Guru Granth Sahib Logo
  
ਇਸ ਸਲੋਕ ਵਿਚ ਬਾਬਾ ਫਰੀਦ ਜੀ ਜੀਵਨ ਦੀ ਅਨਿਸ਼ਚਿਤਤਾ ਅਤੇ ਪ੍ਰਭੂ ਦੇ ਅਟਲ ਨਿਯਮ ਨੂੰ ਬਹੁਤ ਹੀ ਢੁਕਵੇਂ ਅਤੇ ਸੁੰਦਰ ਢੰਗ ਨਾਲ ਬਿਆਨ ਕਰਦੇ ਹਨ। ਬਗਲੇ ਦੇ ਪ੍ਰਤੀਕ ਰਾਹੀਂ ਦਰਸਾਇਆ ਹੈ ਕਿ ਮਨੁਖ ਜਿੰਦਗੀ ਦੀ ਖੂਬਸੂਰਤੀ ਅਤੇ ਕੁਦਰਤ ਦੀਆਂ ਨਿਆਮਤਾਂ ਦਾ ਅਨੰਦ ਲੈਣ ਵੇਲੇ ਮੌਤ ਤੋਂ ਬੇਖਬਰ ਹੁੰਦਾ ਹੈ। ਪਰ ਮੌਤ ਕਿਸੇ ਵੇਲੇ ਵੀ ਆ ਸਕਦੀ ਹੈ।
ਫਰੀਦਾ  ਦਰੀਆਵੈ ਕੰਨੑੈ ਬਗੁਲਾ   ਬੈਠਾ ਕੇਲ ਕਰੇ
ਕੇਲ ਕਰੇਦੇ ਹੰਝ ਨੋ   ਅਚਿੰਤੇ ਬਾਜ ਪਏ
ਬਾਜ ਪਏ ਤਿਸੁ ਰਬ ਦੇ   ਕੇਲਾਂ ਵਿਸਰੀਆਂ
ਜੋ ਮਨਿ ਚਿਤਿ ਚੇਤੇ ਸਨਿ   ਸੋ ਗਾਲੀ ਰਬ ਕੀਆਂ ॥੯੯॥
-ਗੁਰੂ ਗ੍ਰੰਥ ਸਾਹਿਬ ੧੩੮੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਮਨੁਖ ਦੇ ਦਿਹਾਂਤ ਦੇ ਸੰਬੰਧ ਵਿਚ ਦ੍ਰਿਸ਼ਟਾਂਤ ਪੇਸ਼ ਕਰਦੇ ਹੋਏ ਦੱਸ ਰਹੇ ਹਨ ਕਿ ਦਰਿਆ ਦੇ ਕਿਨਾਰੇ ਬਗਲਾ ਖੇਡਾਂ ਖੇਡ ਰਿਹਾ ਸੀ ਕਿ ਅਚਾਨਕ ਹੀ ਉਸ ਬਗਲੇ ਨੂੰ ਬਾਜ ਝਪਟ ਪੈਂਦੇ ਹਨ ਤੇ ਆਪਣਾ ਸ਼ਿਕਾਰ ਬਣਾ ਲੈਂਦੇ ਹਨ। ਭਾਵ, ਉਸ ਨੂੰ ਮਾਰ ਮੁਕਾਉਂਦੇ ਹਨ।

ਜਿਸ ਰੱਬ ਨੇ ਬਗਲੇ ਨੂੰ ਪੈਦਾ ਕੀਤਾ ਹੈ, ਉਸ ਨੇ ਹੀ ਬਾਜ ਪੈਦਾ ਕੀਤਾ ਹੈ। ਇਸ ਲਈ ਫਰੀਦ ਜੀ ਦੱਸਦੇ ਹਨ ਕਿ ਜਦ ਉਸ ਰੱਬ ਦੇ ਬਾਜ, ਬਗਲੇ ’ਤੇ ਝਪਟ ਪੈਂਦੇ ਹਨ ਤਾਂ ਉਸ ਬਗਲੇ ਨੂੰ ਇਕਦਮ ਸਾਰੀਆਂ ਖੇਡਾਂ ਭੁੱਲ-ਭੁਲਾ ਜਾਂਦੀਆਂ ਹਨ। ਜਿਸ ਅੰਤ ਬਾਰੇ ਉਸ ਨੇ ਆਪਣੇ ਮਨ-ਚਿੱਤ ਵਿਚ ਕਦੇ ਸੋਚਿਆ ਤਕ ਨਹੀਂ ਹੁੰਦਾ, ਉਹੀ ਗੱਲਾਂ ਰੱਬ ਕਰ ਦਿੰਦਾ ਹੈ। ਭਾਵ, ਉਹੀ ਕੁਝ ਉਸ ਦੇ ਨਾਲ ਵਾਪਰ ਜਾਂਦਾ ਹੈ।

ਇਹੀ ਹਾਲ ਮਨੁਖ ਦਾ ਹੈ। ਜੋ ਦੁਨੀਆ ਦੇ ਰੰਗ-ਤਮਾਸ਼ਿਆਂ ਵਿਚ ਇੰਨਾ ਮਸਤ ਹੋ ਜਾਂਦਾ ਹੈ ਕਿ ਉਸ ਨੂੰ ਇਹ ਵੀ ਯਾਦ ਨਹੀਂ ਰਹਿੰਦਾ ਕਿ ਇਕ ਦਿਨ ਉਸ ਨੂੰ ਇਹ ਦੁਨੀਆ ਛੱਡ ਕੇ ਜਾਣਾ ਪੈਣਾ ਹੈ। ਪਰ ਅਚਾਨਕ ਇਕ ਦਿਨ ਉਸ ਨੂੰ ਸਭ ਕੁਝ ਛੱਡ ਕਾ ਜਾਣਾ ਪੈਂਦਾ ਹੈ।
Tags