Guru Granth Sahib Logo
  
ਸਿਖ ਵਿਆਹਾਂ ਵਿਚ ਮਿਲਣੀ ਤੋਂ ਪਹਿਲਾਂ ਜੰਞ ਦੇ ਢੁਕਾਓ ਸਮੇਂ ਅਕਸਰ ਇਸ ਸ਼ਬਦ ਦੇ ਪਹਿਲੇ ਪਦੇ ਨੂੰ ਪੜ੍ਹਿਆ ਜਾਂਦਾ ਹੈ। ਸਮੁੱਚੇ ਸ਼ਬਦ ਵਿਚ ਸਤਸੰਗੀ-ਜਨਾਂ ਨਾਲ ਮਿਲਾਪ ਅਤੇ ਉਸ ਮਿਲਾਪ ਤੋਂ ਪੈਦਾ ਹੋਏ ਅਨੰਦ ਤੇ ਹੁਲਾਸ ਨੂੰ ਭਾਵਪੂਰਤ ਸ਼ਬਦਾਂ ਵਿਚ ਬਿਆਨ ਕੀਤਾ ਗਿਆ ਹੈ। ਗੁਰੂ ਸਾਹਿਬ ਆਖਦੇ ਹਨ ਕਿ ਪ੍ਰਭੂ ਦੀ ਕਿਰਪਾ ਨਾਲ ਸਤਸੰਗੀ-ਜਨਾਂ ਦੀ ਸੰਗਤ ਨਸੀਬ ਹੋਈ ਹੈ, ਜਿਸ ਸਦਕਾ ਹਿਰਦੇ ਵਿਚ ਪ੍ਰਭੂ-ਪਿਆਰ ਪੈਦਾ ਹੋ ਗਿਆ ਹੈ। ਹੁਣ ਮਨ ਪ੍ਰਭੂ ਦੀ ਸਿਫਤਿ-ਸਾਲਾਹ ਦੇ ਮੰਗਲਮਈ ਗੀਤ ਗਾ ਰਿਹਾ ਹੈ ਅਤੇ ਪ੍ਰਭੂ ਦੇ ਨਾਮ-ਰੂਪੀ ਅੰਮ੍ਰਿਤ ਨਾਲ ਭਿੱਜ ਗਿਆ ਹੈ, ਜਿਸ ਨਾਲ ਵਿਆਪਕ ਪ੍ਰਭੂ ਅਨੁਭਵ ਹੋ ਗਏ ਹਨ ਅਤੇ ਜਨਮ-ਮਰਨ ਮੁੱਕ ਗਿਆ ਹੈ।
ਰਾਗੁ ਸੂਹੀ   ਮਹਲਾ ੧   ਛੰਤੁ   ਘਰੁ
ਸਤਿਗੁਰ ਪ੍ਰਸਾਦਿ

ਹਮ ਘਰਿ ਸਾਜਨ ਆਏ ਸਾਚੈ ਮੇਲਿ ਮਿਲਾਏ
ਸਹਜਿ ਮਿਲਾਏ  ਹਰਿ ਮਨਿ ਭਾਏ   ਪੰਚ ਮਿਲੇ ਸੁਖੁ ਪਾਇਆ
ਸਾਈ ਵਸਤੁ ਪਰਾਪਤਿ ਹੋਈ   ਜਿਸੁ ਸੇਤੀ ਮਨੁ ਲਾਇਆ
ਅਨਦਿਨੁ ਮੇਲੁ ਭਇਆ  ਮਨੁ ਮਾਨਿਆ   ਘਰ ਮੰਦਰ ਸੋਹਾਏ
ਪੰਚ ਸਬਦ ਧੁਨਿ ਅਨਹਦ ਵਾਜੇ   ਹਮ ਘਰਿ ਸਾਜਨ ਆਏ ॥੧॥
-ਗੁਰੂ ਗ੍ਰੰਥ ਸਾਹਿਬ ੭੬੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਮਿਲਾਪ ਦੇ ਪਿਆਰ ਭਿੰਨੇ ਅਹਿਸਾਸ ਦਿਲ ਨੂੰ ਏਨੀ ਧੂਹ ਪਾਉਂਦੇ ਹਨ ਕਿ ਪੜ੍ਹਦਿਆਂ-ਸੁਣਦਿਆਂ ਮਨ ਮਨੋਵੇਗ ਵਿਚ ਆ ਜਾਂਦਾ ਹੈ। ਇਸੇ ਕਰਕੇ ਇਹ ਸ਼ਬਦ ਸਾਡੇ ਜੀਵਨ ਦੀ ਬੜੀ ਹੀ ਅਹਿਮ ਅਤੇ ਉਤਸ਼ਾਹੀ ਸਮਾਜਕ ਰਸਮ ਅਨੰਦ ਕਾਰਜ ਸਮੇਂ ਬੜੇ ਹੀ ਉਮੰਗਮਈ ਸੰਵੇਗ ਵਿਚ ਪੜ੍ਹੇ ਅਤੇ ਗਾਏ ਜਾਂਦੇ ਹਨ। ਇਨ੍ਹਾਂ ਸ਼ਬਦਾਂ ਦੇ ਪਾਠ ਅਤੇ ਗਾਇਨ ਸਮੇਂ ਮਨ ਵਿਆਹ ਸਮੇਂ ਹੋ ਰਹੇ ਪਰਵਾਰਕ ਅਤੇ ਸਮਾਜਕ ਮਿਲਾਪ ਦਾ ਅਨੰਦ ਮਾਣਦਾ ਹੋਇਆ ਪ੍ਰਭੂ-ਮਿਲਾਪ ਦੇ ਪਰਮ ਅਨੰਦ ਦੀਆਂ ਝਲਕਾਂ ਵੀ ਮਹਿਸੂਸ ਕਰਦਾ ਹੈ, ਜਿਵੇਂ ਦੀਨ ਦੁਨੀਆਂ ਇਕ ਸੁਰ ਹੋ ਕੇ ਮਿਲਾਪ ਦਾ ਇਹ ਰਾਗ ਅਲਾਪ ਰਹੇ ਹੋਣ।

ਇਸ ਸ਼ਬਦ ਦੀ ਪਹਿਲੀ ਤੁਕ ਵਿਚ ਪਾਤਸ਼ਾਹ ਸਿਰਫ ਏਨਾ ਹੀ ਦੱਸਦੇ ਹਨ ਕਿ ਸੱਜਣ ਪਿਆਰੇ ਘਰ ਆਏ ਹਨ। ਸੱਜਣ ਕਿਸੇ ਭਲੇ ਪੁਰਸ਼ ਨੂੰ ਕਹਿੰਦੇ ਹਨ, ਜਿਸ ਨੂੰ ਹਰ ਕੋਈ ਪਿਆਰ ਕਰਦਾ ਹੈ। ਜਦ ਵੀ ਕੋਈ ਸੱਜਣ ਆਪਣੇ ਪਿਆਰ ਕਰਨ ਵਾਲੇ ਦੇ ਘਰ ਜਾਂਦਾ ਹੈ ਤਾਂ ਉਸ ਦੇ ਆਗਮਨ ਦੀ ਖੁਸ਼ੀ ਵਿਚ ਸਾਰੇ ਸੇਵਾ-ਭਾਵ ਵਿਚ ਆ ਜਾਂਦੇ ਹਨ ਤੇ ਸਮਝਦੇ ਹਨ ਕਿ ਪਿਆਰੇ ਸੱਜਣ ਦਾ ਮੇਲ ਸੱਚੇ ਪ੍ਰਭੂ ਦੀ ਮਿਹਰ ਨਾਲ ਹੋਇਆ ਹੈ।

ਫਿਰ ਪਾਤਸ਼ਾਹ ਦੱਸਦੇ ਹਨ ਕਿ ਇਹ ਮਿਲਾਪ ਕਿਸੇ ਹੱਠ ਜਾਂ ਤਰੱਦਦ ਦਾ ਫਲ ਨਹੀਂ ਹੈ, ਬਲਕਿ ਇਹ ਪ੍ਰਭੂ ਦੇ ਭਾਣੇ ਦੀ ਖੇਡ ਹੈ। ਜਦ ਉਸ ਨੂੰ ਚੰਗਾ ਲੱਗਿਆ ਤਾਂ ਉਸ ਨੇ ਬੜੇ ਅਰਾਮ ਨਾਲ ਮਿਲਾਪ ਦੀ ਮਿਹਰ ਕਰ ਦਿੱਤੀ। ਸੱਚ ਨੂੰ ਪ੍ਰਣਾਏ ਹੋਏ ਸੂਝਵਾਨ ਸਤਸੰਗੀਆਂ ਦੇ ਮਿਲਾਪ ਨਾਲ ਬੜੇ ਹੀ ਸੁਖ ਦਾ ਅਨੁਭਵ ਹੋਇਆ ਹੈ।

ਪਾਤਸ਼ਾਹ ਦੱਸਦੇ ਹਨ ਕਿ ਇਹ ਮਿਲਾਪ ਅਜਿਹਾ ਹੈ, ਜਿਵੇਂ ਕੋਈ ਅਜਿਹੀ ਵਸਤ ਪ੍ਰਾਪਤ ਹੋ ਗਈ ਹੋਵੇ, ਜਿਸ ਦੀ ਮਨ ਨੂੰ ਬੜੀ ਹੀ ਵੇਗਮੱਤੀ ਲਗਨ ਲੱਗੀ ਹੋਈ ਹੋਵੇ।

ਫਿਰ ਇਹ ਮੇਲ ਦੋ-ਚਾਰ ਦਿਨ ਦੀ ਗੱਲ ਨਹੀਂ, ਬਲਕਿ ਰੋਜ-ਰੋਜ ਦਾ ਸਦੀਵੀ ਮੇਲ ਹੈ ਤੇ ਇਸ ਮੇਲ ਨਾਲ ਮਨ ਏਨਾ ਰਜਾਮੰਦ ਹੈ ਕਿ ਘਰ-ਬਾਰ ਸਮੇਤ ਸਾਰਾ ਵਾਤਾਵਰਨ ਸੋਹਣਾ ਲੱਗਣ ਲੱਗ ਪਿਆ ਹੈ।

ਇਸ ਅਲਬੇਲੇ ਸੱਜਣ ਦੇ ਘਰ ਆਉਣ ਨਾਲ ਮਨ ਏਨਾ ਖਿੜ ਗਿਆ ਹੈ ਕਿ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ, ਜਿਵੇਂ ਵਾਤਾਵਰਨ ਵਿਚ ਏਨੇ ਵਾਜੇ ਗਾਜੇ ਗੂੰਜ ਪਏ ਹੋਣ ਕਿ ਸੰਗੀਤਕ ਧੁਨਾਂ ਦੀ ਅਪਾਰ ਛਹਿਬਰ ਲੱਗ ਗਈ ਹੋਵੇ।
Tags