ਇਸ ਸ਼ਬਦ ਵਿਚ ਦੱਸਿਆ ਹੈ ਕਿ ਜਿਨ੍ਹਾਂ ਇੰਦਰੀਆਂ ਦੇ ਰਸ ਨੇ ਮਨੁਖ ਨੂੰ ਪ੍ਰਭੂ ਤੋਂ ਵਿਛੋੜ ਕੇ ਰਖਿਆ ਸੀ, ਉਹ ਸਰੀਰ ਵਿਚੋਂ ਆਤਮ-ਚੇਤਨਾ ਦੇ ਨਿਕਲ ਜਾਣ ਨਾਲ ਸਾਥ ਛੱਡ ਜਾਂਦੇ ਹਨ। ਸੋ, ਉਨ੍ਹਾਂ ਦੇ ਬੰਧਨਾਂ ਵਿਚ ਨਾ ਪਵੋ, ਬਲਕਿ ਉਨ੍ਹਾਂ ਨੂੰ ਕਾਬੂ ਵਿਚ ਰਖੋ। ਜਿਹੜਾ ਮਨੁਖ ਪ੍ਰਭੂ ਨੂੰ ਸਿਮਰਦਾ ਅਤੇ ਆਪਣੇ ਮਨ ਵਿਚ ਵਸਾਉਂਦਾ ਹੈ, ਉਹ ਜਿਉਂਦੇ-ਜੀਅ ਹੀ ਸਾਰੇ ਬੰਧਨ ਤੋੜ ਕੇ ਜੀਵਨ-ਮੁਕਤ ਹੋ ਜਾਂਦਾ ਹੈ।
ਆਸਾ ॥
ਗਗਨ ਨਗਰਿ ਇਕ ਬੂੰਦ ਨ ਬਰਖੈ ਨਾਦੁ ਕਹਾ ਜੁ ਸਮਾਨਾ ॥
ਪਾਰਬ੍ਰਹਮ ਪਰਮੇਸੁਰ ਮਾਧੋ ਪਰਮਹੰਸੁ ਲੇ ਸਿਧਾਨਾ ॥੧॥
ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ ॥
ਸੁਰਤਿ ਮਾਹਿ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ ॥੧॥ ਰਹਾਉ ॥
ਬਜਾਵਨਹਾਰੋ ਕਹਾ ਗਇਓ ਜਿਨਿ ਇਹੁ ਮੰਦਰੁ ਕੀਨੑਾ ॥
ਸਾਖੀ ਸਬਦੁ ਸੁਰਤਿ ਨਹੀ ਉਪਜੈ ਖਿੰਚਿ ਤੇਜੁ ਸਭੁ ਲੀਨੑਾ ॥੨॥
ਸ੍ਰਵਨਨ ਬਿਕਲ ਭਏ ਸੰਗਿ ਤੇਰੇ ਇੰਦ੍ਰੀ ਕਾ ਬਲੁ ਥਾਕਾ ॥
ਚਰਨ ਰਹੇ ਕਰ ਢਰਕਿ ਪਰੇ ਹੈ ਮੁਖਹੁ ਨ ਨਿਕਸੈ ਬਾਤਾ ॥੩॥
ਥਾਕੇ ਪੰਚ ਦੂਤ ਸਭ ਤਸਕਰ ਆਪ ਆਪਣੈ ਭ੍ਰਮਤੇ ॥
ਥਾਕਾ ਮਨੁ ਕੁੰਚਰ ਉਰੁ ਥਾਕਾ ਤੇਜੁ ਸੂਤੁ ਧਰਿ ਰਮਤੇ ॥੪॥
ਮਿਰਤਕ ਭਏ ਦਸੈ ਬੰਦ ਛੂਟੇ ਮਿਤ੍ਰ ਭਾਈ ਸਭ ਛੋਰੇ ॥
ਕਹਤ ਕਬੀਰਾ ਜੋ ਹਰਿ ਧਿਆਵੈ ਜੀਵਤ ਬੰਧਨ ਤੋਰੇ ॥੫॥੫॥੧੮॥
-ਗੁਰੂ ਗ੍ਰੰਥ ਸਾਹਿਬ ੪੮੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਨੋਟ: ਭਾਰਤੀ ਪਰੰਪਰਾ ਵਿਚ ਦੇਹੀ ਵਿਚ ਰਹਿਣ ਵਾਲੇ ਨੂੰ ਪੁਰਸ਼ ਕਿਹਾ ਗਿਆ ਹੈ: ਪੁਰਿ ਸ਼ੇਤੇ ਇਤਿ ਪੁਰੁਸ਼: (पुरि शेते इति पुरूषः)। ਭਾਵ, ਜੋ ਪੁਰੀ ਜਾਂ ਦੇਹੀ ਵਿਚ ਵਸਦਾ ਹੈ, ਉਹ ਪੁਰਸ਼ ਹੈ। ਇਸ ਅਨਾਮ ਪੁਰਸ਼ ਨੂੰ ਹੰਸ ਜਾਂ ਪਰਮਹੰਸ ਵੀ ਕਿਹਾ ਜਾਂਦਾ ਹੈ। ਇਸੇ ਨੂੰ ਆਤਮਾ ਜਾਂ ਮਨ ਵੀ ਕਹਿੰਦੇ ਹਨ।
ਜਦੋਂ ਆਤਮਾ ਦੇਹੀ ਨੂੰ ਛੱਡ ਦਿੰਦੀ ਹੈ ਤਾਂ ਦੇਹੀ ਦਾ ਅੰਤ ਹੋ ਜਾਂਦਾ ਹੈ। ਇਸ ਨੂੰ ਮੌਤ ਕਹਿੰਦੇ ਹਨ। ਜਦੋਂ ਆਤਮਾ ਦੇਹੀ ਤੋਂ ਨਿਰਲੇਪ ਹੋ ਜਾਂਦੀ ਹੈ ਤਾਂ ਇਸ ਨੂੰ ਮੁਕਤੀ ਕਹਿੰਦੇ ਹਨ। ਬੇਸ਼ੱਕ ਮੌਤ ਅਤੇ ਮੁਕਤੀ ਵਿਚ ਬੜੀ ਸਮਾਨਤਾ ਹੈ। ਫਿਰ ਵੀ ਮੌਤ ਕੁਦਰਤ ਦਾ ਅਸੂਲ ਹੈ ਤੇ ਮੁਕਤੀ ਧਰਮ ਦਾ ਉਦੇਸ਼। ਦੋਹਾਂ ਵਿਚ ਜਮੀਨ ਅਸਮਾਨ ਦਾ ਅੰਤਰ ਹੈ। ਮੌਤ ਦੁਖ ਦੀ ਘਟਨਾ ਹੈ ਤੇ ਮੁਕਤੀ ਪਰਮ-ਸੁਖ ਦਾ ਅਨੁਭਵ ਹੈ।
ਆਤਮਾ ਜਾਂ ਮਨ ਅਗਿਆਨ ਵਸ ਦੇਹੀ ਨੂੰ ਆਪਣੀ ਪਛਾਣ ਸਮਝ ਬੈਠਦਾ ਹੈ। ਪਰ ਗਿਆਨ ਉਸ ਨੂੰ ਦੇਹੀ ਤੋਂ ਨਿਰਲੇਪ ਕਰ ਕੇ ਉਸ ਦੇ ਅਸਲ ਆਪੇ ਵਿਚ ਲੈ ਜਾਂਦਾ ਹੈ। ਇਸੇ ਨੂੰ ਕਿਹਾ ਗਿਆ ਹੈ: ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥ ਇਥੇ ਮਨ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਜੋਤਿ, ਭਾਵ ਪ੍ਰਕਾਸ਼-ਰੂਪ ਹੈ, ਦੇਹੀ ਨਹੀਂ। ਇਸ ਲਈ ਉਹ ਆਪਣੇ ਮੂਲ ਦੀ ਪਛਾਣ ਕਰੇ। ਅਸਲ ਵਿਚ ਮਨ ਜਾਂ ਆਤਮਾ ਨੇ ਦੇਹੀ ਦੀ ਬਜਾਏ ਆਪਣੇ ਮੂਲ ਪਰਮਾਤਮਾ ਨੂੰ ਜਾਣਨਾ ਤੇ ਮਿਲਣਾ ਹੈ।
ਜਦੋਂ ਆਤਮਾ ਆਪਣੇ-ਆਪ ਨੂੰ ਦੇਹੀ ਅਨੁਮਾਨ ਲੈਂਦੀ ਹੈ ਤਾਂ ਦੇਹੀ ਦੇ ਦੁਖ ਦੀ ਗ੍ਰਿਫਤ ਵਿਚ ਆ ਕੇ ਦੁਖੀ ਹੁੰਦੀ ਹੈ। ਜਦ ਇਹ ਦੇਹੀ ਦੀ ਬਜਾਏ ਪਰਮਾਤਮਾ ਨਾਲ ਮਿਲ ਜਾਂਦੀ ਹੈ ਤਾਂ ਪਰਮ-ਸੁਖ ਮਹਿਸੂਸ ਕਰਦੀ ਹੈ।
ਭਗਤ ਕਬੀਰ ਜੀ ਦੇ ਇਸ ਸ਼ਬਦ ਵਿਚ ਆਏ ਸੰਬੋਧਨ ‘ਬਾਬਾ’ ਤੋਂ ਪ੍ਰਤੀਤ ਹੁੰਦਾ ਹੈ, ਜਿਵੇਂ ਕਿਸੇ ਸਤਿਕਾਰਤ ਬਜ਼ੁਰਗ ਵਿਅਕਤੀ ਦਾ ਦੇਹਾਂਤ ਹੋ ਗਿਆ ਹੋਵੇ। ਉਸ ਦੇ ਸੋਗ ਵਿਚ ਹਰ ਪਾਸੇ ਮਾਤਮ ਛਾਇਆ ਹੋਵੇ। ਹਰ ਕੋਈ ਉਸ ਦੇ ਜੀਵਤ ਦ੍ਰਿਸ਼ ਚੇਤੇ ਕਰ ਕੇ ਗਹਿਰੇ ਦੁਖ ਦਾ ਇਜ਼ਹਾਰ ਕਰ ਰਿਹਾ ਰਿਹਾ ਹੋਵੇ।
ਇਸ ਸੋਗਵਾਰ ਦ੍ਰਿਸ਼ ਅਤੇ ਉਦਾਸ ਵਾਤਾਵਰਣ ਵਿਚ ਭਗਤ ਕਬੀਰ ਜੀ ਦਾ ਮਨ ਕਾਵਿ ਆਵੇਸ਼ ਵਿਚ ਆ ਜਾਂਦਾ ਹੈ। ਉਹ ਇਸ ਮ੍ਰਿਤੂ ਦ੍ਰਿਸ਼ ਦੇ ਗਮਗੀਨ ਵਾਤਾਵਰਣ ਨੂੰ ਜੀਵਨ-ਮੁਕਤੀ ਦੇ ਅਨੰਦਮਈ ਜੀਵੰਤ ਦ੍ਰਿਸ਼ ਅਤੇ ਉਦਾਤ ਵਾਤਾਵਰਣ ਦੇ ਦ੍ਰਿਸ਼ਟਾਂਤ ਵਜੋਂ ਉਭਾਰਦੇ ਹਨ। ਭਾਰਤੀ ਕਾਵਿ ਪ੍ਰਤਿਭਾ ਅਤੇ ਪਰੰਪਰਾ ਵਿਚ ਨਿਰਾਕਾਰ ਮਸਲੇ ਅਕਾਰ ਰੂਪ ਪ੍ਰਤੀਕਾਂ ਵਿਚ ਸੁਲਝਾਏ ਜਾਂਦੇ ਹਨ। ਇਹ ਕਮਾਲ ਇਸ ਸ਼ਬਦ ਵਿਚ ਵੀ ਸਾਕਾਰ ਹੋਇਆ ਨਜਰ ਆਉਂਦਾ ਹੈ।
ਭਗਤ ਜੀ ਬਿਹਬਲ ਹੋ ਕੇ ਪੁੱਛ ਰਹੇ ਹਨ ਕਿ ਹੇ ਬਾਬਾ! ਉਹ ਪਰਮਹੰਸ ਰੂਪ ਆਤਮਾ ਜਾਂ ਮਨ ਹੋਰੀਂ ਹੁਣ ਕਿਥੇ ਚਲੇ ਗਏ ਹਨ, ਜਿਨ੍ਹਾਂ ਦੇ ਇਸ ਦੇਹੀ ਵਿਚ ਰਹਿਣ ਸਦਕਾ ਤੁਸੀਂ ਚੰਗੇ ਭਲੇ ਬੋਲਦੇ ਸੀ। ਜਿਹੜੇ ਤੁਹਾਡੀ ਸੁਰਤ ਵਿਚ ਨੱਠ-ਭੱਜ ਕਰਦੇ ਤੇ ਕਥਾ-ਕਹਾਣੀਆਂ ਸੁਣਾਉਂਦੇ ਸਨ।
ਹੁਣ ਤੁਹਾਡੇ ਮਸਤਕ ਰੂਪ ਅਕਾਸ਼ ਜਿਹੇ ਵਿਸ਼ਾਲ ਨਗਰ ਵਿਚ ਅਨੰਦ ਰੂਪ ਵਰਖਾ ਦੀ ਇਕ ਬੂੰਦ ਵੀ ਨਹੀਂ ਬਰਸ ਰਹੀ। ਇਸ ਨਗਰ ਵਿਚ ਗੂੰਜ ਰਹੀਆਂ ਮੰਗਲਮਈ ਸੰਗੀਤਕ ਧੁਨਾਂ ਵੀ ਗਾਇਬ ਹੋ ਗਈਆਂ ਹਨ ਜਾਂ ਕਹਿ ਲਉ, ਦੇਹੀ ਵਿਚ ਜੀਵਨ ਰੂਪ ਵਰਖਾ ਦੀ ਇਕ ਵੀ ਕਣੀ ਨਹੀਂ ਬਰਸ ਰਹੀ, ਜਿਸ ਕਰਕੇ ਜੀਵਨ ਵਿਚਲੀ ਬਰਸਾਤ ਦੀ ਰੌਣਕਮਈ ਰਿਮਝਿਮ ਦੀ ਗੂੰਜ ਵੀ ਸੁਣਾਈ ਨਹੀਂ ਦੇ ਰਹੀ।
ਫਿਰ ਭਗਤ ਜੀ ਆਪ ਹੀ ਜਵਾਬ ਦਿੰਦੇ ਹਨ ਕਿ ਅਸਲ ਵਿਚ ਜਿਹੜਾ ਆਤਮਾ ਜਾਂ ਮਨ ਇਸ ਦੇਹੀ ਵਿਚ ਰਹਿੰਦਾ ਤੇ ਬੋਲਦਾ ਸੀ, ਜਿਹੜਾ ਸੁਰਤ ਵਿਚ ਨਾਚ ਕਰਦਾ ਤੇ ਕਥਾ-ਕਹਾਣੀਆਂ ਸੁਣਾਉਂਦਾ ਸੀ, ਉਸ ਨੂੰ ਇਸ ਦੇਹੀ ਦਾ ਮਾਲਕ, ਪ੍ਰਭੂ ਇਸ ਦੇਹੀ ਵਿਚੋਂ ਲੈ ਗਿਆ ਹੈ।
ਜਿਸ ਮਨ ਨੇ ਇਸ ਦੇਹੀ ਨੂੰ ਆਪਣਾ ਢੋਲ ਸਮਝਿਆ ਹੋਇਆ ਸੀ, ਹੁਣ ਉਹ ਇਸ ਨੂੰ ਵਜਾਉਣ ਵਾਲਾ, ਇਸ ਵਿਚੋਂ ਚਲਾ ਗਿਆ ਹੈ। ਉਸ ਦੇ ਜਾਣ ਨਾਲ ਹੁਣ ਇਸ ਦੇਹੀ ਵਿਚੋਂ ਨਾ ਕੋਈ ਉਪਦੇਸ਼ ਸੁਣ ਰਿਹਾ ਹੈ, ਨਾ ਕੋਈ ਬੋਲ ਪੈਦਾ ਹੋ ਰਿਹਾ ਹੈ। ਨਾ ਹੀ ਇਸ ਵਿਚ ਸੁਰਤ ਨਜਰ ਆ ਰਹੀ ਹੈ। ਇਸ ਦਾ ਸਾਰਾ ਤਪ-ਤੇਜ ਮੁੱਕ ਗਿਆ ਹੈ।
ਹੇ ਬਾਬਾ! ਉਸ ਦੇ ਜਾਣ ਨਾਲ ਤੇਰੀ ਦੇਹੀ ਦੇ ਕੰਨਾਂ ਨੇ ਵੀ ਸੁਣਨਾ ਬੰਦ ਕਰ ਦਿੱਤਾ ਹੈ। ਤੇਰੇ ਸਾਰੇ ਅੰਗ ਨਿਰਬਲ ਹੋ ਗਏ ਹਨ। ਪੈਰ ਚੱਲਣੋਂ ਰਹਿ ਗਏ ਹਨ। ਹੱਥ ਢੈਲੇ (ਢਿੱਲੇ) ਪੈ ਗਏ ਹਨ। ਮੁਖ ਵਿਚੋਂ ਵੀ ਕੋਈ ਅਵਾਜ ਨਹੀਂ ਆ ਰਹੀ।
ਇਸ ਦੇਹੀ ਵਿਚਲੇ ਆਪਹੁਦਰੇ ਪੰਜ ਚੋਰ, ਭਾਵ ਸਾਰੇ ਵਿਕਾਰ ਵੀ ਹੁਣ ਥੱਕ ਹਾਰ ਗਏ ਹਨ। ਜਿਸ ਮਨ ਦਾ ਤੇਜ ਤੇ ਆਸਰਾ ਲੈ ਕੇ ਇਹ ਚੋਰ ਵਿਚਰਦੇ ਸਨ, ਉਹ ਹਾਥੀ ਜਿਹਾ ਬਲਵਾਨ ਮਨ ਵੀ ਹੰਭ ਗਿਆ ਹੈ। ਉਹ ਮਨ ਵੀ ਥੱਕ ਹਾਰ ਗਿਆ ਹੈ, ਜਿਸ ਕਾਰਣ ਇਹ ਦੇਹੀ ਤੁਰੀ ਫਿਰਦੀ ਸੀ।
ਮੌਤ ਉਪਰੰਤ ਤੇਰੀਆਂ ਦਸ ਦੀਆਂ ਦਸ ਇੰਦਰੀਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਤੂੰ ਆਪਣੇ ਸਾਰੇ ਮਿੱਤਰ-ਦੋਸਤ ਤੇ ਸਾਕ-ਸੰਬੰਧੀ ਛੱਡ ਦਿੱਤੇ ਹਨ। ਭਾਵ, ਇਸ ਦੇਹੀ ਦੇ ਮੂਲ ਪਰਮਾਤਮਾ ਦੀ ਅੰਸ਼ ਆਤਮਾ ਜਾਂ ਮਨ ਦੇ ਇਸ ਦੇਹੀ ਵਿਚੋਂ ਨਿਕਲ ਜਾਣ ਉਪਰੰਤ ਤੇਰੀ ਇਹ ਦੇਹੀ ਹੁਣ ਬੇਸੁਰਤ ਤੇ ਸੱਤਿਆਹੀਣ ਹੋ ਗਈ ਹੈ, ਪਰ ਇਸ ਨੂੰ ਮੁਕਤੀ ਨਹੀਂ ਕਹਿੰਦੇ।
ਭਗਤ ਕਬੀਰ ਜੀ ਇਸ ਸ਼ਬਦ ਰਾਹੀਂ ਮਿਰਤਕ ਦਾ ਲਮੇਰਾ ਦ੍ਰਿਸ਼ਟਾਂਤ ਪੇਸ਼ ਕਰਦੇ ਹੋਏ ਅੰਤ ਵਿਚ ਦੱਸਦੇ ਹਨ ਕਿ ਜਿਹੜਾ ਵੀ ਪ੍ਰਭੂ ਨੂੰ ਆਪਣੇ ਧਿਆਨ ਵਿਚ ਵਸਾ ਲੈਂਦਾ ਹੈ, ਉਹ ਮਿਰਤਕ ਦੇਹੀ ਦੀ ਤਰ੍ਹਾਂ ਜਿਉਂਦੇ-ਜੀਅ ਹੀ ਸਾਰੇ ਬੰਧਨ ਤੋੜ ਦਿੰਦਾ ਹੈ। ਉਹ ਜਿਉਂਦੇ-ਜੀਅ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਇਹੀ ਮਨੁਖਾ ਜੀਵਨ ਦਾ ਅਸਲ ਮਨੋਰਥ ਹੈ।
ਸਹੀ ਅਰਥਾਂ ਵਿਚ ਮੁਕਤੀ ਇਹੀ ਹੈ ਕਿ ਮਨੁਖ ਜਿਉਂਦੇ-ਜੀਅ ਹੀ, ਮਿਰਤਕ ਵਾਂਗ ਸੰਸਾਰ ਦੇ ਬੰਧਨਾਂ ਤੋਂ ਨਿਰਲੇਪ ਹੋ ਜਾਵੇ। ਪਰਮਹੰਸ ਦਾ ਇਹੀ ਗੁਣ ਹੈ ਕਿ ਉਹ ਪਾਣੀ ਵਿਚ ਰਹਿੰਦਾ ਹੋਇਆ ਵੀ ਅਭਿੱਜ ਰਹਿੰਦਾ ਹੈ। ਇਸੇ ਲਈ ਜੀਵਨ-ਮੁਕਤ ਮਨੁਖ ਨੂੰ ਪਰਮਹੰਸ ਦੀ ਪਦਵੀ ਨਾਲ ਸਨਮਾਨਿਆ ਜਾਂਦਾ ਹੈ।