Guru Granth Sahib Logo
  
ਹਰ ਇਕ ਮਨੁਖ ਆਪਣੇ ਮਨ-ਇੱਛਤ ਕਾਰਜ ਦੀ ਮੁਕੰਮਲ ਸਫਲਤਾ ਚਾਹੁੰਦਾ ਹੈ। ਇਸ ਪਉੜੀ ਵਿਚ ਗੁਰੂ ਸਾਹਿਬ ਕਾਰਜ ਦੀ ਸਫਲਤਾ ਲਈ ਪ੍ਰਭੂ ਅੱਗੇ ਅਰਦਾਸ-ਬੇਨਤੀ ਕਰਨ ਦਾ ਉਪਦੇਸ਼ ਦਿੰਦੇ ਹਨ।
ਪਉੜੀ
ਕੀਤਾ ਲੋੜੀਐ ਕੰਮੁ   ਸੁ ਹਰਿ ਪਹਿ ਆਖੀਐ
ਕਾਰਜੁ ਦੇਇ ਸਵਾਰਿ   ਸਤਿਗੁਰ ਸਚੁ ਸਾਖੀਐ
ਸੰਤਾ ਸੰਗਿ ਨਿਧਾਨੁ   ਅੰਮ੍ਰਿਤੁ ਚਾਖੀਐ
ਭੈ ਭੰਜਨ ਮਿਹਰਵਾਨ   ਦਾਸ ਕੀ ਰਾਖੀਐ
ਨਾਨਕ  ਹਰਿ ਗੁਣ ਗਾਇ   ਅਲਖੁ ਪ੍ਰਭੁ ਲਾਖੀਐ ॥੨੦॥
-ਗੁਰੂ ਗ੍ਰੰਥ ਸਾਹਿਬ ੯੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਗੁਰਮਤਿ ਸੱਭਿਆਚਾਰ ਵਿਚ ਇਹ ਸ਼ਬਦ ਅਕਸਰ ਉਸ ਵੇਲੇ ਪੜ੍ਹਿਆ ਜਾਂ ਗਾਇਆ ਜਾਂਦਾ ਹੈ, ਜਿਸ ਵੇਲੇ ਅਨੰਦ ਕਾਰਜ ਦੀ ਰਸਮ ਆਰੰਭ ਹੁੰਦੀ ਹੈ। ਉਸ ਵੇਲੇ ਮੇਲ਼ ਵਾਲੇ ਪਾਸੇ ਵੈਰਾਗ ਛਾਇਆ ਹੁੰਦਾ ਹੈ ਤੇ ਬਰਾਤ ਵਾਲੇ ਪਾਸੇ ਉਤਸ਼ਾਹੀ ਕਿਸਮ ਦੀ ਖੁਸ਼ੀ ਹੁੰਦੀ ਹੈ। ਅਨੰਦ ਕਾਰਜ ਵੇਲੇ ਮੇਲ਼ ਦੀਆਂ ਅੱਖਾਂ ਵਿਚ ਅਕਸਰ ਅੱਥਰੂ ਆ ਜਾਂਦੇ ਹਨ, ਕਿਉਂਕਿ ਉਨ੍ਹਾਂ ਦੇ ਘਰ ਦੀ ਕੁਝ ਰੌਣਕ ਰੁਖਸਤ ਹੋ ਜਾਣੀ ਹੁੰਦੀ ਹੈ ਤੇ ਬਰਾਤ ਦੀਆਂ ਅੱਖਾਂ ਵਿਚ ਵਿਸ਼ੇਸ਼ ਕਿਸਮ ਦੀ ਚਮਕ ਹੁੰਦੀ ਹੈ, ਕਿਉਂਕਿ ਉਨ੍ਹਾਂ ਦੇ ਘਰ ਰੌਣਕ ਵਿਚ ਵਾਧਾ ਹੋ ਜਾਣਾ ਹੁੰਦਾ ਹੈ। ਇਸ ਲਈ ਰਾਗ ਅਤੇ ਵੈਰਾਗ ਦੇ ਰਲੇ-ਮਿਲੇ ਅਹਿਸਾਸ ਸਮੇਂ ਪ੍ਰਭੂ ਦਾ ਓਟ ਆਸਰਾ ਲੈਣਾ ਲਾਜ਼ਮੀ ਹੋ ਜਾਂਦਾ ਹੈ।

ਪਾਤਸ਼ਾਹ ਕਹਿੰਦੇ ਹਨ ਕਿ ਜਦ ਵੀ ਅਸੀਂ ਕੋਈ ਕਾਰਜ ਕਰਨਾ ਚਾਹੁੰਦੇ ਹਾਂ ਤਾਂ ਹਰੀ-ਪ੍ਰਭੂ ਦਾ ਅਸ਼ੀਰਵਾਦ ਲੈਣ ਲਈ ਪ੍ਰਭੂ-ਪਿਆਰੇ ਅੱਗੇ ਫਰਿਆਦ ਕਰਨੀ ਚਾਹੀਦੀ ਹੈ।

ਸੱਚ-ਸਰੂਪ ਗੁਰੂ ਦੀ ਸੱਚੀ ਅਤੇ ਭਰੋਸੇਜੋਗ ਗਵਾਹੀ ਹੈ ਕਿ ਪ੍ਰਭੂ ਅੱਗੇ ਅਰਦਾਸ ਕਰੀਏ ਤਾਂ ਉਹ ਸੁਖ ਸਬੀਲੀ ਨਾਲ ਕਾਰਜ ਨੇਪਰੇ ਚਾੜ੍ਹ ਦਿੰਦਾ ਹੈ।

ਸੰਤ ਉਹ ਹੁੰਦਾ ਹੈ, ਜਿਸ ਨੇ ਆਪਣਾ ਮਨ-ਚਿੱਤ ਅਤੇ ਅਮਲ, ਸੱਚ ਨੂੰ ਸਮਰਪਤ ਕੀਤਾ ਹੋਵੇ। ਅਜਿਹੇ ਸੰਤਾਂ ਦੀ ਸੰਗਤ ਕੀਤਿਆਂ ਹਿਰਦੇ ਵਿਚ ਸੱਚ ਦਾ ਪ੍ਰਕਾਸ਼ ਹੁੰਦਾ ਹੈ ਤੇ ਜੀਵਨ ਸੱਚੇ ਅਮਲ ਵਿਚ ਢਲਦਾ ਹੈ। ਪਾਤਸ਼ਾਹ ਦੱਸਦੇ ਹਨ ਕਿ ਸੰਤਾਂ ਕੋਲੋਂ ਉਸ ਖਜਾਨੇ ਦੀ ਅਨਮੋਲ ਦਾਤ ਪ੍ਰਾਪਤ ਹੁੰਦੀ ਹੈ, ਜਿਸ ਦਾ ਅੰਮ੍ਰਿਤਮਈ ਰਸ ਸਾਨੂੰ ਹਮੇਸ਼ਾ ਮਾਣਦੇ ਰਹਿਣਾ ਚਾਹੀਦਾ ਹੈ।

ਸਾਡੇ ਹਰ ਤਰ੍ਹਾਂ ਦੇ ਡਰ ਅਗਿਆਨ ਵਿਚੋਂ ਪਣਪਦੇ ਹਨ। ਪ੍ਰਭੂ ਸੱਚ ਦਾ ਮੁਜੱਸਮਾ ਹੈ, ਜਿਸ ਕਰਕੇ ਉਸ ਦੀ ਸ਼ਰਣ ਵਿਚ ਸਾਰੇ ਡਰ ਦੂਰ ਹੋ ਜਾਂਦੇ ਹਨ। ਇਸ ਦੇ ਨਾਲ ਪ੍ਰਭੂ ਮਿਹਰਬਾਨ ਵੀ ਹੈ, ਜਿਸ ਕਰਕੇ ਸਾਨੂੰ ਉਸ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਉਹ ਆਪਣੇ ਸੇਵਕਾਂ ਦੀ ਲਾਜ ਰਖ ਲਵੇ। ਜਿਸ ਦਾ ਭਾਵ ਹੈ ਕਿ ਉਹ ਸੱਚ ਅਧਾਰਤ ਨਿਰਮਲ ਗਿਆਨ ਅਤੇ ਸੱਚੇ ਅਮਲ ਵਜੋਂ ਨਿਰਮਲ ਕਰਨੀ ਦੇ ਲੜ ਲਾਈ ਰਖੇ।

ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਬੇਸ਼ੱਕ ਹਰੀ-ਪ੍ਰਭੂ ਅਸਲੋਂ ਹੀ ਅਲੱਖ, ਅਰਥਾਤ ਨਿਰਗੁਣ ਅਤੇ ਨਿਰੰਕਾਰ ਹੈ, ਜਿਸ ਨੂੰ ਜਾਣਿਆ ਤੇ ਪਹਿਚਾਣਿਆ ਨਹੀਂ ਜਾ ਸਕਦਾ। ਪਰ ਉਸ ਦੀ ਸਿਫਤਿ-ਸ਼ਲਾਘਾ ਕਰਦਿਆਂ ਉਸ ਦੇ ਕੁਝ-ਕੁਝ ਲੱਛਣ ਜਾਣੇ ਜਾ ਸਕਦੇ ਹਨ, ਜਿਸ ਕਰਕੇ ਸਾਨੂੰ ਸਦਾ ਉਸ ਦਾ ਗੁਣ-ਗਾਨ ਕਰਦੇ ਰਹਿਣਾ ਚਾਹੀਦਾ ਹੈ। 
Tags