ਇਸ ਸ਼ਬਦ ਦੇ ਪਹਿਲੇ ਪਦੇ ਵਿਚ ਪ੍ਰਭੂ-ਪਤੀ ਨੂੰ ਮਿਲਣ ਦਾ ਚਾਅ ਬਿਆਨ ਕੀਤਾ ਗਿਆ ਹੈ। ਜਗਿਆਸੂ-ਇਸਤਰੀ ਸੱਚੇ
ਨਾਮ ਦੁਆਰਾ ਹਿਰਦੇ ਘਰ ਵਿਚ ਪ੍ਰਭੂ ਨੂੰ ਅਨੁਭਵ ਕਰਕੇ ਆਤਮਕ ਅਨੰਦ ਮਾਨਣ ਲਈ ਉਤਾਵਲੀ ਹੈ। ਦੂਜੇ ਪਦੇ ਵਿਚ ਦੱਸਿਆ ਹੈ ਕਿ ਜਦੋਂ ਪ੍ਰਭੂ-ਪਤੀ ਜੀ ਹਿਰਦੇ ਘਰ ਵਿਚ ਅਨੁਭਵ ਹੋ ਗਏ ਤਾਂ ਹਿਰਦੇ ਅੰਦਰ ਇਕ ਵਿਸਮਾਦੀ ਖੇੜਾ ਛਾਅ ਗਿਆ। ਸਾਰੇ ਔਗੁਣ, ਵਿਕਾਰ ਆਦਿ ਦੂਰ ਹੋ ਗਏ ਅਤੇ ਹਿਰਦਾ ਗੁਣਾਂ ਨਾਲ ਭਰਪੂਰ ਹੋ ਗਿਆ। ਤੀਜੇ ਪਦੇ ਵਿਚ ਦਰਸਾਇਆ ਗਿਆ ਹੈ ਕਿ ਪ੍ਰਭੂ ਘਟ-ਘਟ ਵਿਚ ਵਿਆਪਕ ਹੈ। ਉਸ ਦੀ ਵਡਿਆਈ ਹੈ ਕਿ ਉਹ ਆਪ ਹੀ ਆਪਣੇ ਮਿਲਾਪ ਦਾ ਅਨੰਦ ਬਖਸ਼ਣ ਵਾਲਾ ਤੇ ਆਪ ਹੀ ਇਸ ਦਾ ਰਸ ਮਾਨਣ ਵਾਲਾ ਹੈ। ਅਖੀਰਲੇ ਪਦੇ ਵਿਚ ਪ੍ਰਭੂ ਨੂੰ ਤਿੰਨਾਂ ਲੋਕਾਂ ਦਾ ਮਾਲਕ ਕਿਹਾ ਗਿਆ ਹੈ, ਜਿਸ ਦੇ ਦਰ ’ਤੇ ਨਾਮ ਰੂਪੀ ਅਮੋਲਕ ਰਤਨ ਹੀ ਪਰਵਾਨ ਹੁੰਦਾ ਹੈ। ਇਸ ਨਾਮ ਸਦਕਾ ਜੋ ਮਨੁਖ ਆਪਣੇ ਅਸਲ ਆਪੇ ਨੂੰ ਪਛਾਣ ਲੈਂਦਾ ਹੈ, ਉਹ ਸਦਾ-ਥਿਰ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ।
ਪਿਰੁ ਉਚੜੀਐ ਮਾੜੜੀਐ ਤਿਹੁ ਲੋਆ ਸਿਰਤਾਜਾ ਰਾਮ ॥
ਹਉ ਬਿਸਮ ਭਈ ਦੇਖਿ ਗੁਣਾ ਅਨਹਦ ਸਬਦ ਅਗਾਜਾ ਰਾਮ ॥
ਸਬਦੁ ਵੀਚਾਰੀ ਕਰਣੀ ਸਾਰੀ ਰਾਮ ਨਾਮੁ ਨੀਸਾਣੋ ॥
ਨਾਮ ਬਿਨਾ ਖੋਟੇ ਨਹੀ ਠਾਹਰ ਨਾਮੁ ਰਤਨੁ ਪਰਵਾਣੋ ॥
ਪਤਿ ਮਤਿ ਪੂਰੀ ਪੂਰਾ ਪਰਵਾਨਾ ਨਾ ਆਵੈ ਨਾ ਜਾਸੀ ॥
ਨਾਨਕ ਗੁਰਮੁਖਿ ਆਪੁ ਪਛਾਣੈ ਪ੍ਰਭ ਜੈਸੇ ਅਵਿਨਾਸੀ ॥੪॥੧॥੩॥
-ਗੁਰੂ ਗ੍ਰੰਥ ਸਾਹਿਬ ੭੬੫
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਨੋਟ: ਗੁਰਮਤਿ ਵਿਚ ਪ੍ਰਭੂ ਦੇ ਅਨੇਕ ਰੂਪਾਂ ਦਾ ਗੁਣ-ਗਾਇਨ ਹੋਇਆ ਹੈ। ਕਦੇ ਉਸ ਨੂੰ ਅਭੇਦਤਾ ਦੀ ਹੱਦ ਤਕ ਨੇੜੇ ਅਨੁਮਾਨਿਆ ਗਿਆ ਹੈ ਤੇ ਕਦੇ ਅਪਹੁੰਚ ਦੀ ਹੱਦ ਤਕ ਦੂਰ ਦੱਸਿਆ ਗਿਆ ਹੈ। ਇਹ ਕੋਈ ਮੁਗਾਲਤਾ ਨਹੀਂ ਹੈ, ਬਲਕਿ ਪ੍ਰਭੂ ਦੇ ਗੁਣ-ਗਾਇਨ ਦਾ ਹੀ ਵਿਸ਼ੇਸ਼ ਅਹਿਸਾਸ ਅਤੇ ਅੰਦਾਜ ਹੈ।
ਇਸ ਪਦੇ ਵਿਚ ਪਾਤਸ਼ਾਹ ਦੱਸਦੇ ਹਨ ਕਿ ਪਿਆਰਾ ਪ੍ਰਭੂ ਬਹੁਤ ਮਹਾਨ ਹੈ ਤੇ ਉਹ ਬੜੇ ਹੀ ਉੱਚੇ ਸਥਲ ’ਤੇ ਵਸਦਾ ਹੈ। ਜਿਵੇਂ ਧਰਤੀ, ਅਕਾਸ਼ ਤੇ ਪਤਾਲ ਦੇ ਸਿਰ ਦਾ ਤਾਜ਼ ਹੋਵੇ।
ਪ੍ਰਭੂ ਪਿਆਰੇ ਦੇ ਗੁਣ ਦੇਖ ਦੇਖ ਜਗਿਆਸੂ ਸਾਧਕ ਦਾ ਮਨ ਮੰਤਰ ਮੁਗਧ ਹੋ ਗਿਆ ਹੈ, ਪ੍ਰਭੂ ਦੇ ਅਨੁਭਵ ਰੂਪ ਸੂਖਮ ਗਿਆਨਮਈ ਬੋਲ ਉਸ ਦੇ ਦਿਲ ਦੇ ਕੰਨਾਂ ਵਿਚ ਗੂੰਜਣੇ ਸ਼ੁਰੂ ਹੋ ਗਏ ਹਨ।
ਪ੍ਰਭੂ ਦੇ ਉਪਦੇਸ਼ ਰੂਪ ਸ਼ਬਦ ਦਾ ਵਿਚਾਰ-ਵਿਮਰਸ਼ ਕਰਿਆਂ ਸਾਧਕ ਦੀ ਕਰਨੀ ਸੰਵਰ ਜਾਂਦੀ ਹੈ ਤੇ ਪ੍ਰਭੂ ਦਾ ਨਾਮ ਹੀ ਉਸ ਸਾਧਕ ਦੀ ਨਿਸ਼ਾਨੀ ਜਾਂ ਪਹਿਚਾਣ ਬਣ ਜਾਂਦੀ ਹੈ। ਇਹੀ ਪਹਿਚਾਣ ਸਾਧਕ ਦੇ ਜੀਵਨ ਦਾ ਅਧਾਰ ਬਣਦੀ ਹੈ।
ਪਾਤਸ਼ਾਹ ਦੱਸਦੇ ਹਨ ਕਿ ਪ੍ਰਭੂ ਦੇ ਨਾਮ ਬਿਨਾਂ ਮਨੁਖ ਖੋਟੇ ਸਿੱਕੇ ਵਾਂਗ ਨਿਕੰਮੇ ਸਮਝੇ ਜਾਂਦੇ ਸਨ ਤੇ ਉਨ੍ਹਾਂ ਨੂੰ ਕੋਈ ਓਟ-ਆਸਰਾ ਵੀ ਨਸੀਬ ਨਹੀਂ ਹੁੰਦਾ। ਬਸ ਪ੍ਰਭੂ ਦਾ ਬੇਸ਼ਕੀਮਤ ਰਤਨ ਰੂਪ ਨਾਮ ਹੀ ਹੈ, ਜਿਸ ਨਾਲ ਮਨੁਖ ਸਭ ਦੇ ਦਿਲਾਂ ਅੰਦਰ ਥਾਂ ਬਣਾ ਲੈਂਦੇ ਹਨ।
ਨਾਮ ਦੇ ਨਾਲ ਜਗਿਆਸੂ ਸਾਧਕ ਦੀ ਸੂਝ-ਬੂਝ ਮੁਕੰਮਲ ਹੁੰਦੀ ਹੈ ਤੇ ਉਸ ਦੇ ਮਾਣ-ਸਨਮਾਨ ਵਿਚ ਵਾਧਾ ਹੁੰਦਾ ਹੈ। ਉਹ ਜੀਵਨ ਦੇ ਪ੍ਰਮਾਣ-ਪੱਤਰ ਦੀ ਤਰ੍ਹਾਂ ਹੁੰਦਾ ਹੈ, ਜਿਸ ਨੂੰ ਜੀਵਨ ਦੇ ਆਉਣ ਜਾਣ ਦਾ ਕੋਈ ਡਰ ਨਹੀਂ ਰਹਿੰਦਾ।
ਅਜਿਹਾ ਗੁਰਮੁਖ ਰੂਪ ਸਾਧਕ ਆਪਣੇ-ਆਪ ਨੂੰ ਪੂਰਨ ਰੂਪ ਵਿਚ ਜਾਣ-ਪਹਿਚਾਣ ਲੈਂਦਾ ਹੈ, ਜਿਸ ਕਰਕੇ ਉਹ ਪ੍ਰਭ ਪਿਆਰੇ ਜਿਹਾ ਅਮਰ ਇਨਸਾਨ ਬਣ ਜਾਂਦਾ ਹੈ, ਜਿਸ ਦਾ ਕਦੇ ਵਿਨਾਸ਼ ਨਹੀਂ ਹੋ ਸਕਦਾ।