ਦੂਜੇ ਪਦੇ ਵਿਚ ਪ੍ਰਭੂ ਨਾਲ ਆਤਮਕ-ਮੇਲ ਦੇ ਚਾਹਵਾਨ ਜਗਿਆਸੂ ਨੂੰ ਗੁਰ-ਸ਼ਬਦ ਰਾਹੀਂ ਹਉਮੈ ਆਦਿਕ ਵਿਕਾਰਾਂ ਨੂੰ ਦੂਰ ਕਰਨ, ਵਿਆਪਕ-ਪ੍ਰਭੂ ਦੀ ਹੋਂਦ ਦਾ ਅਹਿਸਾਸ ਕਰਨ ਅਤੇ ਉਸ ਦੇ ਨਿਰਮਲ-ਭਉ ਵਿਚ ਵਿਚਰਨ ਦਾ ਉਪਦੇਸ਼ ਹੈ।
ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਉ ॥
ਨਿਰਭਉ ਭੈ ਮਨੁ ਹੋਇ ਹਉਮੈ ਮੈਲੁ ਗਵਾਇਆ ਬਲਿ ਰਾਮ ਜੀਉ ॥
ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮੁ ਹਦੂਰੇ ॥
ਹਰਿ ਆਤਮ ਰਾਮੁ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ॥
ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਮਿਲਿ ਹਰਿ ਜਨ ਮੰਗਲ ਗਾਏ ॥
ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ ॥੨॥
-ਗੁਰੂ ਗ੍ਰੰਥ ਸਾਹਿਬ ੭੭੩-੭੭੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪਹਿਲੀ ਲਾਵ ਵਿਚ ਪਰਵਿਰਤੀ ਮਾਰਗ ਦਾ ਸੰਕਲਪ ਲਿਆ ਗਿਆ ਸੀ। ਦੂਜੀ ਲਾਵ ਵਿਚ ਦੱਸਿਆ ਹੈ ਕਿ ਪਰਵਿਰਤੀ ਮਾਰਗ ’ਤੇ ਤੁਰੇ ਗੁਰਮਤਿ ਦੇ ਪਾਂਧੀ ਦਾ ਮਨ ਗੁਰ-ਸ਼ਬਦ ਨਾਲ ਜੁੜ ਜਾਂਦਾ ਹੈ। ਗੁਰ-ਸ਼ਬਦ ਦੀ ਬਰਕਤ ਨਾਲ ਉਸ ਦਾ ਮਨ ਨਿਰਭਉ ਵਾਹਿਗੁਰੂ ਦੇ ਭੈਅ ਵਿਚ ਆ ਜਾਂਦਾ ਹੈ, ਜਿਸ ਸਦਕਾ ਹਉਮੈ ਦੀ ਮੈਲ ਕੱਟੀ ਜਾਂਦੀ ਹੈ। ਜੋ ਵਾਹਿਗੁਰੂ ਤੋਂ ਨਹੀਂ ਡਰਦੇ ਉਨ੍ਹਾਂ ਨੂੰ ਦੁਨਿਆਵੀ ਡਰ ਸਤਾਉਂਦਾ ਹੈ ਤੇ ਜਿਨ੍ਹਾਂ ਦੇ ਮਨ ਵਿਚ ਵਾਹਿਗੁਰੂ ਦਾ ਡਰ ਪੈਦਾ ਹੋ ਜਾਂਦਾ ਹੈ, ਉਨ੍ਹਾਂ ਦਾ ਦੁਨਿਆਵੀ ਡਰ ਵੀ ਦੂਰ ਹੋ ਜਾਂਦਾ ਹੈ ਤੇ ਮਨ ਦਾ ਹੰਕਾਰ ਵੀ ਮਿਟ ਜਾਂਦਾ ਹੈ।
ਇਥੇ ਇਹ ਵੀ ਜ਼ਿਕਰਜੋਗ ਹੈ ਕਿ ਰੱਬੀ ਭੈਅ ਦਾ ਭਾਵ ਡਰ ਨਹੀਂ ਬਲਕਿ ਪ੍ਰਭੂ ਪ੍ਰਤੀ ਅਦਬ ਤੇ ਸਤਿਕਾਰ ਹੈ, ਜਿਹੜਾ ਉਸ ਦੀਆਂ ਬਖਸ਼ਿਸ਼ਾਂ ਤੇ ਸ਼ਕਤੀਆਂ ਨੂੰ ਦੇਖ ਕੇ ਵਿਸਮਾਦੀ ਭਾਵ ਅਧੀਨ ਪੈਦਾ ਹੁੰਦਾ। ਦੁਨਿਆਵੀ ਭੈਅ ਦੇ ਮੁਕਾਬਲੇ ਰੱਬੀ ਭੈਅ ਨਿਰਮਲ ਹੁੰਦਾ ਹੈ। ਇਸ ਅਧੀਨ ਵਿਚਰਦਾ ਮਨੁਖ ਪ੍ਰਭੂ ਦੇ ਗੁਣਾਂ ਨੂੰ ਗਾਉਂਦਾ ਤੇ ਉਸ ਨੂੰ ਹਰ ਸਮੇਂ ਹਾਜ਼ਰ-ਨਾਜ਼ਰ ਅਨੁਭਵ ਕਰਦਾ ਹੈ। ਉਸ ਨੂੰ ਸਾਰੇ ਜੀਵਾਂ, ਸਾਰੀਆਂ ਥਾਂਵਾਂ ਆਦਿ ਵਿਚ ਪ੍ਰਭੂ ਦਾ ਹੀ ਪਸਾਰਾ ਨਜ਼ਰ ਅਉਂਦਾ ਹੈ।
ਇਸ ਅਵਸਥਾ ਵਿਚ ਮਨੁਖ ਨੂੰ ਆਪਣੇ ਅੰਦਰ ਵੀ ਤੇ ਬਾਹਰ ਵੀ ਇਕ ਉਹੀ ਨਜ਼ਰ ਆਉਂਦਾ ਹੈ ਤੇ ਉਸ ਨੂੰ ਮਿਲ ਕੇ ਮਨੁਖ ਖੁਸ਼ੀ ਵਿਚ ਗਾਉਣ ਲੱਗ ਪੈਂਦਾ ਹੈ। ਉਸ ਪ੍ਰਭੂ ਨੂੰ ਸਰਬ-ਵਿਆਪਕ ਅਨੁਭਵ ਕਰਨ ਵਾਲਾ ਮਨੁਖ ਦੂਜੇ ਮਨੁਖਾਂ ਨਾਲ ਮਿਲ ਕੇ ਇਸ ਅਵਸਥਾ ਨੂੰ ਮਾਣਦਾ ਹੋਇਆ, ਪ੍ਰਭੂ ਦੀ ਸਿਫਤ-ਸਲਾਹ ਕਰਦਾ ਹੈ। ਇਥੇ ਪ੍ਰਭੂ ਦੀ ਸਿਫਤ-ਸਲਾਹ ਲਈ ‘ਮੰਗਲ’ ਸ਼ਬਦ ਆਇਆ ਹੈ। ‘ਮੰਗਲ’ ਖੁਸ਼ੀ ਅਥਵਾ ਅਨੰਦ ਦਾ ਗੀਤ ਹੁੰਦਾ ਹੈ। ਜਗਿਆਸੂ ਲਈ ਇਹ ਸਥਿਤੀ ਬੇਹੱਦ ਆਨੰਦਮਈ ਹੁੰਦੀ ਹੈ।
ਅਨਹਦ ਨਾਦ ਉਸ ਸੰਗੀਤਕ ਧੁਨ ਨੂੰ ਕਹਿੰਦੇ ਹਨ, ਜਿਸ ਦਾ ਕੋਈ ਆਦਿ ਤੇ ਅੰਤ ਨਹੀਂ ਹੈ। ਦੂਜੀ ਲਾਵ ਦੌਰਾਨ ਹੋਏ ਮਾਨਵੀ ਅਤੇ ਰੱਬੀ ਮਿਲਾਪ ਕਾਰਣ ਕੰਨਾਂ ਵਿਚ ਸਦੀਵੀ ਸੰਗੀਤ ਗੂੰਜ ਰਿਹਾ ਹੈ। ਜਿਹੋ ਜਿਹੀ ਮਨੁਖ ਦੀ ਮਾਨਸਕ ਅਤੇ ਆਤਮਕ ਦਸ਼ਾ ਹੁੰਦੀ ਹੈ, ਉਸ ਨੂੰ ਸਾਰਾ ਕੁਝ ਉਹੋ ਜਿਹਾ ਹੀ ਮਹਿਸੂਸ ਹੁੰਦਾ ਹੈ। ਅੰਦਰਲਾ ਅਨੰਦ ਬ੍ਰਹਿਮੰਡ ਤਕ ਫੈਲ ਜਾਂਦਾ ਹੈ। ਅਨੰਦ ਦੀ ਘੜੀ ਵਿਚ ਹਰ ਪਾਸੇ ਅਨੰਦ ਹੀ ਅਨੰਦ ਮਹਿਸੂਸ ਹੁੰਦਾ ਹੈ। ਦੂਜੀ ਲਾਵ ਦਾ ਇਹੀ ਭਾਵ ਹੈ।
ਮਨੁਖ ਦੀ ਫਿਤਰਤ ਹੈ ਕਿ ਜਦ ਉਹ ਖੁਸ਼ ਹੁੰਦਾ ਹੈ ਤਾਂ ਅਕਸਰ ਗੁਣਗੁਣਾਉਣ ਲੱਗ ਜਾਂਦਾ ਹੈ। ਇਹ ਗੁਣਗੁਣਾਉਣਾ ਅਸਲ ਵਿਚ ਵਾਹਿਗੁਰੂ ਦੇ ਮਿਲਾਪ ਦੀ ਖੁਸ਼ੀ ਵਿਚ ਹੋ ਰਿਹਾ ਉਸੇ ਦਾ ਗੁਣ ਗਾਇਨ ਹੈ। ਇਹੀ ਵਾਹਿਗੁਰੂ ਮਿਲਾਪ ਦੇ ਪੰਧ ਦਾ ਦੂਜਾ ਪੜਾਅ ਹੈ, ਜਿਸ ਦੀ ਖੁਸ਼ੀ ਵਿਚ ਹੋ ਰਹੇ ਗੁਣ ਗਾਇਨ ਦਾ ਬੇਰੋਕ ਪ੍ਰਵਾਹ ਚੱਲ ਪੈਂਦਾ ਹੈ। ਭਾਵ, ਪ੍ਰਭੂ ਨਾਲ ਜਗਿਆਸੂ ਦੇ ਆਤਮਕ-ਮੇਲ ਦੇ ਇਸ ਦੂਜੇ ਪੜਾਅ ਵਿਚ ਗੁਰ-ਸ਼ਬਦ ਦੀ ਬਰਕਤ ਨਾਲ ਜਗਿਆਸੂ ਦੇ ਮਨ ਅੰਦਰ ਪੂਰਨ ਅਨੰਦ ਪੈਦਾ ਹੋ ਜਾਂਦਾ ਹੈ।