ਇਸ ਸ਼ਬਦ ਦੇ ਪਹਿਲੇ ਪਦੇ ਵਿਚ ਪ੍ਰਭੂ-ਪਤੀ ਨੂੰ ਮਿਲਣ ਦਾ ਚਾਅ ਬਿਆਨ ਕੀਤਾ ਗਿਆ ਹੈ। ਜਗਿਆਸੂ-ਇਸਤਰੀ ਸੱਚੇ
ਨਾਮ ਦੁਆਰਾ ਹਿਰਦੇ ਘਰ ਵਿਚ ਪ੍ਰਭੂ ਨੂੰ ਅਨੁਭਵ ਕਰਕੇ ਆਤਮਕ ਅਨੰਦ ਮਾਨਣ ਲਈ ਉਤਾਵਲੀ ਹੈ। ਦੂਜੇ ਪਦੇ ਵਿਚ ਦੱਸਿਆ ਹੈ ਕਿ ਜਦੋਂ ਪ੍ਰਭੂ-ਪਤੀ ਜੀ ਹਿਰਦੇ ਘਰ ਵਿਚ ਅਨੁਭਵ ਹੋ ਗਏ ਤਾਂ ਹਿਰਦੇ ਅੰਦਰ ਇਕ ਵਿਸਮਾਦੀ ਖੇੜਾ ਛਾਅ ਗਿਆ। ਸਾਰੇ ਔਗੁਣ, ਵਿਕਾਰ ਆਦਿ ਦੂਰ ਹੋ ਗਏ ਅਤੇ ਹਿਰਦਾ ਗੁਣਾਂ ਨਾਲ ਭਰਪੂਰ ਹੋ ਗਿਆ। ਤੀਜੇ ਪਦੇ ਵਿਚ ਦਰਸਾਇਆ ਗਿਆ ਹੈ ਕਿ ਪ੍ਰਭੂ ਘਟ-ਘਟ ਵਿਚ ਵਿਆਪਕ ਹੈ। ਉਸ ਦੀ ਵਡਿਆਈ ਹੈ ਕਿ ਉਹ ਆਪ ਹੀ ਆਪਣੇ ਮਿਲਾਪ ਦਾ ਅਨੰਦ ਬਖਸ਼ਣ ਵਾਲਾ ਤੇ ਆਪ ਹੀ ਇਸ ਦਾ ਰਸ ਮਾਨਣ ਵਾਲਾ ਹੈ। ਅਖੀਰਲੇ ਪਦੇ ਵਿਚ ਪ੍ਰਭੂ ਨੂੰ ਤਿੰਨਾਂ ਲੋਕਾਂ ਦਾ ਮਾਲਕ ਕਿਹਾ ਗਿਆ ਹੈ, ਜਿਸ ਦੇ ਦਰ ’ਤੇ ਨਾਮ ਰੂਪੀ ਅਮੋਲਕ ਰਤਨ ਹੀ ਪਰਵਾਨ ਹੁੰਦਾ ਹੈ। ਇਸ ਨਾਮ ਸਦਕਾ ਜੋ ਮਨੁਖ ਆਪਣੇ ਅਸਲ ਆਪੇ ਨੂੰ ਪਛਾਣ ਲੈਂਦਾ ਹੈ, ਉਹ ਸਦਾ-ਥਿਰ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ।
ਘਰਿ ਆਇਅੜੇ ਸਾਜਨਾ ਤਾ ਧਨ ਖਰੀ ਸਰਸੀ ਰਾਮ ॥
ਹਰਿ ਮੋਹਿਅੜੀ ਸਾਚ ਸਬਦਿ ਠਾਕੁਰ ਦੇਖਿ ਰਹੰਸੀ ਰਾਮ ॥
ਗੁਣ ਸੰਗਿ ਰਹੰਸੀ ਖਰੀ ਸਰਸੀ ਜਾ ਰਾਵੀ ਰੰਗਿ ਰਾਤੈ ॥
ਅਵਗਣ ਮਾਰਿ ਗੁਣੀ ਘਰੁ ਛਾਇਆ ਪੂਰੈ ਪੁਰਖਿ ਬਿਧਾਤੈ ॥
ਤਸਕਰ ਮਾਰਿ ਵਸੀ ਪੰਚਾਇਣਿ ਅਦਲੁ ਕਰੇ ਵੀਚਾਰੇ ॥
ਨਾਨਕ ਰਾਮ ਨਾਮਿ ਨਿਸਤਾਰਾ ਗੁਰਮਤਿ ਮਿਲਹਿ ਪਿਆਰੇ ॥੨॥
-ਗੁਰੂ ਗ੍ਰੰਥ ਸਾਹਿਬ ੭੬੫
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਹ ਪਦਾ ਵੀ ਅਨੰਦ-ਕਾਰਜ ਦੇ ਸੁਭਾਗੇ ਸਮੇਂ ਨੂੰ ਰੁਹਾਨੀਅਤ ਦੇ ਚਾਰ ਚੰਨ ਲਾਉਣ ਵਾਲਾ ਹੈ ਤੇ ਉਸੇ ਸਮੇਂ ਬੜੇ ਹੀ ਰਸ ਭਿੰਨੇ ਅੰਦਾਜ਼ ਵਿਚ ਪੜ੍ਹਿਆ ਤੇ ਗਾਇਆ ਜਾਂਦਾ ਹੈ।
ਇਸ ਪਦੇ ਵਿਚ ਪਾਤਸ਼ਾਹ ਜਗਿਆਸੂ ਦੀ ਆਤਮਾ ਦੀ ਜੁਬਾਨੀ ਦੱਸਦੇ ਹਨ ਕਿ ਪ੍ਰੇਮ ਦੇ ਮੁਜੱਸਮੇ ਸੱਜਣ ਦੇ ਘਰ ਆਉਣ ਕਾਰਣ ਜਗਿਆਸੂ ਆਤਮਾ ਪ੍ਰਭੂ ਦੇ ਪ੍ਰੇਮ-ਰਸ ਨਾਲ ਨੱਕੋ-ਨੱਕ ਭਰੀ ਹੋਈ ਮਹਿਸੂਸ ਕਰਦੀ ਹੈ।
ਹਰੀ-ਪ੍ਰਭੂ ਨੇ ਜਗਿਆਸੂ ਆਤਮਾ ਨੂੰ ਆਪਣੇ ਦਿਲ ਦੇ ਸੱਚੇ ਬੋਲਾਂ, ਅਰਥਾਤ ਸ਼ਬਦ ਰੂਪ ਸੱਚ ਨਾਲ ਮੋਹ ਲਿਆ ਹੈ ਤੇ ਫਿਰ ਉਹ ਪ੍ਰਭੂ ਦੇ ਦਰਸ਼ਨ ਕਰਕੇ ਹੈਰਾਨੀ ਦੀ ਹੱਦ ਤਕ ਅਨੰਦਤ ਹੋ ਗਈ ਹੈ।
ਜਦੋਂ ਪ੍ਰੇਮ-ਭਾਵ ਨਾਲ ਭਰੇ ਹੋਏ ਪ੍ਰਭੂ ਨੇ ਜਗਿਆਸੂ ਦੀ ਸਦਗੁਣਾਂ ਨਾਲ ਭਰਪੂਰ ਆਤਮਾ ਨੂੰ ਪ੍ਰੇਮ-ਭਾਵ ਨਾਲ ਆਪਣੇ ਗਲੇ ਲਾਇਆ ਤਾਂ ਉਹ ਬੇਹੱਦ ਪ੍ਰਸੰਨਚਿੱਤ ਹੋ ਗਈ।
ਪਾਤਸ਼ਾਹ ਦੱਸਦੇ ਹਨ ਕਿ ਸ੍ਰਿਸ਼ਟੀ ਦੇ ਕਰਤੇ-ਧਰਤੇ, ਪੂਰਨ-ਪੁਰਖ ਪ੍ਰਭੂ ਨੇ ਜਗਿਆਸੂ ਦੇ ਤਮਾਮ ਔਗੁਣ ਮੇਟ ਦਿੱਤੇ ਤੇ ਉਸ ਦੇ ਮਨ ਚਿੱਤ ਨੂੰ ਗੁਣਾਂ ਨਾਲ ਕੱਜ ਦਿੱਤਾ।
ਜਗਿਆਸੂ ਦੇ ਮਨ-ਚਿੱਤ ਅੰਦਰ ਲੋਭ-ਲਾਲਚ ਅਤੇ ਨਿਸ਼ੇਧਾਤਮਕ ਬਿਰਤੀਆਂ ਮਿਟ ਗਈਆਂ ਹਨ ਅਤੇ ਉਹ ਉਸ ਪੰਚਾਇਣ-ਪ੍ਰਭੂ ਵਿਚ ਅਭੇਦ ਹੋ ਗਿਆ ਹੈ, ਜੋ ਸਦਾ ਪੂਰੀ ਸੋਚ-ਵਿਚਾਰ ਨਾਲ ਸੱਚ-ਝੂਠ ਦਾ ਨਿਤਾਰਾ ਕਰਦਾ ਹੈ।
ਪਾਤਸ਼ਾਹ ਦੱਸਦੇ ਹਨ ਕਿ ਅਸਲ ਵਿਚ ਪ੍ਰਭੂ ਦੇ ਨਾਮ ਨਾਲ ਹੀ ਸੱਚ-ਝੂਠ ਦਾ ਨਿਬੇੜਾ ਹੁੰਦਾ ਹੈ ਤੇ ਗੁਰੂ ਦੇ ਲੜ ਲੱਗਿਆਂ ਹੀ ਪਿਆਰੇ ਪ੍ਰਭੂ ਨਾਲ ਮਿਲਾਪ ਹੁੰਦਾ ਹੈ।