ਸਾਰੀ ਸ੍ਰਿਸ਼ਟੀ ਦਾ ਮਾਲਕ ਪ੍ਰਭੂ ਆਪ ਹੈ। ਉਸ ਦੇ ਹੁਕਮ ਅਧੀਨ ਹੀ ਸਾਰੇ ਸੰਸਾਰ ਦੀ ਪ੍ਰਕਿਰਿਆ ਚੱਲ ਰਹੀ ਹੈ। ਕਿਸੇ ਦੇ ਆਪਣੇ ਹੱਥ-ਵਸ ਕੁਝ ਵੀ ਨਹੀਂ ਹੈ। ਸਾਰੇ ਜੀਵ ਪ੍ਰਭੂ ਦੇ ਭੇਜੇ ਹੋਏ ਹੀ ਇਸ ਸੰਸਾਰ ਵਿਚ ਆਉਂਦੇ ਅਤੇ ਉਸ ਦਾ ਸੱਦਾ ਆਉਣ ’ਤੇ ਇਥੋਂ ਕੂਚ ਕਰ ਜਾਂਦੇ ਹਨ।
ਸਲੋਕ ਮਹਲਾ ੨ ॥
ਤਿਸੁ ਸਿਉ ਕੈਸਾ ਬੋਲਣਾ ਜਿ ਆਪੇ ਜਾਣੈ ਜਾਣੁ ॥
ਚੀਰੀ ਜਾ ਕੀ ਨਾ ਫਿਰੈ ਸਾਹਿਬੁ ਸੋ ਪਰਵਾਣੁ ॥
ਚੀਰੀ ਜਿਸ ਕੀ ਚਲਣਾ ਮੀਰ ਮਲਕ ਸਲਾਰ ॥
ਜੋ ਤਿਸੁ ਭਾਵੈ ਨਾਨਕਾ ਸਾਈ ਭਲੀ ਕਾਰ ॥
ਜਿਨੑਾ ਚੀਰੀ ਚਲਣਾ ਹਥਿ ਤਿਨੑਾ ਕਿਛੁ ਨਾਹਿ ॥
ਸਾਹਿਬ ਕਾ ਫੁਰਮਾਣੁ ਹੋਇ ਉਠੀ ਕਰਲੈ ਪਾਹਿ ॥
ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ ॥
ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥੧॥
ਗੁਰੂ ਗ੍ਰੰਥ ਸਾਹਿਬ ੧੨੩੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਪ੍ਰਭੂ ਦੀ ਸਿਫਤ ਦੱਸੀ ਗਈ ਹੈ ਕਿ ਉਹ ਅਜਿਹਾ ਗਿਆਤਾ ਹੈ, ਜੋ ਸਭ ਕੁਝ ਜਾਣਦਾ ਹੈ। ਇਸ ਲਈ ਉਸ ਅੱਗੇ ਬੋਲਣਾ ਜਚਦਾ ਨਹੀਂ। ਕਿਉਂਕਿ ਉਸ ਨੂੰ ਬੋਲ ਕੇ ਦੱਸਣ ਦੀ ਕੋਈ ਲੋੜ ਹੀ ਨਹੀਂ ਹੈ। ਭਾਵ, ਅੰਤਰਜਾਮੀ ਪ੍ਰਭੂ ਸਭ ਦੇ ਦਿਲਾਂ ਦੀਆਂ ਜਾਣਦਾ ਹੈ। ਸਭ ਕੁਝ ਉਸ ਦੇ ਹੁਕਮ ਵਿਚ ਹੀ ਹੋ ਰਿਹਾ ਹੈ।
ਅਸਲ ਮਾਲਕ ਉਹੀ ਹੈ, ਜਿਸ ਦਾ ਲਿਖਿਆ ਹੋਇਆ ਕਦੇ ਬਦਲ ਨਹੀਂ ਸਕਦਾ। ਭਾਵ, ਉਸ ਦੇ ਇਲਾਵਾ ਕਿਸੇ ਹੋਰ ਕੋਲ ਕੋਈ ਤਾਕਤ ਨਹੀਂ ਹੈ ਕਿ ਉਸ ਦਾ ਲਿਖਿਆ ਬਦਲ ਸਕੇ।
ਉਹ ਪ੍ਰਭੂ ਏਨਾ ਸਮਰੱਥਾਵਾਨ ਹੈ, ਜਿਸ ਦੇ ਲਿਖੇ ਹੋਏ ਅਨੁਸਾਰ ਹਰ ਕਿਸੇ ਨੂੰ ਸੰਸਾਰ ਛੱਡ ਕੇ ਜਾਣਾ ਹੀ ਪੈਂਦਾ ਹੈ। ਬੇਸ਼ੱਕ ਕੋਈ ਜਿੰਨਾ ਮਰਜੀ ਅਮੀਰ ਹੋਵੇ, ਜਮੀਨ-ਜਾਇਦਾਦ ਵਾਲਾ ਹੋਵੇ ਜਾਂ ਰਾਜਸੀ ਬੱਲ ਵਾਲਾ ਹੋਵੇ।
ਇਸ ਕਰਕੇ ਉਸ ਪ੍ਰਭੂ ਨੂੰ ਜੋ ਕੁਝ ਵੀ ਚੰਗਾ ਲੱਗਦਾ ਹੈ, ਹਰ ਕਿਸੇ ਨੂੰ ਉਹੀ ਕਾਰਜ ਭਲਾ ਕਰਕੇ ਮੰਨਣਾ ਪੈਂਦਾ ਹੈ ਅਤੇ ਉਸ ਨੂੰ ਮੰਨਣ ਵਿਚ ਹੀ ਭਲਾਈ ਹੁੰਦੀ ਹੈ।
ਪ੍ਰਭੂ ਦੇ ਪਹਿਲਾਂ ਤੋਂ ਲਿਖੇ ਹੋਏ ਅਨੁਸਾਰ ਹਰ ਮਨੁਖ ਨੇ ਸੰਸਾਰ ਛੱਡ ਕੇ ਜਾਣਾ ਹੀ ਹੁੰਦਾ ਹੈ, ਉਸ ਦੇ ਆਪਣੇ ਹੱਥ-ਵਸ ਕੁਝ ਵੀ ਨਹੀਂ ਹੁੰਦਾ। ਭਾਵ, ਉਹ ਆਪਣੇ-ਆਪ ਨੂੰ ਇਥੋਂ ਤੁਰ ਜਾਣ ਤੋਂ ਰੋਕ ਨਹੀਂ ਸਕਦਾ। ਸੋ, ਉਸ ਨੂੰ ਨਾ ਚਾਹੁੰਦੇ ਹੋਏ ਵੀ ਪ੍ਰਭੂ ਦਾ ਹੁਕਮ ਮੰਨਦਿਆਂ ਇਸ ਦੁਨੀਆ ਤੋਂ ਜਾਣਾ ਹੀ ਪੈਂਦਾ ਹੈ।
ਇਸ ਲਈ ਜਦ ਕਿਸੇ ਨੂੰ ਸੰਸਾਰ ਛੱਡ ਜਾਣ ਦਾ ਹੁਕਮ ਹੁੰਦਾ ਹੈ ਤਾਂ ਉਹ ਇਕ ਦਮ ਉੱਠ ਕੇ ਆਪਣਾ ਰਸਤਾ ਲੈ ਲੈਂਦਾ ਹੈ, ਭਾਵ ਉਸ ਰਸਤੇ ’ਤੇ ਚੱਲ ਪੈਂਦਾ ਹੈ। ਉਸ ਕੋਲ ਰੁਕਣ ਦੀ ਕੋਈ ਤਾਕਤ ਨਹੀਂ ਹੁੰਦੀ।
ਜੋ ਕੁਝ ਵੀ ਉਸ ਲਿਖਤ ਵਿਚ ਲਿਖਿਆ ਹੁੰਦਾ ਹੈ, ਮਨੁਖ ਨੂੰ ਉਸ ਹੁਕਮ ’ਤੇ ਹੀ ਅਮਲ ਕਰਨਾ ਪੈਂਦਾ ਹੈ। ਭਾਵ, ਉਸ ਦੀ ਆਪਣੀ ਮਰਜੀ ਕੋਈ ਨਹੀਂ ਹੁੰਦੀ।
ਅਖੀਰ ਵਿਚ ਦੱਸਿਆ ਗਿਆ ਹੈ ਕਿ ਪ੍ਰਭੂ ਦਾ ਹੁਕਮ ਏਨਾ ਪ੍ਰਬਲ ਹੈ ਕਿ ਜੀਵ ਉਸ ਦੇ ਭੇਜੇ ਹੋਏ ਜਨਮ ਲੈ ਕੇ ਸੰਸਾਰ ਵਿਚ ਆਉਂਦੇ ਹਨ ਅਤੇ ਜਦ ਉਸ ਵੱਲੋਂ ਵਾਪਸ ਆਪਣੇ ਕੋਲ ਆਉਣ ਦਾ ਸੱਦਾ ਆਉਂਦਾ ਹੈ ਤਾਂ ਉੱਠ ਕੇ ਚਲੇ ਜਾਂਦੇ ਹਨ। ਭਾਵ, ਜੀਵ ਦਾ ਆਉਣ-ਜਾਣ ਪ੍ਰਭੂ ਦੇ ਹੁਕਮ ਵਿਚ ਹੀ ਹੁੰਦਾ ਹੈ।