀ ਹੈ।

ਪਾਤਸ਼ਾਹ ਦੱਸਦੇ ਹਨ ਕਿ ਇਹ ਇੱਛਾ ਉਸੇ ਜਗਿਆਸੂ ਦੀ ਪੂਰੀ ਹੋ ਸਕਦੀ ਹੈ, ਜਿਸ ਉੱਤੇ ਹਰੀ-ਪ੍ਰਭੂ ਮਿਹਰ ਕਰਕੇ ਗੁਰ-ਸ਼ਬਦ ਦੇ ਸਨਮੁਖ ਕਰ ਦੇਵੇ ਤੇ ਉਹ ਸਹੁਰੇ, ਅਰਥਾਤ ਪ੍ਰਭੂ ਦੇ ਦਰ-ਘਰ ਦਾ ਰਹਿਣ-ਸਹਿਣ ਤੇ ਕੰਮ-ਕਾਜ ਸਿਖ ਲਵੇ।

ਗੁਰ-ਸ਼ਬਦ ਦੇ ਲੜ ਲੱਗਿਆ ਜਗਿਆਸੂ ਪੇਕੇ ਘਰ ਰਹਿਣ ਸਮੇਂ ਹੀ, ਸਹੁਰੇ ਘਰ ਦੇ ਚੱਜਚਾਰ ਸਿਖੀ ਹੋਈ ਕੰਨਿਆ ਦੀ ਤਰ੍ਹਾਂ, ਨਿਸ਼ਚਿੰਤ ਹੋ ਕੇ ਵਿਚਰਦਾ ਹੈ ਤੇ ਹਰੀ-ਪ੍ਰਭੂ ਦੇ ਦਰ-ਘਰ ਜਾਂ ਮਿਲਾਪ ਵਿਚ ਬਾਂਹਾਂ ਉਲਾਰ-ਉਲਾਰ ਕੇ ਲੁੱਡੀਆਂ ਪਾਉਂਦਾ ਹੈ।

ਧਰਮਰਾਜ ਦੇ ਅੱਗੇ ਜੀਵਨ ਦਾ ਕੋਈ ਲੇਖਾ ਜੋਖਾ ਰਹਿੰਦਾ ਵੀ ਹੋਵੇ ਤਾਂ ਅਜਿਹਾ ਜਗਿਆਸੂ ਹਰੀ-ਪ੍ਰਭੂ ਦੇ ਨਾਮ-ਸਿਮਰਨ ਦੀ ਬਰਕਤ ਨਾਲ ਉਸ ਉੱਤੇ ਕਾਂਟਾ ਮਰਵਾ ਲੈਂਦਾ ਹੈ।

ਇਸ ਸ਼ਬਦ ਦੇ ਅਖੀਰ ਵਿਚ ਪਾਤਸ਼ਾਹ ਨੇ ਮੁਢਲੀ ਤੁਕ ਵਾਲੇ ਸਵਾਲ ਦਾ ਜਵਾਬ ਦਿੰਦੇ ਹੋਏ ਫਰਮਾਇਆ ਹੈ ਕਿ ਇਸ ਤਰ੍ਹਾਂ ਅਣਜਾਣ ਕੰਨਿਆ ਪੇਕੇ ਘਰ ਵਿਚ ਰਹਿੰਦੀ ਹੋਈ ਹੀ ਹਰੀ-ਪ੍ਰਭੂ ਦੇ ਦਰਸ਼ਨ ਪਾ ਲੈਂਦੀ ਹੈ।
Tags