Guru Granth Sahib Logo
  
ਇਸ ਸ਼ਬਦ ਦੇ ਪਹਿਲੇ ਪਦੇ ਵਿਚ ਪ੍ਰਭੂ-ਪਤੀ ਨੂੰ ਮਿਲਣ ਦਾ ਚਾਅ ਬਿਆਨ ਕੀਤਾ ਗਿਆ ਹੈ। ਜਗਿਆਸੂ-ਇਸਤਰੀ ਸੱਚੇ ਨਾਮ ਦੁਆਰਾ ਹਿਰਦੇ ਘਰ ਵਿਚ ਪ੍ਰਭੂ ਨੂੰ ਅਨੁਭਵ ਕਰਕੇ ਆਤਮਕ ਅਨੰਦ ਮਾਨਣ ਲਈ ਉਤਾਵਲੀ ਹੈ। ਦੂਜੇ ਪਦੇ ਵਿਚ ਦੱਸਿਆ ਹੈ ਕਿ ਜਦੋਂ ਪ੍ਰਭੂ-ਪਤੀ ਜੀ ਹਿਰਦੇ ਘਰ ਵਿਚ ਅਨੁਭਵ ਹੋ ਗਏ ਤਾਂ ਹਿਰਦੇ ਅੰਦਰ ਇਕ ਵਿਸਮਾਦੀ ਖੇੜਾ ਛਾਅ ਗਿਆ। ਸਾਰੇ ਔਗੁਣ, ਵਿਕਾਰ ਆਦਿ ਦੂਰ ਹੋ ਗਏ ਅਤੇ ਹਿਰਦਾ ਗੁਣਾਂ ਨਾਲ ਭਰਪੂਰ ਹੋ ਗਿਆ। ਤੀਜੇ ਪਦੇ ਵਿਚ ਦਰਸਾਇਆ ਗਿਆ ਹੈ ਕਿ ਪ੍ਰਭੂ ਘਟ-ਘਟ ਵਿਚ ਵਿਆਪਕ ਹੈ। ਉਸ ਦੀ ਵਡਿਆਈ ਹੈ ਕਿ ਉਹ ਆਪ ਹੀ ਆਪਣੇ ਮਿਲਾਪ ਦਾ ਅਨੰਦ ਬਖਸ਼ਣ ਵਾਲਾ ਤੇ ਆਪ ਹੀ ਇਸ ਦਾ ਰਸ ਮਾਨਣ ਵਾਲਾ ਹੈ। ਅਖੀਰਲੇ ਪਦੇ ਵਿਚ ਪ੍ਰਭੂ ਨੂੰ ਤਿੰਨਾਂ ਲੋਕਾਂ ਦਾ ਮਾਲਕ ਕਿਹਾ ਗਿਆ ਹੈ, ਜਿਸ ਦੇ ਦਰ ’ਤੇ ਨਾਮ ਰੂਪੀ ਅਮੋਲਕ ਰਤਨ ਹੀ ਪਰਵਾਨ ਹੁੰਦਾ ਹੈ। ਇਸ ਨਾਮ ਸਦਕਾ ਜੋ ਮਨੁਖ ਆਪਣੇ ਅਸਲ ਆਪੇ ਨੂੰ ਪਛਾਣ ਲੈਂਦਾ ਹੈ, ਉਹ ਸਦਾ-ਥਿਰ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ।
ਵਰੁ ਪਾਇਅੜਾ ਬਾਲੜੀਏ   ਆਸਾ ਮਨਸਾ ਪੂਰੀ  ਰਾਮ
ਪਿਰਿ ਰਾਵਿਅੜੀ  ਸਬਦਿ ਰਲੀ   ਰਵਿ ਰਹਿਆ  ਨਹ ਦੂਰੀ  ਰਾਮ
ਪ੍ਰਭੁ ਦੂਰਿ ਹੋਈ  ਘਟਿ ਘਟਿ ਸੋਈ   ਤਿਸ ਕੀ ਨਾਰਿ ਸਬਾਈ
ਆਪੇ ਰਸੀਆ  ਆਪੇ ਰਾਵੇ   ਜਿਉ ਤਿਸ ਦੀ ਵਡਿਆਈ
ਅਮਰ ਅਡੋਲੁ  ਅਮੋਲੁ ਅਪਾਰਾ   ਗੁਰਿ ਪੂਰੈ ਸਚੁ ਪਾਈਐ
ਨਾਨਕ  ਆਪੇ ਜੋਗ ਸਜੋਗੀ   ਨਦਰਿ ਕਰੇ ਲਿਵ ਲਾਈਐ ॥੩॥
-ਗੁਰੂ ਗ੍ਰੰਥ ਸਾਹਿਬ ੭੬੫
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਹ ਪਦਾ ਵੀ ਅਕਸਰ ਅਨੰਦ-ਕਾਰਜ ਦੀ ਰਸਮ ਸਮੇਂ ਪੜ੍ਹਿਆ ਅਤੇ ਗਾਇਆ ਜਾਂਦਾ ਹੈ। ਇਸ ਵਿਚ ਪਾਤਸ਼ਾਹ ਦੱਸਦੇ ਹਨ ਕਿ ਜਗਿਆਸੂ ਦੀ ਬਾਲਬੁਧ, ਅਣਭੋਲ ਆਤਮਾ ਨੂੰ ਪ੍ਰਭੂ ਦੇ ਰੂਪ ਵਿਚ ਵਰ ਦੀ ਪ੍ਰਾਪਤੀ ਹੋ ਗਈ ਹੈ। ਪ੍ਰਭੂ ਨੇ ਉਸ ਦੇ ਮਨ ਦੀ ਆਸ ਤੇ ਉਮੀਦ ਪੂਰੀ ਕਰ ਦਿੱਤੀ ਹੈ। 

ਜਿਸ ਨੂੰ ਵੀ ਪ੍ਰਭੂ ਨੇ ਪ੍ਰੇਮ ਨਾਲ ਆਪਣੇ ਗਲੇ ਲਾ ਲਿਆ ਹੈ, ਉਸ ਨੇ ਪ੍ਰਭੂ ਦੇ ਸ਼ਬਦ ਗਿਆਨ ਰਾਹੀਂ ਉਸ ਦਾ ਭੇਤ ਪਾ ਲਿਆ ਹੈ ਜਾਂ ਕਹਿ ਲਉ ਉਹ ਪ੍ਰਭੂ ਨਾਲ ਇਕ-ਮਿਕ ਹੋ ਗਈ ਹੈ। ਜਿਸ ਕਰਕੇ ਹੁਣ ਉਸ ਨੂੰ ਪ੍ਰਭੂ ਕਣ-ਕਣ ਵਿਚ ਰਮਿਆ ਹੋਇਆ ਪ੍ਰਤੱਖ ਨਜ਼ਰ ਆ ਰਿਹਾ ਹੈ ਤੇ ਆਪਣੇ ਤੋਂ ਬਾਹਰ ਕਿਤੇ ਦੂਰ ਪ੍ਰਤੀਤ ਨਹੀਂ ਹੁੰਦਾ।

ਪਾਤਸ਼ਾਹ ਦੱਸਦੇ ਹਨ ਕਿ ਉਸ ਨੂੰ ਪਿਆਰਾ ਪ੍ਰਭੂ ਆਪਣੇ ਤੋਂ ਵਖ ਅਤੇ ਦੂਰ ਪ੍ਰਤੀਤ ਨਹੀਂ ਹੁੰਦਾ, ਬਲਕਿ ਹਰ ਥਾਂ ਅਤੇ ਹਰ ਇਕ ਵਿਚ ਉਹੀ ਨਜ਼ਰ ਆਉਂਦਾ ਹੈ, ਜਿਹੜਾ ਸਭ ਆਤਮਾਵਾਂ ਦਾ ਮਾਲਕ ਸੁਆਮੀ ਹੈ।

ਅੱਗੇ ਦੱਸਿਆ ਹੈ ਕਿ ਆਤਮਾ ਪਰਮਾਤਮਾ ਨਾਂ ਦੀ ਕੋਈ ਦੂਈ-ਦਵੈਤ ਨਹੀਂ ਹੈ, ਜਿਸ ਕਰਕੇ ਉਹ ਆਪਣੀ ਇਸ ਸਿਫਤ ਕਰਕੇ ਹੀ ਜਾਣਿਆ ਜਾਂਦਾ ਹੈ ਕਿ ਉਹ ਆਪ ਹੀ ਜੀਵਨ ਦੇ ਰਸਾਂ ਦਾ ਮਾਲਕ ਹੈ ਜਾਂ ਕਹਿ ਲਉ ਉਹ ਆਪ ਰਸਾਂ ਦਾ ਜਾਣੂ ਹੈ ਤੇ ਆਪ ਹੀ ਉਨ੍ਹਾਂ ਰਸਾਂ ਨੂੰ ਮਾਣਨ ਵਾਲਾ ਹੈ।

ਪਾਤਸ਼ਾਹ ਦੱਸਦੇ ਹਨ ਕਿ ਉਕਤ ਸਿਫਤਾਂ ਦਾ ਮਾਲਕ ਪ੍ਰਭੂ ਸਦਾ ਰਹਿਣ ਵਾਲਾ ਹੈ। ਉਹ ਕਦੇ ਵੀ ਤੇ ਕਿਸੇ ਵੀ ਹਾਲਤ ਵਿਚ ਡੋਲਦਾ ਨਹੀਂ। ਉਸ ਦੀ ਕੋਈ ਕੀਮਤ ਨਹੀਂ ਪਾਈ ਜਾ ਸਕਦੀ ਤੇ ਉਹ ਏਨਾ ਅਪਾਰ ਹੈ ਕਿ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹ ਇਨ੍ਹਾਂ ਗੁਣਾ ਦਾ ਲਖਾਇਕ ਸੱਚ ਹੈ ਤੇ ਮੁਕੰਮਲ ਗੁਰੂ, ਭਾਵ ਗੁਰ-ਸ਼ਬਦ ਰਾਹੀਂ ਹੀ ਜਾਣਿਆ ਜਾ ਸਕਦਾ ਹੈ।

ਪਾਤਸ਼ਾਹ ਦੱਸਦੇ ਹਨ ਕਿ ਉਹ ਅਦਵੈਤ ਰੂਪ ਹੈ ਤੇ ਆਪ ਹੀ ਦੂਈ-ਦਵੈਤ ਮੇਟਦਾ ਹੈ। ਉਸ ਦੀ ਮਿਹਰ ਨਾਲ ਹੀ ਉਸ ਦੇ ਨਾਲ ਸੁਰਤ ਜੁੜਦੀ ਹੈ ਤੇ ਉਕਤ ਸੱਚ ਦੀ ਸੋਝੀ ਹੁੰਦੀ ਹੈ।
Tags