Guru Granth Sahib Logo
  
ਕੁੜਮਾਈ ਵਿਆਹ ਨਾਲ ਸੰਬੰਧਤ ਇਕ ਮਹੱਤਵਪੂਰਣ ਰਸਮ ਹੈ। ਇਸ ਸ਼ਬਦ ਵਿਚ ਕੁੜਮਾਈ ਦੀ ਰਸਮ ਦੇ ਪ੍ਰਤੀਕ ਰਾਹੀਂ ਜਗਿਆਸੂ ਦੇ ਪ੍ਰਭੂ ਨਾਲ ਸੰਬੰਧ ਸਥਾਪਤ ਹੋਣ ਦੀ ਪ੍ਰਕਿਰਿਆ ਨੂੰ ਬਿਆਨ ਕੀਤਾ ਗਿਆ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਪ੍ਰੇਮ ਦਾ ਮੁਜੱਸਮਾ ਗੁਰੂ, ਸੰਗਤ ਰੂਪੀ ਕੁੜਮ ਦੇ ਰੂਪ ਵਿਚ ਸਤ, ਸੰਤੋਖ, ਪ੍ਰੇਮ, ਆਦਿ ਗੁਣਾਂ ਨੂੰ ਸੁਗਾਤ ਬਣਾ ਕੇ ਮਿਲਾਪ ਦੀ ਮੰਗਲਮਈ ਰਸਮ ਅਦਾ ਕਰਨ ਆਇਆ ਹੈ।
ਸਤੁ ਸੰਤੋਖੁ ਕਰਿ ਭਾਉ   ਕੁੜਮੁ ਕੁੜਮਾਈ ਆਇਆ  ਬਲਿ ਰਾਮ ਜੀਉ
ਸੰਤ ਜਨਾ ਕਰਿ ਮੇਲੁ   ਗੁਰਬਾਣੀ ਗਾਵਾਈਆ  ਬਲਿ ਰਾਮ ਜੀਉ
ਬਾਣੀ ਗੁਰ ਗਾਈ  ਪਰਮਗਤਿ ਪਾਈ   ਪੰਚ ਮਿਲੇ ਸੋਹਾਇਆ
ਗਇਆ ਕਰੋਧੁ  ਮਮਤਾ ਤਨਿ ਨਾਠੀ   ਪਾਖੰਡੁ ਭਰਮੁ ਗਵਾਇਆ
ਹਉਮੈ ਪੀਰ ਗਈ  ਸੁਖੁ ਪਾਇਆ   ਆਰੋਗਤ ਭਏ ਸਰੀਰਾ
ਗੁਰ ਪਰਸਾਦੀ ਬ੍ਰਹਮੁ ਪਛਾਤਾ   ਨਾਨਕ  ਗੁਣੀ ਗਹੀਰਾ ॥੨॥
-ਗੁਰੂ ਗ੍ਰੰਥ ਸਾਹਿਬ ੭੭੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਭਾਰਤੀ ਭਾਸ਼ਾਵਾਂ ਵਿਚ ਕੁਟ ਸ਼ਬਦ ਦੇ ਅਨੇਕ ਅਰਥ ਹਨ। ਪਰ ਇਸ ਦਾ ਮੁਢਲਾ ਤੇ ਬੁਨਿਆਦੀ ਅਰਥ ਘਰ ਹੈ। ਇਸ ਕੁਟ ਤੋਂ ਹੀ ਕੁਟੀਆ ਸ਼ਬਦ ਬਣਿਆ ਹੈ ਤੇ ਕੁਟ ਤੋਂ ਹੀ ਕੁਟੰਬ ਸ਼ਬਦ ਹੋਂਦ ਵਿਚ ਆਇਆ ਹੈ। ਕੁਟੰਬ ਦਾ ਅਰਥ ਹੈ ਕੁਟ, ਅਰਥਾਤ ਘਰ ਵਿਚ, ਰਹਿਣ ਵਾਲਾ ਪਰਵਾਰ।

ਇਸ ਕੁਟੰਬ ਵਿਚ ਵਾਧਾ ਉਦੋਂ ਹੁੰਦਾ ਹੈ, ਜਦ ਕਿਸੇ ਲੜਕੀ-ਲੜਕੇ ਦਾ ਵਿਆਹ ਹੁੰਦਾ ਹੈ। ਵਿਆਹ ਤੋਂ ਪਹਿਲੀ ਰਸਮ ਨੂੰ ਕੁੜਮਾਈ ਕਹਿੰਦੇ ਹਨ ਤੇ ਕੁੜਮਾਈ ਕਰਨ ਆਏ ਲੜਕੇ-ਲੜਕੀ ਦੇ ਮਾਪਿਆਂ ਨੂੰ ਕੁੜਮ ਤੇ ਕੁੜਮਣੀ ਕਹਿੰਦੇ ਹਨ। ਕੁੜਮਾਈ ਕਰਨ ਆਏ ਕੁੜਮ ਦੀ ਆਮਦ ਬੜੀ ਚਾਵਾਂ ਭਰੀ ਹੁੰਦੀ ਹੈ, ਕਿਉਂਕਿ ਕੁੜਮ ਦੇ ਆਇਆਂ ਹੀ ਕੁਟੰਬ ਵਿਚ ਵਾਧਾ ਹੋਣ ਦਾ ਸਿਲਸਿਲਾ ਅਰੰਭ ਹੁੰਦਾ ਹੈ।

ਇਸ ਸ਼ਬਦ ਵਿਚ ਪਾਤਸ਼ਾਹ ਕੁੜਮਾਈ ਦੀ ਰਸਮ ਸਮੇਂ ਕੁੜਮ ਦੀ ਆਮਦ ਅਤੇ ਮਿਲਣੀ ਨੂੰ ਪ੍ਰਭੂ ਪਿਆਰ ਅਤੇ ਮਿਲਾਪ ਦੇ ਸੰਕੇਤ ਵਿਚ ਪੇਸ਼ ਕਰਦੇ ਹੋਏ ਦੱਸਦੇ ਹਨ ਕਿ ਪ੍ਰੇਮ ਦਾ ਮੁਜੱਸਮਾ ਗੁਰੂ, ਸੰਗਤ ਰੂਪੀ ਕੁੜਮ ਦੇ ਰੂਪ ਵਿਚ ਸਤ, ਸੰਤੋਖ ਅਤੇ ਪ੍ਰੇਮ ਨੂੰ ਸੁਗਾਤ ਬਣਾ ਕੇ ਮਿਲਾਪ ਦੀ ਮੰਗਲਮਈ ਰਸਮ ਅਦਾ ਕਰਨ ਆਇਆ ਹੈ। ਅਜਿਹੀ ਬਖਸ਼ਿਸ਼ ਲਈ ਪਾਤਸ਼ਾਹ ਪ੍ਰਭੂ ਤੋਂ ਬਲਿਹਾਰ ਜਾਂਦੇ ਹਨ।

ਪ੍ਰਭੂ ਦੀ ਇਸ ਬਖਸ਼ਿਸ਼ ਨਾਲ ਸੰਤ-ਜਨਾਂ ਨਾਲ ਮੇਲ ਹੋਇਆ ਹੈ ਅਤੇ ਗੁਰੂ ਦੀ ਉਚਾਰਣ ਕੀਤੀ ਬਾਣੀ ਦਾ ਗਾਇਨ ਹੋ ਰਿਹਾ ਹੈ। ਪਾਤਸ਼ਾਹ ਇਕ ਵਾਰ ਫਿਰ ਪ੍ਰਭੂ ਦੇ ਬਲਿਹਾਰ ਜਾਂਦੇ ਹਨ, ਜਿਸ ਨੇ ਇਹੋ-ਜਿਹੇ ਸੁਹਾਵਣੇ ਮੌਕੇ ਪ੍ਰਦਾਨ ਕੀਤੇ ਹਨ।

ਗੁਰੂ ਦੀ ਉਚਾਰਣ ਕੀਤੀ ਬਾਣੀ ਦੇ ਗਾਇਨ ਨਾਲ ਮਨ ਦੀ ਅਵਸਥਾ ਪਰਮ ਅਨੰਦ ਵਾਲੀ ਹੋ ਗਈ ਹੈ। ਅਜਿਹੇ ਮੰਨੇ-ਪ੍ਰਮੰਨੇ ਸੱਜਣ ਪੁਰਸ਼ਾਂ ਨਾਲ ਮਿਲਾਪ ਹੋਇਆ ਹੈ ਕਿ ਸਭ ਕੁਝ ਸੁਹਾਵਣਾ ਪ੍ਰਤੀਤ ਹੋ ਰਿਹਾ ਹੈ।

ਗੁਰਬਾਣੀ ਸਰਵਣ ਕਰਨ ਨਾਲ ਕ੍ਰੋਧ ਬਿਰਤੀ ਤੋਂ ਖਹਿੜਾ ਛੁੱਟ ਗਿਆ ਹੈ, ਤਨ ਵਿਚੋਂ ਮੋਹ-ਮਮਤਾ ਮੁੱਢੋਂ ਨਸ਼ਟ ਹੋ ਗਈ ਤੇ ਲੋਕ ਦਿਖਾਵੇ ਅਤੇ ਵਹਿਮ-ਭਰਮ ਜਿਵੇਂ ਗੁਆਚ ਹੀ ਗਏ ਹੋਣ।

ਹੰਕਾਰ ਦਾ ਦੁਖ ਦੂਰ ਹੋ ਗਿਆ ਹੈ ਤੇ ਇਸ ਦੁਖ ਦੇ ਦੂਰ ਹੋਣ ਕਾਰਣ ਸੁਖ ਪ੍ਰਾਪਤ ਹੋ ਗਿਆ ਹੈ। ਏਨੇ ਨਾਲ ਸਰੀਰ ਬਿਲਕੁਲ ਤੰਦਰੁਸਤ ਹੋ ਗਿਆ ਹੈ।

ਅਵਸਥਾ ਇਹ ਹੋ ਗਈ ਹੈ, ਜਿਵੇਂ ਗੁਰੂ ਦੀ ਅਪਾਰ ਕਿਰਪਾ ਸਦਕਾ ਗੁਣਾਂ ਤੇ ਗੰਭੀਰਤਾ ਦੇ ਪੁੰਜ ਬ੍ਰਹਮ-ਪ੍ਰਭੂ ਨਾਲ ਜਾਣ-ਪਹਿਚਾਣ ਅਤੇ ਨੇੜਤਾ ਵਾਲਾ ਰਿਸ਼ਤਾ ਕਾਇਮ ਹੋ ਗਿਆ ਹੈ।
Tags