ਮਨੁਖੀ ਸਰੀਰ ਨਾਸ਼ਵਾਨ ਹੈ। ਮੌਤ ਉਪਰੰਤ ਇਸ ਦੇ ਸਾਰੇ ਤੱਤ ਆਪਣੇ ਅਸਲੇ ਵਿਚ ਜਾ ਰਲਦੇ ਹਨ ਅਤੇ ਜੀਵਾਤਮਾ ਵਿਆਪਕ-ਪ੍ਰਭੂ ਵਿਚ ਲੀਨ ਹੋ ਜਾਂਦਾ ਹੈ। ਪ੍ਰਭੂ ਦੀ ਅੰਸ਼ ਜੀਵਾਤਮਾ ਕਦੇ ਮਰਦਾ ਨਹੀਂ। ਭਰਮ ਅਤੇ ਮੋਹ ਦੇ ਬੰਧਨਾਂ ਵਿਚ ਬੰਨ੍ਹਿਆਂ ਹੋਇਆ ਜੀਵ ਰੋਂਦਾ ਕਰਲਾਉਂਦਾ ਹੈ। ਜੋ ਸਾਧਕ ਰੱਬੀ ਹੁਕਮ ਨੂੰ ਪਛਾਣਦਾ ਹੈ, ਉਸ ਨੂੰ ਇਹ ਸੋਝੀ ਹੋ ਆਉਂਦੀ ਹੈ ਕਿ ਇਹ ਰੱਬੀ ਚੋਜ ਹੀ ਹੈ। ਗੁਰ-ਸ਼ਬਦ ਦੀ ਬਰਕਤ ਨਾਲ ਮਨੁਖ ਦੇ ਸਾਰੇ ਭਰਮ ਦੂਰ ਹੁੰਦੇ ਹਨ ਅਤੇ ਇਹ ਸਮਝ ਪੈਂਦੀ ਹੈ ਕਿ ਇਸ ਸੰਸਾਰ ’ਤੇ ਨਾ ਕੋਈ ਜੰਮਦਾ-ਮਰਦਾ ਹੈ ਤੇ ਨਾ ਕੋਈ ਆਉਂਦਾ-ਜਾਂਦਾ ਹੈ।
ਰਾਮਕਲੀ ਮਹਲਾ ੫ ॥
ਪਵਨੈ ਮਹਿ ਪਵਨੁ ਸਮਾਇਆ ॥
ਜੋਤੀ ਮਹਿ ਜੋਤਿ ਰਲਿ ਜਾਇਆ ॥
ਮਾਟੀ ਮਾਟੀ ਹੋਈ ਏਕ ॥
ਰੋਵਨਹਾਰੇ ਕੀ ਕਵਨ ਟੇਕ ॥੧॥
ਕਉਨੁ ਮੂਆ ਰੇ ਕਉਨੁ ਮੂਆ ॥
ਬ੍ਰਹਮਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ ॥੧॥ ਰਹਾਉ ॥
ਅਗਲੀ ਕਿਛੁ ਖਬਰਿ ਨ ਪਾਈ ॥
ਰੋਵਨਹਾਰੁ ਭਿ ਊਠਿ ਸਿਧਾਈ ॥
ਭਰਮ ਮੋਹ ਕੇ ਬਾਂਧੇ ਬੰਧ ॥
ਸੁਪਨੁ ਭਇਆ ਭਖਲਾਏ ਅੰਧ ॥੨॥
ਇਹੁ ਤਉ ਰਚਨੁ ਰਚਿਆ ਕਰਤਾਰਿ ॥
ਆਵਤ ਜਾਵਤ ਹੁਕਮਿ ਅਪਾਰਿ ॥
ਨਹ ਕੋ ਮੂਆ ਨ ਮਰਣੈ ਜੋਗੁ ॥
ਨਹ ਬਿਨਸੈ ਅਬਿਨਾਸੀ ਹੋਗੁ ॥੩॥
ਜੋ ਇਹੁ ਜਾਣਹੁ ਸੋ ਇਹੁ ਨਾਹਿ ॥
ਜਾਨਣਹਾਰੇ ਕਉ ਬਲਿ ਜਾਉ ॥
ਕਹੁ ਨਾਨਕ ਗੁਰਿ ਭਰਮੁ ਚੁਕਾਇਆ ॥
ਨਾ ਕੋਈ ਮਰੈ ਨ ਆਵੈ ਜਾਇਆ ॥੪॥੧੦॥
-ਗੁਰੂ ਗ੍ਰੰਥ ਸਾਹਿਬ ੮੮੫
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਮਨੁਖ ਦੀ ਦੇਹ ਦਾ ੯੯ ਫੀਸਦ ਹਿੱਸਾ ਆਕਸੀਜਨ, ਕਾਰਬਨ, ਹਾਈਡ੍ਰੋਜਨ, ਨਾਈਟ੍ਰੋਜਨ, ਕੈਲਸ਼ੀਅਮ ਅਤੇ ਫਾਸਫੋਰਸ ਦਾ ਬਣਿਆ ਹੋਇਆ ਹੈ ਤੇ ਬਾਕੀ ਦਾ ਹਿੱਸਾ ਸਲਫਰ, ਪੋਟਾਸ਼ੀਅਮ, ਸੋਡੀਅਮ, ਕਲੋਰੀਨ ਅਤੇ ਮੈਗਨੀਸ਼ੀਅਮ ਨਾਲ ਬਣਿਆ ਹੈ। ਇਹ ਗਿਆਰਾਂ ਤੱਤ ਪ੍ਰਮੁੱਖ ਮੰਨੇ ਗਏ ਹਨ, ਜਿਨ੍ਹਾਂ ਵਿਚੋਂ ਕਈ ਤੱਤ ਗੈਸ ਦੇ ਰੂਪ ਵਿਚ, ਕਈ ਤਰਲ ਰੂਪ ਵਿਚ ਤੇ ਕਈ ਠੋਸ ਰੂਪ ਵਿਚ ਹਨ। ਜਦ ਮਨੁਖ ਦਾ ਦੇਹਾਂਤ ਹੁੰਦਾ ਹੈ ਤਾਂ ਇਹ ਸਾਰੇ ਤੱਤ ਖਿੰਡ-ਪੁੰਡ ਜਾਂਦੇ ਹਨ ਜਾਂ ਤੱਤਾਂ ਵਿਚ ਜਾ ਰਲਦੇ ਹਨ।
ਪਰ ਭਾਰਤੀ ਲੋਕਮਤ ਅਨੁਸਾਰ ਮਨੁਖ ਦੀ ਦੇਹੀ ਪੰਜ ਤੱਤਾਂ ਦੀ ਬਣੀ ਹੋਈ ਮੰਨੀ ਜਾਂਦੀ ਹੈ। ਜਦ ਇਸ ਦੇਹੀ ਦਾ ਅੰਤ ਹੁੰਦਾ ਹੈ ਤਾਂ ਸਾਰੇ ਤੱਤ ਆਪੋ-ਆਪਣੇ ਤੱਤਾਂ ਵਿਚ ਜਾ ਰਲਦੇ ਹਨ।
ਕੁਝ ਇਸੇ ਤਰ੍ਹਾਂ ਦੇ ਭਾਵ ਵਿਚ ਇਸ ਸ਼ਬਦ ’ਚ ਦੱਸਿਆ ਗਿਆ ਹੈ ਕਿ ਮਨੁਖ ਦਾ ਸੰਸਾਰ ਤੋਂ ਤੁਰ ਜਾਣਾ ਇਸ ਤਰ੍ਹਾਂ ਹੈ, ਜਿਵੇਂ ਹਵਾ ਵਿਚ ਹਵਾ ਮਿਲ ਜਾਂਦੀ ਹੈ ਤੇ ਜਿਵੇਂ ਪ੍ਰਕਾਸ਼, ਪ੍ਰਕਾਸ਼ ਵਿਚ ਮਿਲ ਜਾਂਦਾ ਹੈ। ਭਾਵ, ਕੁਝ ਵੀ ਖਤਮ ਨਹੀਂ ਹੁੰਦਾ।
ਇਸੇ ਤਰ੍ਹਾਂ ਮਿੱਟੀ, ਮਿੱਟੀ ਵਿਚ ਮਿਲ ਜਾਂਦੀ ਹੈ। ਫਿਰ ਸਵਾਲ ਉਠਾਇਆ ਗਿਆ ਹੈ ਕਿ ਜਿਹੜੇ ਲੋਕ ਮਨੁਖ ਦੇ ਤੁਰ ਜਾਣ ’ਤੇ ਰੋ ਰਹੇ ਹਨ, ਉਨ੍ਹਾਂ ਦਾ ਅਧਾਰ ਕੀ ਹੈ? ਭਾਵ, ਉਨ੍ਹਾਂ ਨੇ ਵੀ ਹਮੇਸ਼ਾ ਨਹੀਂ ਰਹਿਣਾ ਤੇ ਇਕ ਨਾ ਇਕ ਦਿਨ ਤੁਰ ਜਾਣਾ ਹੈ। ਫਿਰ ਰੋਣਾ ਕਾਹਦੇ ਲਈ ਹੈ?
ਫਿਰ ਸਵਾਲ ਦੇ ਰੂਪ ਵਿਚ ਦੁਹਰਾ ਕੇ ਦੱਸਿਆ ਗਿਆ ਹੈ ਕਿ ਅਸਲ ਵਿਚ ਕੋਈ ਵੀ ਮਰਦਾ ਨਹੀਂ ਹੈ। ਕਿਉਂਕਿ ਦੇਹੀ ਦੇ ਮੁਢਲੇ ਤੱਤ ਕਦੇ ਵੀ ਖਤਮ ਨਹੀਂ ਹੁੰਦੇ, ਸਿਰਫ ਰੂਪ ਬਦਲਦੇ ਹਨ।
ਗਿਆਨ ਦੇ ਰਾਹੀਂ ਪ੍ਰਭੂ-ਮਿਲਾਪ ਦੇ ਰਾਹ ਤੁਰੇ ਹੋਏ ਲੋਕਾਂ ਨੂੰ ਮਿਲ ਕੇ ਉਪਰੋਕਤ ਤੱਥ ਦੀ ਵਿਚਾਰ ਕਰਨੀ ਚਾਹੀਦੀ ਹੈ। ਕਿਉਂਕਿ ਮਨੁਖ ਦਾ ਤੁਰ ਜਾਣਾ ਪ੍ਰਭੂ ਦੀ ਇਕ ਖੇਡ ਮਾਤਰ ਹੈ। ਪ੍ਰਭੂ ਦੀ ਇਹ ਖੇਡ ਡੂੰਘੀ ਵਿਚਾਰ-ਚਰਚਾ ਦੀ ਮੰਗ ਕਰਦੀ ਹੈ।
ਦੇਹਾਂਤ ਉਪਰੰਤ ਮਨੁਖ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਹੈ ਕਿ ਉਸ ਨਾਲ ਕੀ ਵਾਪਰਦਾ ਹੈ ਤੇ ਕੀ ਨਹੀਂ। ਏਨਾ ਪਤਾ ਹੈ ਕਿ ਮਿਰਤਕ ਲਈ ਰੋਣ ਵਾਲਿਆਂ ਨੇ ਵੀ ਇਕ ਨਾ ਇਕ ਦਿਨ ਸਭ ਕੁਝ ਛੱਡ-ਛਡਾ ਕੇ ਤੁਰ ਜਾਣਾ ਹੈ।
ਮਨੁਖ ਨੇ ਆਪਣੇ-ਆਪ ਨੂੰ ਸਮਾਜਕ ਰਿਸ਼ਤਿਆਂ ਦੇ ਮੋਹ ਦੇ ਭਰਮ-ਜਾਲ ਵਿਚ ਜਕੜਿਆ ਹੋਇਆ ਹੈ। ਜਦ ਅੰਤ ਸਮਾਂ ਆਉਂਦਾ ਹੈ ਤਾਂ ਉਸ ਨੂੰ ਸਾਰਾ ਜੀਵਨ ਸੁਪਨੇ ਵਾਂਗ ਪ੍ਰਤੀਤ ਹੋਣ ਲੱਗਦਾ ਹੈ। ਫਿਰ ਉਹ ਇਸ ਤਰ੍ਹਾਂ ਅਬਾ-ਤਬਾ ਬੋਲਣ ਲੱਗ ਪੈਂਦਾ ਹੈ, ਜਿਵੇਂ ਅੰਨ੍ਹਾ ਮਨੁਖ ਬੁੜ-ਬੁੜਾਉਂਦਾ ਹੋਵੇ। ਭਾਵ, ਗਿਆਨ ਤੋਂ ਸੱਖਣਾ ਮਨੁਖ ਬਿਨਾਂ ਸੋਚੇ-ਸਮਝੇ ਜੋ ਮੂੰਹ ਆਉਂਦਾ ਹੈ, ਬੋਲੀ ਜਾਂਦਾ ਹੈ।
ਮਨੁਖ ਦਾ ਜੀਵਨ ਤਾਂ ਕਰਤੇ ਪ੍ਰਭੂ ਦੀ ਖੇਡ ਦੀ ਨਿਆਈਂ ਰਚਨਾ ਹੈ। ਇਸ ਖੇਡ ਵਿਚ ਭਾਗ ਲੈਣ ਲਈ ਮਨੁਖ ਆਉਂਦੇ ਹਨ ਤੇ ਚਲੇ ਜਾਂਦੇ ਹਨ। ਇਹ ਸਭ ਕੁਝ ਪ੍ਰਭੂ ਦੇ ਹੁਕਮ ਵਿਚ ਹੀ ਹੁੰਦਾ ਹੈ।
ਅੱਗੇ ਇਸ ਗੱਲ ਨੂੰ ਸਮਝਾਉਂਦਿਆਂ ਦੱਸਿਆ ਗਿਆ ਹੈ ਕਿ ਅਸਲ ਵਿਚ ਜੀਵਾਤਮਾ ਕਦੇ ਨਹੀਂ ਮਰਦੀ, ਕਿਉਂਕਿ ਇਹ ਮਰਨ ਵਾਲੀ ਨਹੀਂ ਹੈ। ਭਾਵ, ਸਿਰਫ ਸਰੀਰ ਮਰਦਾ ਹੈ, ਆਤਮਾ ਨਹੀਂ ਮਰਦੀ। ਆਤਮਾ ਤਾਂ ਸਰੀਰ ਬਦਲਦੀ ਹੈ। ਅਸਲ ਵਿਚ ਕਦੇ ਵੀ ਕੁਝ ਮਰਦਾ ਨਹੀਂ ਹੈ ਤੇ ਨਾ ਹੀ ਕੁਝ ਮਰਨ ਜੋਗਾ ਜਾਂ ਮਰਨ ਵਾਲਾ ਹੈ। ਇਸ ਦਾ ਕਾਰਣ ਇਹ ਦੱਸਿਆ ਗਿਆ ਹੈ ਕਿ ਅਵਿਨਾਸ਼ੀ-ਪ੍ਰਭੂ ਦੀ ਅੰਸ਼ ਹੋਣ ਕਾਰਣ ਜੀਵਆਤਮਾ ਕਦੇ ਮਰਦਾ ਨਹੀਂ, ਇਹ ਨਾਸ-ਰਹਿਤ ਹੈ।
ਅੱਗੇ ਇਸ ਗੱਲ ਨੂੰ ਹੋਰ ਖੋਲ੍ਹ ਕੇ ਦੱਸਿਆ ਗਿਆ ਹੈ ਕਿ ਇਸ ਜੀਵ ਨੂੰ ਜੋ ਵੀ ਸਮਝਿਆ ਜਾ ਰਿਹਾ ਹੈ, ਅਸਲ ਵਿਚ ਇਹ ਉਹ ਨਹੀਂ ਹੈ। ਇਹ ਏਨੀ ਸੂਖਮ ਗੱਲ ਹੈ ਕਿ ਜਿਸ ਕਿਸੇ ਨੂੰ ਵੀ ਇਸ ਦੀ ਸੋਝੀ ਹੋ ਜਾਵੇ, ਉਸ ਦੇ ਬਲਹਾਰ ਜਾਣਾ ਚਾਹੀਦਾ ਹੈ। ਭਾਵ, ਉਸ ਦੇ ਸ਼ਾਬਾਸ਼ ਹੈ।
ਸ਼ਬਦ ਦੇ ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਇਹ ਸੂਖਮ ਗਿਆਨ ਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ। ਗੁਰੂ ਨੇ ਅਗਿਆਨ ਰੂਪ ਭਰਮ ਦੂਰ ਕਰ ਦਿੱਤਾ ਹੈ। ਗੁਰ-ਸ਼ਬਦ ਦੀ ਬਰਕਤ ਨਾਲ ਜਿਸ ਨੂੰ ਇਹ ਗਿਆਨ ਮਿਲ ਜਾਂਦਾ ਹੈ, ਉਸ ਦਾ ਭਰਮ ਦੂਰ ਹੋ ਜਾਂਦਾ ਹੈ। ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਨਾ ਹੀ ਕੋਈ ਕਦੇ ਮਰਦਾ ਹੈ ਤੇ ਨਾ ਹੀ ਇਥੇ ਕਦੇ ਕੋਈ ਆਉਂਦਾ-ਜਾਂਦਾ ਹੈ। ਭਾਵ, ਜੋ ਵੀ ਹੈ ਸਭ ਸਦੀਵੀ ਤੌਰ ’ਤੇ ਸੱਚ ਹੈ ਤੇ ਜੋ ਸੱਚ ਨਹੀਂ ਉਹ ਕੇਵਲ ਮਨ ਦਾ ਭਰਮ ਹੈ। ਜੋ ਗੁਰੂ-ਸ਼ਬਦ ਦੀ ਬਰਕਤ ਨਾਲ ਹੀ ਦੂਰ ਹੁੰਦਾ ਹੈ।