ਇਸ
ਸਲੋਕ ਵਿਚ ਮਨੁਖ ਦੇ ਜੀਵਨ ਦਾ ਇਕ ਖਾਸ ਦ੍ਰਿਸ਼ ਪੇਸ਼ ਕੀਤਾ ਗਿਆ ਹੈ। ਮਨੁਖ ਕਈ ਤਰ੍ਹਾਂ ਦੀਆਂ ਲਾਲਸਾਵਾਂ ਤੇ ਕਾਮਨਾਵਾਂ ਲੈ ਕੇ ਇਸ ਸੰਸਾਰ ਵਿਚ ਪੈਦਾ ਹੁੰਦਾ ਹੈ। ਇਨ੍ਹਾਂ ਦੀ ਪੂਰਤੀ ਕਰਦਾ ਉਹ ਮੌਤ ਨੂੰ ਵਿਸਾਰ ਦਿੰਦਾ ਹੈ। ਪਰ ਮੌਤ ਅਟੱਲ ਹੈ। ਮੌਤ ਉਪਰੰਤ ਪ੍ਰਭੂ ਦੀ ਦਰਗਾਹ ਵਿਚ ਉਸ ਵੱਲੋਂ ਸੰਸਾਰ ਵਿਚ ਵਿਚਰਦਿਆਂ ਕੀਤੇ ਚੰਗੇ ਅਮਲ ਹੀ ਨਾਲ ਨਿਭਦੇ ਹਨ, ਹੋਰ ਕੁਝ ਨਹੀਂ।
ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ ॥
ਆਇਓ ਬੰਦਾ ਦੁਨੀ ਵਿਚਿ ਵਤਿਆਸੂਣੀ ਬੰਨੑਿ ॥
ਮਲਕਲਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ ॥
ਤਿਨੑਾ ਪਿਆਰਿਆ ਭਾਈਆਂ ਅਗੈ ਦਿਤਾ ਬੰਨੑਿ ॥
ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨੑਿ ॥
ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ ॥੧੦੦॥
-ਗੁਰੂ ਗ੍ਰੰਥ ਸਾਹਿਬ ੧੩੮੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਦੱਸਦੇ ਹਨ ਕਿ ਬੰਦੇ ਦੀ ਦੇਹ ਔਸਤਨ ਕਰੀਬ ਸਾਢੇ ਤਿੰਨ ਮਣ, ਭਾਵ ਸੱਠ-ਸੱਤਰ ਕਿੱਲੋ ਦੀ ਹੁੰਦੀ ਹੈ, ਜੋ ਅੰਨ ਅਤੇ ਪਾਣੀ ਦੇ ਆਸਰੇ ਕਾਰ-ਵਿਹਾਰ ਕਰਨ ਜੋਗੀ ਹੁੰਦੀ ਹੈ।
ਬੰਦਾ ਇਸ ਸੰਸਾਰ ਵਿਚ ਜਨਮ ਲੈ ਕੇ ਆਉਂਦਾ ਹੈ ਤੇ ਇਥੇ ਆ ਕੇ ਉਹ ਕਈ ਤਰ੍ਹਾਂ ਦੀਆਂ ਉਮੀਦਾਂ ਪੱਲੇ ਬੰਨ੍ਹ ਲੈਂਦਾ ਹੈ। ਭਾਵ, ਇਛਾਵਾਂ ਦੀ ਗ੍ਰਿਫਤ ਵਿਚ ਘਿਰਿਆ ਹੋਇਆ ਜੀਵਨ ਬਸਰ ਕਰਦਾ ਹੈ।
ਮੌਤ ਤੋਂ ਬਚਣ ਲਈ ਉਸ ਨੇ ਜਿੰਨੇ ਮਰਜੀ ਪ੍ਰਬੰਧ ਕੀਤੇ ਹੋਣ, ਪਰ ਮੌਤ ਦਾ ਦੂਤ ਜਦ ਆਉਂਦਾ ਹੈ ਤਾਂ ਉਹ ਹਰ ਤਰ੍ਹਾਂ ਦੀਆਂ ਰੁਕਾਵਟਾਂ ਤੋੜ-ਭੰਨ ਕੇ ਆਉਂਦਾ ਹੈ। ਭਾਵ, ਮੌਤ ਨੂੰ ਕਿਸੇ ਵੀ ਤਰ੍ਹਾਂ ਰੋਕਿਆ ਨਹੀਂ ਜਾ ਸਕਦਾ।
ਫਿਰ ਜਿਨ੍ਹਾਂ ਸਕੇ-ਸੰਬੰਧੀਆਂ ਨੂੰ ਉਹ ਬੇਹੱਦ ਪਿਆਰ ਕਰਦਾ ਸੀ, ਉਹੀ ਉਸ ਨੂੰ ਸੀੜੀ (ਅਰਥੀ) ’ਤੇ ਬੰਨ੍ਹ ਕੇ ਉਸ ਦੇ ਅਗਲੇ ਸਫਰ ਲਈ ਰਵਾਨਾ ਕਰ ਦਿੰਦੇ ਹਨ। ਭਾਵ, ਉਸ ਨੂੰ ਕੋਈ ਵੀ ਰਖ ਨਹੀਂ ਸਕਦਾ।
ਜਦ ਉਸ ਨੂੰ ਸ਼ਮਸ਼ਾਨ ਘਾਟ ਵੱਲ ਲਿਜਾਇਆ ਜਾ ਰਿਹਾ ਹੁੰਦਾ ਹੈ ਤਾਂ ਲੋਕ ਇਕ-ਦੂਜੇ ਨੂੰ ਦੱਸਦੇ ਹਨ ਕਿ ਦੇਖੋ ਏਨੇ ਲੋਕਾਂ ਦਾ ਚਹੇਤਾ ਉਹੀ ਬੰਦਾ ਹੁਣ ਸਿਰਫ ਚਾਰ ਬੰਦਿਆਂ ਦੇ ਮੋਢਿਆਂ ’ਤੇ ਸਵਾਰ ਹੋ ਕੇ ਜਾ ਰਿਹਾ ਹੈ।
ਸਲੋਕ ਦੇ ਅਖੀਰ ਵਿਚ ਬਾਬਾ ਫਰੀਦ ਜੀ ਦੱਸਦੇ ਹਨ ਕਿ ਬੰਦੇ ਨੇ ਸੰਸਾਰ ਵਿਚ ਜੀਵਤ ਰਹਿੰਦੇ ਹੋਏ ਜਿਹੜੇ ਚੰਗੇ ਕਾਰਜ ਕੀਤੇ ਹੁੰਦੇ ਹਨ, ਉਹੀ ਫਿਰ ਰੱਬ ਦੀ ਦਰਗਾਹ ਵਿਚ ਉਸ ਦੇ ਕੰਮ ਆਉਂਦੇ ਹਨ। ਭਾਵ, ਉਥੇ ਕੋਈ ਸਿਫਾਰਸ਼ ਜਾਂ ਲਿਹਾਜਦਾਰੀ ਕੰਮ ਨਹੀਂ ਆਉਂਦੀ।