ਸਲੋਕ ਵਿਚ ਦੱਸਿਆ ਗਿਆ ਹੈ ਕਿ
ਮਾਇਆ ਨੇ ਮਨੁਖ ਦੇ ਮਨ ਉੱਤੇ ਪੂਰੀ ਤਰ੍ਹਾਂ ਪ੍ਰਭਾਵ ਪਾਇਆ ਹੋਇਆ ਹੈ। ਕੋਈ ਵਿਰਲਾ ਮਨੁਖ ਹੀ ਪ੍ਰਭੂ ਦੇ ਗੁਣਾਂ ਦਾ ਚਿੰਤਨ ਕਰ ਕੇ ਇਸ ਪ੍ਰਭਾਵ ਤੋਂ ਮੁਕਤ ਹੁੰਦਾ ਹੈ।
ਪਉੜੀ ਵਿਚ ਉਪਦੇਸ਼ ਹੈ ਕਿ ਮਨੁਖ ਮਾਇਆ ਦੇ ਪ੍ਰਭਾਵ ਹੇਠ ਵਿਸ਼ੇ ਵਿਕਾਰਾਂ ਵਿਚ ਉਲਝ ਜਾਂਦੇ ਹਨ। ਉਨ੍ਹਾਂ ਦਾ ਜੀਵਨ ਹੰਕਾਰ, ਸਹਿਮ, ਦੁਖ ਅਤੇ ਕਲੇਸ਼ ਵਿਚ ਬਤੀਤ ਹੁੰਦਾ ਹੈ। ਇਨ੍ਹਾਂ ਤੋਂ ਬਚਣ ਲਈ ਪ੍ਰਭੂ ਅੱਗੇ ਅਰਦਾਸ-ਬੇਨਤੀ ਕਰਨੀ ਅਤੇ ਪ੍ਰਭੂ ’ਤੇ ਹੀ ਆਸ ਰਖਣੀ ਚਾਹੀਦੀ ਹੈ।
ਪਉੜੀ ॥
ਤ੍ਰਿਤੀਆ ਤ੍ਰੈ ਗੁਣ ਬਿਖੈ ਫਲ ਕਬ ਉਤਮ ਕਬ ਨੀਚੁ ॥
ਨਰਕ ਸੁਰਗ ਭ੍ਰਮਤਉ ਘਣੋ ਸਦਾ ਸੰਘਾਰੈ ਮੀਚੁ ॥
ਹਰਖ ਸੋਗ ਸਹਸਾ ਸੰਸਾਰੁ ਹਉ ਹਉ ਕਰਤ ਬਿਹਾਇ ॥
ਜਿਨਿ ਕੀਏ ਤਿਸਹਿ ਨ ਜਾਣਨੀ ਚਿਤਵਹਿ ਅਨਿਕ ਉਪਾਇ ॥
ਆਧਿ ਬਿਆਧਿ ਉਪਾਧਿ ਰਸ ਕਬਹੁ ਨ ਤੂਟੈ ਤਾਪ ॥
ਪਾਰਬ੍ਰਹਮ ਪੂਰਨ ਧਨੀ ਨਹ ਬੂਝੈ ਪਰਤਾਪ ॥
ਮੋਹ ਭਰਮ ਬੂਡਤ ਘਣੋ ਮਹਾ ਨਰਕ ਮਹਿ ਵਾਸ ॥
ਕਰਿ ਕਿਰਪਾ ਪ੍ਰਭ ਰਾਖਿ ਲੇਹੁ ਨਾਨਕ ਤੇਰੀ ਆਸ ॥੩॥
-ਗੁਰੂ ਗ੍ਰੰਥ ਸਾਹਿਬ ੨੯੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪਾਤਸ਼ਾਹ ਤੀਜੀ ਥਿਤ ਦੇ ਹਵਾਲੇ ਨਾਲ ਭਾਰਤੀ ਪਰੰਪਰਾ ਵਿਚ ਪ੍ਰਚਲਤ ਤਿੰਨ ਗੁਣਾ ਰਜੋ, ਤਮੋ ਅਤੇ ਸਤੋ ਦਾ ਜਿਕਰ ਛੇੜਦੇ ਹਨ ਕਿ ਇਨ੍ਹਾਂ ਦਾ ਨਤੀਜਾ ਹਰ ਹਾਲਤ ਵਿਚ ਮਾਰੂ ਹੀ ਹੈ, ਕਿਉਂਕਿ ਮਾਇਆ ਦੇ ਇਹ ਤਿੰਨੇ ਗੁਣ ਮਨੁਖ ਨੂੰ ਹਮੇਸ਼ਾ ਝੂਠੇ ਅਹਿਸਾਸ ਵਿਚ ਰਖਦੇ ਹਨ। ਕਦੇ ਮਨੁਖ ਨੂੰ ਲੱਗਦਾ ਹੈ ਕਿ ਉਹ ਬਹੁਤ ਮਹਾਨ ਹੋ ਗਿਆ ਹੈ ਤੇ ਕਦੇ ਲੱਗਦਾ ਹੈ ਕਿ ਉਹ ਤਾਂ ਕੁਝ ਵੀ ਨਹੀਂ। ਉੱਤਮ ਅਤੇ ਹੀਣ ਹੋਣ ਦੇ ਦੋਵੇਂ ਭਾਵ ਮਨੁਖ ਨੂੰ ਮਨੁਖ ਨਹੀਂ ਰਹਿਣ ਦਿੰਦੇ ਤੇ ਹਰ ਹਾਲ ਮਨੁਖ ਡਿਗਦਾ ਹੀ ਡਿਗਦਾ ਹੈ। ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਦ ਕੀ ਹੋ ਜਾਣਾ ਹੈ। ਜੀਵਨ ਦੇ ਉਤਰਾ-ਚੜਾਅ, ਨਰਕ-ਸੁਰਗ ਦੀ ਭਟਕਣ ਵਿਚ ਪਏ ਮਨੁਖ ਨੂੰ ਮੌਤ ਦਾ ਡਰ ਤਿਲ-ਤਿਲ ਕਰਕੇ ਹਰ ਵੇਲੇ ਮਾਰਦਾ ਹੈ।
ਪਾਤਸ਼ਾਹ ਦੱਸਦੇ ਹਨ ਕਿ ਇਸ ਸੰਸਾਰ ਵਿਚ ਮਨੁਖ ਕਦੇ ਸੋਗਵਾਨ ਹੁੰਦਾ ਹੈ ਤੇ ਕਦੀ ਖੁਸ਼ੀ ਵਿਚ ਉੱਛਲਦਾ ਹੈ। ਦੋਹਾਂ ਹਾਲਤਾਂ ਵਿਚ ਹੀ ਸ਼ੰਕਾ ਬਣਿਆ ਰਹਿੰਦਾ ਹੈ। ਦੁਖ ਦਾ ਸ਼ੰਕਾ ਇਹ ਰਹਿੰਦਾ ਹੈ ਕਿ ਇਹ ਹੁਣ ਹਟੇਗਾ ਵੀ ਕਿ ਨਹੀਂ ਤੇ ਸੁਖ ਦਾ ਸ਼ੰਕਾ ਇਹ ਰਹਿੰਦਾ ਹੈ ਕਿ ਇਹ ਰਹੇਗਾ ਵੀ ਕਿ ਨਹੀਂ। ਸ਼ੰਕਾਲੂ ਬਿਰਤੀ, ਮਨੁਖ ਦੇ ਦੁਖ ਵਿਚ ਹੋਰ ਵਾਧਾ ਕਰ ਦਿੰਦੀ ਹੈ ਤੇ ਸੁਖ ਨੂੰ ਵੀ ਇਕ ਕਿਸਮ ਦਾ ਗ੍ਰਹਿਣ ਲਾਈ ਰਖਦੀ ਹੈ। ਮਨੁਖ ਸੁਖੀ ਹੁੰਦਾ ਹੋਇਆ ਵੀ ਦੁਖੀ ਹੀ ਰਹਿੰਦਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਫਿਰ ਵੀ ਮਨੁਖ ਸ਼ੰਕੇ ਦੀ ਜੜ੍ਹ ਹਉਮੈ ਦਾ ਕਦੇ ਤਿਆਗ ਨਹੀਂ ਕਰਦਾ ਤੇ ਸਦਾ ਮੈਂ-ਮੈਂ ਦਾ ਰਾਗ ਅਲਾਪਦਾ ਰਹਿੰਦਾ ਹੈ। ਇਸ ਰਾਗ ਦੇ ਅਲਾਪ ਵਿਚ ਹੀ ਉਸ ਦੀ ਉਮਰ ਬੀਤ ਜਾਂਦੀ ਹੈ। ਦੁਖ ਵਿਚ ਉਸ ਨੂੰ ਲੱਗਦਾ ਹੈ ਕਿ ਸਿਰਫ ਉਹ ਹੀ ਦੁਖੀ ਹੈ ਤੇ ਬਾਕੀ ਸਾਰੇ ਖੁਸ਼ ਹਨ। ਇਸੇ ਤਰ੍ਹਾਂ ਖੁਸ਼ੀ ਵਿਚ ਉਸ ਨੂੰ ਲੱਗਦਾ ਹੈ ਕਿ ਸਿਰਫ ਉਹੀ ਜਿੰਦਗੀ ਦਾ ਅਨੰਦ ਲੈ ਰਿਹਾ ਹੈ, ਬਾਕੀ ਸਾਰੇ ਲੋਕ ਦੁਖੀ ਹਨ।
ਅਜਿਹਾ ਮਨੁਖ ਉਸ ਨੂੰ ਜਾਣਨ ਦੀ ਬਿਲਕੁਲ ਕੋਸ਼ਿਸ਼ ਨਹੀਂ ਕਰਦਾ, ਜਿਸ ਨੇ ਉਸ ਨੂੰ ਪੈਦਾ ਕੀਤਾ ਹੈ ਤੇ ਇਹ ਸਾਰੇ ਨਿਯਮ ਬਣਾਏ ਹਨ, ਬਲਕਿ ਇਨ੍ਹਾਂ ਦੇ ਅਨੇਕ ਤਰ੍ਹਾਂ ਦੇ ਇਲਾਜ ਸੋਚਦਾ ਰਹਿੰਦਾ ਹੈ। ਇਨ੍ਹਾਂ ਦੀ ਅਸਲ ਜੜ੍ਹ ਵੱਲ ਕਦੇ ਧਿਆਨ ਨਹੀਂ ਦਿੰਦਾ।
ਮਨੋਵਿਗਿਆਨ ਦੱਸਦਾ ਹੈ ਕਿ ਜਦ ਕਿਸੇ ਨੂੰ ਆਪਣੇ ਅੰਦਰ ਕੋਈ ਕਮੀ ਮਹਿਸੂਸ ਹੁੰਦੀ ਹੈ ਤਾਂ ਉਹ ‘ਅਧ ਜਲ ਗਗਰੀ ਛਲਕਤ ਜਾਇ’ ਦੇ ਅਖਾਣ ਮੂਜਬ, ਮੈਂ-ਮੈਂ ਕਰਕੇ ਉਸ ਕਮੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਇਕ ਮਨੋਰੋਗ ਹੈ ਤੇ ਇਸ ਨੂੰ ਊਣ ਜਾਂ ਕਮੀ ਦੇ ਅਰਥਾਂ ਵਿਚ ਆਧੀ ਕਿਹਾ ਜਾਂਦਾ ਹੈ।
ਇਸ ਰੋਗ ਦੀ ਪ੍ਰਕਿਰਤੀ ਅਤੇ ਪ੍ਰਵਿਰਤੀ ਮਨੋ-ਦੈਹਿਕ (psychosomatic) ਹੈ, ਜਿਸ ਕਰਕੇ ਇਹ ਕਮੀ ਮਾਨਸਕਤਾ ਤੋਂ ਦੇਹ ਵਿਚ ਪ੍ਰਵੇਸ਼ ਕਰ ਜਾਂਦੀ ਹੈ। ਦੇਹੀ ਵਿਚ ਪ੍ਰਵੇਸ਼ ਹੋਈ ਕਮੀ ਜਾਂ ਊਣ ਨੂੰ ਆਧੀ ਰੋਗ ਦੀ ਦੂਸਰੀ ਸਥਿਤੀ ਦੇ ਅਰਥਾਂ ਵਿਚ ਵਿਆਧੀ ਕਿਹਾ ਜਾਂਦਾ ਹੈ। ਵਿਆਧੀ ਅਜਿਹੀ ਊਣ ਜਾਂ ਕਮੀ ਹੈ, ਜੋ ਮਾਨਸਕ ਨਹੀਂ ਰਹਿੰਦੀ, ਬਲਕਿ ਦੇਹੀ ਵਿਚ ਸੱਚਮੁਚ ਦੀ ਕਮੀ ਬਣਕੇ ਪ੍ਰਗਟ ਹੋ ਜਾਂਦੀ ਹੈ, ਜਿਸ ਨੂੰ ਕਮਜੋਰੀ ਕਿਹਾ ਜਾਂਦਾ ਹੈ। ਦੇਹੀ ਦੀ ਕਮਜੋਰੀ ਰੋਗਾਂ ਨਾਲ ਲੜਨ ਦੀ ਸਮਰੱਥਾ ਖਤਮ ਕਰ ਦਿੰਦੀ ਹੈ ਤੇ ਮਨੁਖ ਰੋਗੀ ਰਹਿਣ ਲੱਗ ਪੈਂਦਾ ਹੈ। ਫਿਰ ਇਹ ਕਮੀ ਜਾਂ ਊਣ ਉਸ ਦੇ ਉਪ, ਅਰਥਾਤ ਆਸ-ਪਾਸ ਰਹਿਣ ਵਾਲੇ ਸਮਾਜਕ ਰਿਸ਼ਤਿਆਂ ਦੀ ਮਾਨਸਕਤਾ ਵਿਚ ਪ੍ਰਵੇਸ਼ ਕਰ ਜਾਂਦੀ ਹੈ ਤੇ ਇਸ ਤਰ੍ਹਾਂ ਆਧੀ, ਵਿਆਧੀ ਤੇ ਉਪਾਧੀ ਦੇ ਚੱਕਰ ਵਿਚ ਸਾਰਾ ਸਮਾਜ ਰੋਗੀ ਹੋ ਜਾਂਦਾ ਹੈ। ਫਿਰ ਇਸ ਰੋਗ ਦਾ ਤਾਪ-ਚੱਕਰ ਕਿਸੇ ਪ੍ਰਕਾਰ ਨਹੀਂ ਟੁੱਟਦਾ। ਇਸ ਊਣੇਪਣ ਜਾਂ ਆਧੀ ਦੇ ਚੱਕਰ ਵਿਚ ਨਿਰਬਲ ਅਤੇ ਨਿਰਧਨ ਹੋਇਆ ਮਨੁਖ ਉਸ ਪੂਰਨ ਧਨੀ ਪਾਰਬ੍ਰਹਮ ਦੇ ਪ੍ਰਤਾਪ ਦੀ ਸੋਝੀ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰਦਾ।
ਪਾਤਸ਼ਾਹ ਦੱਸਦੇ ਹਨ ਕਿ ਮਨੁਖ ਕਿਸੇ ਮੋਹ ਕਾਰਣ ਵਹਿਮ ਸਿਰਜ ਲੈਂਦਾ ਹੈ ਤੇ ਫਿਰ ਉਸ ਵਹਿਮ ਵਿਚ ਇਸ ਹੱਦ ਤਕ ਗਲਤਾਨ ਹੋ ਜਾਂਦਾ ਹੈ, ਜਿਵੇਂ ਉਸ ਦਾ ਵਾਸ ਨਰਕ ਵਿਚ ਹੋ ਗਿਆ ਹੋਵੇ। ਅਖੀਰ ਵਿਚ ਪਾਤਸ਼ਾਹ ਇਸ ਰੋਗ ਦੇ ਬਚਾਅ ਲਈ ਉਸ ਪ੍ਰਭੂ ਅੱਗੇ ਅਰਦਾਸ ਕਰਦੇ ਹਨ ਕਿ ਹੇ ਪ੍ਰਭੂ! ਕਿਰਪਾ ਕਰ ਕੇ ਸਾਨੂੰ ਮਾਇਆ ਦੇ ਇਸ ਮੋਹ ਤੋਂ ਬਚਾਅ ਲਉ। ਤੁਹਾਡਾ ਆਸਰਾ ਹੀ ਸਾਨੂੰ ਹੀ ਬਚਾਅ ਸਕਦਾ ਹੈ।