ਭਗਤ ਕਬੀਰ ਜੀ ਦੀ ਇਹ ਬਾਣੀ ਚੰਦਰਮਾ ਦੀਆਂ ਪੰਦਰਾਂ ਥਿਤਾਂ ’ਤੇ ਅਧਾਰਤ ਹੈ। ਇਸ ਵਿਚ ਇਕ
ਸਲੋਕ ਅਤੇ ਸੋਲ੍ਹਾਂ
ਪਉੜੀਆਂ ਹਨ। ਇਸ ਬਾਣੀ ਵਿਚ ਭਗਤ ਕਬੀਰ ਜੀ ਦੱਸਦੇ ਹਨ ਕਿ ਸਭ ਕਾਸੇ ਦਾ ਕਰਤਾ ਪ੍ਰਭੂ ਹੈ। ਜਿਸ ਮਨੁਖ ਦਾ ਪਿਆਰ ਉਸ ਪ੍ਰਭੂ ਦੇ
ਨਾਮ ਨਾਲ ਪੈ ਜਾਂਦਾ ਹੈ, ਉਸ ਦਾ ਮਨ ਵਿਕਾਰਾਂ ਦੀ ਮੈਲ ਤੋਂ
ਮੁਕਤ ਹੋ ਕੇ ਪਵਿੱਤਰ ਹੋ ਜਾਂਦਾ ਹੈ। ਪ੍ਰਭੂ ਦੀ ਸਿਫਤਿ-ਸਾਲਾਹ ਵਿਚ ਜੁੜ ਕੇ ਉਹ ਹਮੇਸ਼ਾ ਵਿਕਾਰਾਂ ਤੋਂ ਸੁਚੇਤ ਰਹਿੰਦਾ ਹੈ। ਜਿਹੜਾ ਵੀ ਮਨੁਖ ਪ੍ਰਭੂ ਦੇ ਪ੍ਰੇਮ ਦਾ ਅਜਿਹਾ ਰਸ ਪੀਂਦਾ ਹੈ, ਉਹ ਸਭ ਪ੍ਰਕਾਰ ਦੇ ਦੁਖਾਂ ਤੋਂ ਮੁਕਤ ਹੋ ਜਾਂਦਾ ਹੈ। ਇਸ ਦੇ ਨਾਲ ਹੀ ਇਸ ਬਾਣੀ ਦੀਆਂ ਵਖ-ਵਖ ਪਉੜੀਆਂ ਵਿਚ ਮਨੁਖ ਨੂੰ ਇਛਾਵਾਂ ਨੂੰ ਦੂਰ ਕਰਨ, ਮਨ ਤੇ ਕਾਬੂ ਪਾਉਣ, ਪ੍ਰਭੂ ਦੇ ਨਾਮ ਦਾ ਵਿਚਾਰ ਕਰਨ,
ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣ, ਗੁਰੂ ਦੇ ਬਚਨ ਨੂੰ ਸਤਿ ਕਰ ਕੇ ਜਾਣਨ ਦੀ ਸੋਝੀ ਦਿੱਤੀ ਗਈ ਹੈ।
ਥਿਤੰੀ ॥
ਅੰਮਾਵਸ ਮਹਿ ਆਸ ਨਿਵਾਰਹੁ ॥
ਅੰਤਰਜਾਮੀ ਰਾਮੁ ਸਮਾਰਹੁ ॥
ਜੀਵਤ ਪਾਵਹੁ ਮੋਖ ਦੁਆਰ ॥
ਅਨਭਉ ਸਬਦੁ ਤਤੁ ਨਿਜੁ ਸਾਰ ॥੧॥
ਚਰਨ ਕਮਲ ਗੋਬਿੰਦ ਰੰਗੁ ਲਾਗਾ ॥
ਸੰਤ ਪ੍ਰਸਾਦਿ ਭਏ ਮਨ ਨਿਰਮਲ ਹਰਿ ਕੀਰਤਨ ਮਹਿ ਅਨਦਿਨੁ ਜਾਗਾ ॥੧॥ ਰਹਾਉ ॥
-ਗੁਰੂ ਗ੍ਰੰਥ ਸਾਹਿਬ ੩੪੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਅਮਾਵਸ ਮੱਸਿਆ ਨੂੰ ਕਹਿੰਦੇ ਹਨ ਤੇ ਮੱਸਿਆ ਉਹ ਰਾਤ ਹੁੰਦੀ ਹੈ, ਜਦੋਂ ਚੰਦਰਮਾ ਸੂਰਜ ਤੇ ਧਰਤੀ ਦੇ ਵਿਚਕਾਰ ਆ ਜਾਂਦਾ ਹੈ ਤੇ ਚੰਦਰਮਾ ਦੇ ਜਿਸ ਹਿਸੇ ’ਤੇ ਸੂਰਜ ਦੀ ਲੋਅ ਪੈਂਦੀ ਹੈ, ਉਹ ਧਰਤੀ ’ਤੇ ਨਜ਼ਰ ਨਹੀਂ ਆਉਂਦਾ। ਲੱਗਦਾ ਹੈ ਜਿਵੇਂ ਚੰਦਰਮਾ ਗਾਇਬ ਹੋ ਗਿਆ ਹੋਵੇ। ਅਸਮਾਨ ਸਾਫ ਹੋਵੇ ਤਾਂ ਉਸ ਰਾਤ ਸਿਰਫ ਤਾਰੇ ਹੀ ਨਜ਼ਰ ਆਉਂਦੇ ਹਨ।
ਪਰ ਇਥੇ ਮੱਸਿਆ ਦਾ ਹਨ੍ਹੇਰਾ ਅਗਿਆਨ ਵਾਲਾ ਹੈ ਤੇ ਅਗਿਆਨ ਵਿਚ ਮਨੁਖੀ ਮਨ ਦੀਆਂ ਇਛਾਵਾਂ ਖਲਬਲੀ ਮਚਾਉਣ ਲੱਗਦੀਆਂ ਹਨ। ਮਨੁਖ ਆਪਣੇ ਮਨ ਦੇ ਤ੍ਰਿਸ਼ਨਾਮਈ ਸੁਭਾਅ ਅਤੇ ਲਾਲਸਾਵਾਂ ਦੇ ਅਮੋੜ ਵਹਿਣ ਦੇ ਸਨਮੁਖ ਸਥਿਰ ਨਹੀ ਰਹਿ ਪਾਉਂਦਾ ਅਤੇ ਅਗਿਆਨਤਾ ਵਸ ਉਹ ਮੱਸਿਆ ਵਾਲੇ ਦਿਨ ਵਰਤ-ਇਸ਼ਨਾਨ ਆਦਿ ਵਰਗੇ ਕਰਮਕਾਂਡਾਂ ਦੁਆਰਾ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਵਾਲੇ ਪਾਸੇ ਤੁਰ ਪੈਂਦਾ ਹੈ। ਅਜਿਹੇ ਮਨੁਖ ਨੂੰ ਭਗਤ ਕਬੀਰ ਜੀ ਕਹਿੰਦੇ ਹਨ ਕਿ ਇਛਾਵਾਂ ਦਾ ਨਿਵਾਰਣ ਕਰੋ। ਨਿਵਾਰਣ ਤ੍ਰਿਸਕਾਰ ਨਹੀਂ ਹੁੰਦਾ ਬਲਕਿ ਹੱਲ ਹੁੰਦਾ ਹੈ ਤੇ ਹੱਲ ਲਈ ਸੋਝੀ ਚਾਹੀਦੀ ਹੈ।
ਫਿਰ ਇਹ ਸੋਝੀ ਕਿਥੋਂ ਆਵੇ? ਲੋਕਾਂ ਤੋਂ? ਪਰ ਉਹ ਤਾਂ ਆਪ ਆਸਾਂ ਇਛਾਵਾਂ ਵਿਚ ਪਿਸ ਰਹੇ ਹਨ। ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਕਿ ਇਛਾਵਾਂ ਦੇ ਨਿਵਾਰਣ ਦਾ ਹੱਲ ਕੀ ਹੈ। ਇਸ ਲਈ ਭਗਤ ਕਬੀਰ ਜੀ ਕਹਿੰਦੇ ਹਨ ਕਿ ਪਰੇਸ਼ਾਨ ਹੋਣ ਦੀ ਲੋੜ ਨਹੀਂ। ਜੇ ਸੱਚਮੁਚ ਜੀਵਨ ਦਾ ਅੰਨਦ ਲੈਣਾ ਹੈ ਤਾਂ ਫਿਰ ਜਰੂਰੀ ਹੈ ਕਿ ਦਿਲਾਂ ਦੀਆਂ ਜਾਣਨ ਵਾਲੇ ਸਮਰੱਥ ਪ੍ਰਭੂ ਦੀ ਸਿਫਤਿ-ਸਾਲਾਹ ਨੂੰ ਆਪਣੇ ਹਿਰਦੇ ਵਿਚ ਧਾਰਨ ਕੀਤਾ ਜਾਵੇ ਅਤੇ ਮਨੁਖ ਜਿਨ੍ਹਾਂ ਆਸਾਂ ਦੀ ਟੇਕ ਲੈ ਕਿ ਬੈਠਾ ਉਨ੍ਹਾਂ ਨੂੰ ਛੱਡਕੇ, ਆਪਣੇ ਮਨ ਨੂੰ ਕਾਬੂ ਵਿਚ ਕਰੇ।
ਅਗਿਆਨੀ ਲੋਕ ਇਨ੍ਹਾਂ ਥਿਤਾਂ ਨਾਲ ਜੁੜੇ ਕਰਮ-ਧਰਮ ਇਸ ਲਈ ਵੀ ਕਰਦੇ ਹਨ ਤਾਂਕਿ ਉਹ ਮਰਨ ਪਿੱਛੋਂ ਮੁਕਤੀ ਹਾਸਲ ਕਰ ਸਕਣ, ਉਨ੍ਹਾਂ ਨੂੰ ਪ੍ਰਭੂ ਦਾ ਦਰ ਮਿਲ ਸਕੇ। ਪਰ ਜਦ ਗੁਰੂ-ਸ਼ਬਦ ਅਤੇ ਸਾਧ-ਸੰਗਤ ਦੀ ਬਖਸ਼ਿਸ਼ ਹੁੰਦੀ ਹੈ ਤਾਂ ਮਨੁਖ ਜਿਉਂਦੇ-ਜੀਅ ਹੀ ਵਹਿਮਾਂ-ਭਰਮਾਂ, ਵਿਸ਼ੇ-ਵਿਕਾਰਾਂ, ਦੁਖਾਂ ਆਦਿ ਤੋਂ ਪ੍ਰਭੂ ਯਾਦ ਆਸਰੇ ਛੁਟਕਾਰਾ ਪਾ ਲੈਂਦਾ ਹੈ ਭਾਵ ਬੰਦ-ਖਲਾਸੀ ਹਾਸਲ ਕਰ ਲੈਂਦਾ ਹੈ। ਗੁਰੂ-ਸ਼ਬਦ ਸਦਕਾ ਜਿਥੇ ਮਨੁਖ ਦਾ ਆਪਣਾ ਨਿਰੋਲ ਅਸਲਾ ਪ੍ਰਗਟ ਹੋ ਜਾਂਦਾ ਹੈ, ਉਥੇ ਹੀ ਇਸ ਅਨੁਭਵੀ ਅਵਸਥਾ ਦੁਆਰਾ ਉਹ ਪ੍ਰਭੂ ਨੂੰ ਹਰ ਥਾਂ ਅਤੇ ਹਰ ਸਮੇਂ ਅਨੁਭਵ ਕਰਦਾ ਹੈ।
ਰਹਾਉ ਵਾਲੇ ਬੰਦ ਵਿਚ ਭਗਤ ਕਬੀਰ ਜੀ ਇਸ ਬਾਣੀ ਦਾ ਕੇਂਦਰੀ ਨੁਕਤਾ ਸਾਂਝਾ ਕਰਦਿਆਂ ਆਖਦੇ ਹਨ ਕਿ ਜਿਸ ਮਨੁਖ ਨੇ ਕਰਮਕਾਂਡਾਂ ਵੱਲੋਂ ਆਪਣੇ ਮਨ ਨੂੰ ਮੋੜ ਕੇ ਗੁਰੂ ਸ਼ਬਦ ਅਤੇ ਸਾਧ-ਸੰਗਤ ਦੀ ਕਿਰਪਾ ਸਦਕਾ ਰੱਬੀ ਸਿਫਤਿ-ਸਾਲਾਹ ਵਿਚ ਜੋੜ ਲਿਆ ਹੈ, ਉਸ ਦੇ ਮਨ ਉਪਰ ਚੜੀ ਹੋਈ ਵਿਸ਼ੇ-ਵਿਕਾਰਾਂ ਦੀ ਮੈਲ ਨਾਮ ਜਲ ਸਦਕਾ ਹਮੇਸ਼ਾ ਵਾਸਤੇ ਲੱਥ ਜਾਂਦੀ ਹੈ। ਉਸ ਮਨੁਖ ਦਾ ਹਿਰਦਾ ਬਿਲਕੁਲ ਸ਼ੁਧ ਹੋ ਜਾਂਦਾ ਹੈ। ਉਸ ਦੀ ਸੋਚ ਅਤੇ ਖਿਆਲ ਪਵਿੱਤਰ ਹੋ ਜਾਂਦੇ ਹਨ। ਗੁਰੂ-ਸ਼ਬਦ ਦੁਆਰਾ ਪ੍ਰਭੂ ਦੀ ਸਿਫਤਿ-ਸਾਲਾਹ ਦੇ ਮਾਰਗ ’ਤੇ ਤੁਰਦਿਆਂ ਮਨੁਖ ਆਤਮਕ ਤਲ ’ਤੇ ਵਿਕਾਰਾਂ ਵੱਲੋਂ ਹਰ ਸਮੇਂ ਸੁਚੇਤ ਰਹਿੰਦਾ ਹੈ। ਇਸੇ ਨੂੰ ਹੀ ਜਾਗ੍ਰਿਤ ਅਵਸਥਾ ਆਖਿਆ ਜਾਂਦਾ ਹੈ।